ਅੰਮ੍ਰਿਤਸਰ – ਅਫ਼ਗ਼ਾਨਿਸਤਾਨ ’ਚ ਵੱਸ ਰਹੇ ਸਿੱਖਾਂ ਅਤੇ ਹਿੰਦੂ ਭਾਈਚਾਰੇ ਦੀ ਸੁਰੱਖਿਆ ਨੂੰ ਲੈ ਕੇ ਸਿਖ ਭਾਈਚਾਰੇ ’ਚ ਫ਼ਿਕਰਮੰਦੀ ਵੱਧ ਰਹੀ ਹੈ। ਅਮਨ ਪਸੰਦ ਸਿਖ ਭਾਈਚਾਰੇ ’ਤੇ ਕੀਤੇ ਗਏ ਹਮਲੇ ਨਾਲ ਸਿਖ ਸਮਾਜ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਅਫ਼ਗ਼ਾਨਿਸਤਾਨ ਦੇ ਜਲਾਲਾਬਾਦ ’ਚ ਸਿਖ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਆਤਮਘਾਤੀ ਹਮਲੇ ਦੀ ਸਖ਼ਤ ਸ਼ਬਦਾਂ ਨਾਲ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਅਫ਼ਗ਼ਾਨਿਸਤਾਨ ਸਰਕਾਰ ਸਿੱਖ ਅਤੇ ਹਿੰਦੂਆਂ ਦੀ ਸੁਰੱਖਿਆ ਯਕੀਨੀ ਬਣਾਉਣ ’ਚ ਨਾਕਾਮ ਹੋ ਚੁਕੀ ਹੈ ਲਿਹਾਜ਼ਾ ਉਨ੍ਹਾਂ ਸੰਯੁਕਤ ਰਾਸ਼ਟਰ ਨੂੰ ਅਫਗਾਨੀ ਸਿਖਾਂ ਦੀ ਸੁਰੱਖਿਆ ਪ੍ਰਤੀ ਦਖ਼ਲ ਦੇਣ ਅਤੇ ਲੋੜੀਦੇ ਯੋਗ ਕਦਮ ਚੁੱਕਣ ਦੀ ਅਪੀਲ ਕੀਤੀ। ਦਮਦਮੀ ਟਕਸਾਲ ਮੁਖੀ ਨੇ ਆਤਮਘਾਤੀ ਹਮਲੇ ’ਚ ਸਿਖ ਸਿਆਸੀ ਆਗੂ ਸਮੇਤ ਮਾਰੇ ਗਏ ਸਿਖਾਂ ਅਤੇ ਹਿੰਦੂਆਂ ਦੇ ਪੀੜਤ ਪਰਿਵਾਰਾਂ ਨਾਲ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਫਗਾਨੀ ਸਿਖਾਂ ਨੂੰ ਦੇਸ਼ ਛੱਡਣ ਲਈ ਦਬਾਅ ਪਾਉਣ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਅਜਿਹਾ ਕਰਨਾ ਅਫ਼ਗ਼ਾਨਿਸਤਾਨ ਦੇ ਵੀ ਹਿਤ ਵਿਚ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਸਿਖ ਭਾਈਚਾਰੇ ਨੇ ਅਫ਼ਗ਼ਾਨਿਸਤਾਨ ਦੇ ਉਥਾਨ ਲਈ ਸਖ਼ਤ ਮਿਹਨਤ ਕੀਤੀ ਹੈ ਅਤੇ ਸਿਖ ਸਮਾਜ ਦਾ ਦੇਸ਼ ਦੇ ਹਿਤ ’ਚ ਅਹਿਮ ਰੋਲ ਰਿਹਾ ਹੈ , ਉਨ੍ਹਾਂ ਨੂੰ ਉੱਥੋਂ ਖਦੇੜਨਾ ਅਫ਼ਗ਼ਾਨਿਸਤਾਨ ਸਮਾਜ ਲਈ ਨੁਕਸਾਨਦੇਹ ਸਾਬਤ ਹੋਵੇਗਾ। ਉਨ੍ਹਾਂ ਭਾਰਤ ਸਰਕਾਰ ਨੂੰ ਵੀ ਅਫਗਾਨੀ ਸਿਖਾਂ ਦੀ ਜਾਨ ਮਾਨ ਅਤੇ ਸੁੱਖਿਆ ਯਕੀਨੀ ਬਣਾਉਣ ਲਈ ਅਹਿਮ ਕਦਮ ਚੁੱਕਣ ਲਈ ਕਿਹਾ। ਉਨ੍ਹਾਂ ਭਾਰਤ ਸਰਕਾਰ ਸਮੇਤ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅਤੇ ਵਿਸ਼ਵ ਭਰ ਦੇ ਸਮੂਹ ਸਿਖ ਭਾਈਚਾਰੇ ਨੂੰ ਅਫਗਾਨੀ ਸਿਖਾਂ ਦੀ ਸਾਰ ਲੈਣ ਦੀ ਪੁਰਜ਼ੋਰ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ’ਚ ਵੱਸਣ ਦੇ ਚਾਹਵਾਨ ਜੇ ਅਫਗਾਨੀ ਸਿਖਾਂ ਅਤੇ ਹਿੰਦੂਆਂ ਦੇ ਮੁੜ ਵਸੇਬੇ ਲਈ ਭਾਰਤ ਸਰਕਾਰ ਨੂੰ ਲੋੜੀਂਦੀ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਮਜਬੂਰੀ ਵੱਸ ਭਾਰਤ ’ਚ ਵੱਸਣ ਦੇ ਚਾਹਵਾਨ ਅਫਗਾਨੀ ਸਿਖਾਂ ’ਚੋਂ ਕਿਸੇ ਇਕ ਨੂੰ ਵੀ ਪਿਛਲੇ ਦੋ ਦਹਾਕਿਆਂ ਤੋਂ ਭਾਰਤੀ ਨਾਗਰਿਕਤਾ ਨਹੀਂ ਦਿਤੀ ਗਈ। ਉਨ੍ਹਾਂ ਭਾਰਤ ਸਰਕਾਰ ਨੂੰ ਉਕਤ ਮੁੱਦੇ ਨੂੰ ਸੰਜੀਦਗੀ ਨਾਲ ਵਿਚਾਰਨ ਲਈ ਕਿਹਾ ਹੈ।
ਭਾਰਤ ਸਰਕਾਰ ਚਾਹਵਾਨ ਅਫਗਾਨੀ ਸਿਖਾਂ ਨੂੰ ਭਾਰਤੀ ਨਾਗਰਿਕਤਾ ਦੇਣ ’ਤੇ ਸੰਜੀਦਗੀ ਨਾਲ ਵਿਚਾਰ ਕਰੇ
This entry was posted in ਪੰਜਾਬ.