ਨਵੀਂ ਦਿੱਲੀ : ਅਫ਼ਗਾਨਿਸਤਾਨ ਦੇ ਜਲਾਲਾਬਾਦ ਸ਼ਹਿਰ ਵਿਖੇ ਬੀਤੇ ਦਿਨੀਂ ਸਿੱਖ ਆਗੂਆਂ ’ਤੇ ਹੋਏ ਆਤਮਘਾਤੀ ਹਮਲੇ ਦੇ ਵਿਰੋਧ ’ਚ ਸਿੱਖ ਸੰਗਠਨਾਂ ਵੱਲੋਂ ਅਫ਼ਗਾਨ ਦੂਤਘਰ ਤਕ ਰੋਸ਼ ਮਾਰਚ ਕੱਢਿਆ ਗਿਆ। ਤੀਨ ਮੂਰਤੀ ਚੌਂਕ ਤੋਂ ਸ਼ੁਰੂ ਹੋ ਕੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਸੰਗਤਾਂ ਨੇ ਜਦੋਂ ਅਫ਼ਗਾਨ ਦੂਤਘਰ ਵੱਲ ਤੁਰਨਾ ਸ਼ੁਰੂ ਕੀਤਾ ਤਾਂ ਪੁਲਿਸ ਨੇ ਅੜਿੱਕੇ ਖੜੇ ਕਰਕੇ ਰੋਸ਼ ਮਾਰਚ ਨੂੰ ਥਾਣਾ ਚਾਣਿਕਯਪੁਰੀ ਦੇ ਬਾਹਰ ਰੋਕ ਦਿੱਤਾ। ਇਸਤੋਂ ਪਹਿਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਮ੍ਰਿਤਕ ਦੇਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਅਕਾਲੀ ਸਾਂਸਦ ਸੁਖਦੇਵ ਸਿੰਘ ਢੀਂਡਸਾ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਮਾਰਚ ਦੀ ਅਗਵਾਈ ਕੀਤੀ। ਇਸ ਮੌਕੇ ਰੋਸ਼ ਵੱਜੋਂ ਸੰਗਤਾਂ ਨੇ ਹੱਥ ’ਚ ਨਾਰੇ ਲਿੱਖੀਆਂ ਤਖਤੀਆਂ ਤੇ ਕਾਲੇ ਝੰਡੇ ਫੜੇ ਹੋਏ ਸਨ, ਨਾਲ ਹੀ ਬਾਹਾਂ ’ਤੇ ਕਾਲੀ ਪੱਟੀ ਵੀ ਬੰਨੀ ਹੋਈ ਸੀ। ਅਫ਼ਗਾਨ ਦੂਤਘਰ ਦੇ ਅਧਿਕਾਰੀਆਂ ਨੇ ਥਾਣਾ ਚਾਣਿਕਯਪੁਰੀ ਦੇ ਬਾਹਰ ਖੁੱਦ ਪੁੱਜ ਕੇ ਸਿੱਖ ਆਗੂਆਂ ਤੋਂ ਮੰਗ ਪੱਤਰ ਲੈਣ ਦੀ ਪੇਸ਼ਕਸ਼ ਕੀਤੀ ਪਰ ਸਿੱਖ ਆਗੂਆਂ ਨੇ ਅਫ਼ਗਾਨੀ ਸਫੀਰ ਨਾਲ ਮੁਲਾਕਾਤ ਉਪਰੰਤ ਮੰਗ ਪੱਤਰ ਦੇਣ ਦੀ ਗੱਲ ਕਹੀ।
ਮੁਲਾਕਾਤ ਦੌਰਾਨ ਅਫ਼ਗਾਨੀ ਸਫੀਰ ਐਚ.ਈ.ਸੈਇਦਾ ਮੋਹਮੱਦ ਅਬਦਾਲੀ ਨੇ ਸਿੱਖ ਵਫਦ ਦੀਆਂ ਮੰਗਾਂ ਨੂੰ ਗੌਰ ਨਾਲ ਸੁਣਨ ਉਪਰੰਤ ਮੰਗਾਂ ਬਾਰੇ ਅਫ਼ਗਾਨ ਸਰਕਾਰ ਨੂੰ ਜਾਣੂ ਕਰਵਾਉਣ ਦਾ ਭਰੋਸਾ ਦਿੱਤਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜੀ.ਕੇ. ਨੇ ਦੱਸਿਆ ਕਿ ਅਬਦਾਲੀ ਨੇ ਘੱਟਗਿਣਤੀ ਕੋਟੇ ਦੀ ਸਾਂਸਦ ਸੀਟ ਲਈ ਕਿਸੇ ਸਿੱਖ ਆਗੂ ਦਾ ਨਾਂ ਨਾਮਜਦ ਕਰਨ, ਅਫ਼ਗਾਨੀ ਹਿੰਦੂਆਂ ਅਤੇ ਸਿੱਖਾਂ ਨੂੰ ਸੁਰੱਖਿਆ ਦੇਣ, ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਮੁਆਵਜਾ ਦੇਣ ਲਈ ਸਰਕਾਰ ਨਾਲ ਗੱਲ ਕਰਨ, ਸਥਾਨਕ ਪਾਸਪੋਰਟ ਦਫ਼ਤਰਾਂ ’ਚ ਸਿੱਖਾਂ ਅਤੇ ਹਿੰਦੂਆਂ ਨੂੰ ਦੇਣੀ ਪੈਂਦੀ ਫੀਸ ਨੂੰ ਹਟਾਉਣ ਸਣੇ ਅਫ਼ਗਾਨਿਸਤਾਨ ਜਾਣ ਦੇ ਇਛੁੱਕ ਵਫਦ ਨੂੰ ਵੀਜ਼ਾ ਦੇਣ ਦਾ ਭਰੋਸਾ ਦਿੱਤਾ ਹੈ। ਜੀ.ਕੇ. ਨੇ ਦੱਸਿਆ ਕਿ ਅਬਦਾਲੀ ਨੇ ਮੰਨਿਆ ਹੈ ਕਿ ਅਫ਼ਗਾਨਿਸਤਾਨ ’ਚ ਅੱਤਵਾਦ ਦਾ ਸ਼ਿਕਾਰ ਸਾਰੇ ਫਿਰਕੇ ਹੋ ਰਹੇ ਹਨ, ਮਰਨ ਵਾਲਿਆਂ ’ਚ ਮੁਸਲਮਾਨ ਵੀ ਸ਼ਾਮਲ ਹਨ।
ਇਸਤੋਂ ਪਹਿਲਾਂ ਕੱਲ ਸ਼ਾਮ ਨੂੰ ਕੇਂਦਰੀ ਵਿਦੇਸ਼ ਮੰਤਰੀ ਸ਼ੁਸਮਾ ਸਵਰਾਜ ਨਾਲ ਸਿੱਖ ਆਗੂਆਂ ਦੀ ਹੋਈ ਮੁਲਾਕਾਤ ਬਾਰੇ ਵੀ ਜੀ.ਕੇ. ਨੇ ਸੰਗਤਾਂ ਨੂੰ ਜਾਣਕਾਰੀ ਦਿੱਤੀ। ਜੀ.ਕੇ. ਨੇ ਕਿਹਾ ਕਿ ਅਸੀਂ ਵਿਦੇਸ਼ ਮੰਤਰੀ ਨੂੰ ਅਫ਼ਗਾਨਿਸਤਾਨ ਦੇ ਮੰਦਰ-ਗੁਰਦੁਆਰੇ ਅਤੇ ਲੋਕਾਂ ਦੀ ਸੁਰੱਖਿਆ ਲਈ ਅਫ਼ਗਾਨ ਸਰਕਾਰ ਨਾਲ ਗੱਲਬਾਤ ਕਰਨ, ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਭਾਰਤ ਸਰਕਾਰ ਵੱਲੋਂ ਮੁਆਵਜਾ ਦਿਲਵਾਉਣ, ਭਾਰਤ ਸਰਕਾਰ ਵੱਲੋਂ ਦਿੱਲੀ ਕਮੇਟੀ ਅਤੇ ਪੰਥਕ ਜਥੇਬੰਦੀਆਂ ਦਾ ਸਾਂਝਾ ਵਫ਼ਦ ਅਫ਼ਗਾਨਿਸਤਾਨ ਭੇਜਣ ਸਣੇ ਭਾਰਤ ਆਉਣ ਦੇ ਇਛੁੱਕ ਅਫ਼ਗਾਨੀ ਹਿੰਦੂ-ਸਿੱਖਾਂ ਬਾਰੇ ਸਰਕਾਰੀ ਨੀਤੀ ਦਾ ਖੁਲਾਸਾ ਕਰਨ ਦੀ ਬੇਨਤੀ ਕੀਤੀ ਹੈ।
ਜੀ.ਕੇ. ਨੇ ਦੱਸਿਆ ਕਿ ਸਾਂਝੇ ਵਫਦ ਅਤੇ ਮੁਆਵਜੇ ਨੂੰ ਲੈ ਕੇ ਵਿਦੇਸ਼ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨ ਉਪਰੰਤ ਜਾਣਕਾਰੀ ਦੇਣ ਦੀ ਗੱਲ ਕਹੀ ਹੈ। ਇਸਦੇ ਨਾਲ ਹੀ ਮਾਰੇ ਗਏ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦਿੱਲੀ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਵੱਖ-ਵੱਖ ਤੌਰ ’ਤੇ ਪ੍ਰਤੀ ਮ੍ਰਿਤਕ 1 ਲੱਖ ਅਤੇ ਫੱਟੜ ਨੂੰ 50 ਹਜਾਰ ਰੁਪਏ ਸਹਾਇਤਾ ਰਾਸ਼ੀ ਅਤੇ ਯਤੀਮ ਬੱਚਿਆਂ ਨੂੰ ਦੋਹਾਂ ਕਮੇਟੀਆਂ ਵੱਲੋਂ ਭਾਰਤ ’ਚ ਮੁਫ਼ਤ ਵਿੱਦਿਅਕ ਸਹਾਇਤਾ ਦੇਣ ਦਾ ਫੈਸਲਾ ਲਿਆ ਗਿਆ ਹੈ। ਇਸ ਮੌਕੇ ਵੱਡੀ ਗਿਣਤੀ ’ਚ ਸਿੱਖ ਭਾਈਚਾਰੇ ਨੇ ਰੋਸ਼ ਦਾ ਮੁਜਾਹਰਾ ਕੀਤਾ।