ਸ੍ਰੀਨਗਰ – ਸਾਬਕਾ ਮੁੱਖਮੰਤਰੀ ਮਹਿਬੂਬਾ ਮੁਫ਼ਤੀ ਨੇ ਕੇਂਦਰ ਸਰਕਾਰ ਨੂੰ ਧਮਕੀ ਦਿੰਦੇ ਹੋਏ ਕਿਹਾ ਹੈ ਕਿ ਉਹ ਪੀਡੀਪੀ ਨੂੰ ਤੋੜਨ ਦਾ ਕੰਮ ਨਾ ਕਰੇ। ਮੁਫ਼ਤੀ ਨੇ ਕਿਹਾ, “1987 ਦੀ ਤਰ੍ਹਾਂ ਅਗਰ ਦਿੱਲੀ ਨੇ ਇੱਥੇ (ਜੰਮੂ-ਕਸ਼ਮੀਰ) ਦੀ ਜਨਤਾ ਦੇ ਵੋਟ ਦੇ ਅਧਿਕਾਰ ਨੂੰ ਖੋਹਣ ਦੀ ਕੋਸਿ਼ਸ਼ ਕੀਤੀ ਜਾਂ ਕਿਸੇ ਵੀ ਤਰ੍ਹਾਂ ਦੇ ਜੋੜਤੋੜ ਦਾ ਯਤਨ ਕੀਤਾ ਤਾਂ ਇੱਥੇ ਸਲਾਹੂਦੀਨ ਅਤੇ ਯਾਸੀਨ ਮਲਿਕ ਪੈਦਾ ਹੋਣਗੇ। ਮੈਂ ਸਮਝਦੀ ਹਾਂ ਕਿ ਕੇਂਦਰ ਦੀ ਦਖ਼ਲਅੰਦਾਜ਼ੀ ਦੇ ਬਿਨਾਂ ਪਾਰਟੀ ਵਿੱਚ ਤੋੜਫੋੜ ਨਹੀਂ ਕੀਤੀ ਜਾ ਸਕਦੀ।”
ਬੀਜੇਪੀ ਨੇ 19 ਜੂਨ ਨੂੰ ਮਹਿਬੂਬਾ ਸਰਕਾਰ ਤੋਂ ਸਮੱਰਥਨ ਵਾਪਿਸ ਲੈ ਲਿਆ ਸੀ, ਜਿਸ ਕਾਰਣ ਜੰਮੂ-ਕਸ਼ਮੀਰ ਵਿੱਚ ਪੀਡੀਪੀ ਅਤੇ ਭਾਜਪਾ ਦੀ ਸਰਕਾਰ ਡਿੱਗ ਗਈ ਸੀ। ਸੱਤਾ ਜਾਣ ਤੋਂ ਬਾਅਦ ਪੀਡੀਪੀ ਵਿੱਚ ਬਗਾਵਤ ਸ਼ੁਰੂ ਹੋ ਗਈ ਹੈ। ਪੀਡੀਪੀ ਦੇ ਪੰਜ ਵਿਧਾਇਕ ਆਪਣੀ ਹੀ ਪਾਰਟੀ ਦੇ ਖਿਲਾਫ਼ ਬਿਆਨ ਦੇ ਚੁੱਕੇ ਹਨ। ਇਨ੍ਹਾਂ ਵਿੱਚ ਬਾਰਾਮੂਲਾ ਦੇ ਵਿਧਾਇਕ ਆਬਿਦ ਹੁਸੈਨ ਅੰਸਾਰੀ,ਉਨ੍ਹਾਂ ਦੇ ਭਤੀਜੇ ਇਮਰਾਨ ਹੁਸੈਨ ਅੰਸਾਰੀ, ਤੰਗਮਾਰਗ ਤੋਂ ਵਿਧਾਇਕ ਮੁਹੰਮਦ ਅਬਾਸ ਵਾਨੀ ਅਤੇ ਪਟਨ ਤੋਂ ਵਿਧਾਇਕ ਇਮਰਾਨ ਅੰਸਾਰੀ ਦਾ ਨਾਮ ਸ਼ਾਮਿਲ ਹੈ।
ਵਰਨਣਯੋਗ ਹੈ ਕਿ ਪੀਡੀਪੀ ਦੇ ਇੱਕ ਨੇਤਾ ਨੇ ਪਿੱਛਲੇ ਦਿਨੀਂ ਦਾਅਵਾ ਕੀਤਾ ਸੀ ਕਿ ਕਈ ਵਿਧਾਇਕ ਪਾਰਟੀ ਛੱਡਣ ਲਈ ਤਿਆਰ ਹਨ।ਸਿ਼ਆ ਨੇਤਾ ਇਮਰਾਨ ਅੰਸਾਰੀ ਰਜ਼ਾ ਅਤੇ ਅੰਸਾਰੀ ਪਹਿਲਾਂ ਹੀ ਪੀਡੀਪੀ ਛੱਡਣ ਦਾ ਐਲਾਨ ਕਰ ਚੁੱਕੇ ਹਨ। ਸਲਾਹੂਦੀਨ ਇਸ ਸਮੇਂ ਅੱਤਵਾਦੀ ਸੰਗਠਨ ਹਿਜ਼ਬੁਲ ਮਜ਼ਾਹਿਦੀਨ ਦਾ ਮੁੱਖੀ ਹੈ ਅਤੇ ਅੱਤਵਾਦੀ ਗੱਤੀਵਿਧੀਆਂ ਨੂੰ ਅੰਜ਼ਾਮ ਦੇ ਰਿਹਾ ਹੈ।