ਬੀਰੋ ਕਈ ਘਰਾਂ ਦਾ ਝਾੜੂ ਪੋਚੇ ਦਾ ਕੰਮ ਕਰਦੀ ਸੀ, ਉਸ ਦੇ ਘਰ ਵਾਲਾ ਦਿਹਾੜੀ ਤੇ ਜਾਂਦਾ ਸੀ। ਦੋਨੋਂ ਜੀਅ ਮਿਹਨਤੀ ਸਨ। ਉਹ ਆਪਣੇ ਬੱਚਿਆਂ ਨੂੰ ਪੜ੍ਹਾ-ਲਿਖਾ ਕੇ ਚੰਗਾ ਤੇ ਉੱਚਾ ਰੁਤਬਾ ਦੇਣਾ ਚਾਹੁੰਦੇ ਸਨ।
ਚੋਣਾਂ ਦੇ ਦਿਨ ਨੇੜੇ ਆ ਰਹੇ ਸਨ ਮਾਹੌਲ ਬਹੁਤ ਖਰਾਬ ਸੀ ਕਿਉਂਕਿ ਹਰ ਇਕ ਪਾਰਟੀ ਆਪਣੀ ਜਿੱਤ ਲਈ ਚੰਗਾ ਮਾੜਾ ਤਰੀਕਾ ਵਰਤ ਰਹੀ ਸੀ ਚਾਹੇ ਉਸ ਪੈਸਾ, ਨਸ਼ਾ ਤੇ ਤਾਕਤ ਹੋਵੇ।
ਇਨ੍ਹੀਂ ਦਿਨੀਂ ਬੀਰੋ ਦੇ ਘਰ ਵਾਲਾ ਜਦੋਂ ਘਰ ਆਉਂਦਾ ਤਾਂ ਬਹੁਤ ਖੁਸ਼ ਹੁੰਦਾ ਸੀ। ਉਹ ਬੱਚਿਆਂ ਲਈ ਖਿਡੌਣੇ ਤੇ ਖਾਣ ਪੀਣ ਵਾਲੀਆਂ ਚੀਜ਼ਾਂ ‘ਤੇ ਜ਼ਰੂਰਤ ਤੋਂ ਵੱਧ ਖਰਚਾ ਕਰਦਾ। ਬੀਰੋ ਉਸ ਨਾਲ ਲੜਦੀ ਕਿ ਉਹ ਇੰਨਾ ਖਰਚ ਕਿਥੋਂ ਕਰਦਾ ਹੈ ਅੱਗੋਂ ਉਸ ਦੇ ਘਰ ਵਾਲਾ ਗੁੱਸੇ ‘ਚ ਕਹਿੰਦਾ ਕਿ ਤੂੰ ਅੰਬ ਖਾ ਗੁਠਲੀਆਂ ਤੋਂ ਕੀ ਲੈਣਾ। ਇਹ ਸੁਣ ਬੀਰੋ ਸੋਚ ‘ਚ ਪੈ ਗਈ। ਉਹ ਸੋਚਣ ਲੱਗ ਪਈ ਕਿ ਉਸਦਾ ਘਰ ਵਾਲਾ ਕਿਤੇ ਗਲਤ ਸੰਗਤ ਵਿਚ ਨਾ ਪੈ ਗਿਆ ਹੋਵੇ ਕਿ ਕਿਤੇ ਉਹ ਜੂਆ ਖੇਡਣ ਲੱਗ ਪਿਆ ਹੋਵੇ ਅੱਤ ਤਾਂ ਉਸ ਦਿਨ ਜਦੋਂ ਬੀਰੋ ਦੇ ਘਰ ਵਾਲਾ ਦਾਰੂ ਪੀ ਕੇ ਘਰ ਆ ਗਿਆ। ਬੀਰੋ ਉਸ ਨਾਲ ਲੜਨ ਲੱਗੀ, ਕਹਿਣ ਲੱਗੀ ਕਿ ਤੂੰ ਬੱਚਿਆਂ ਬਾਰੇ ਕਿਉਂ ਨਹੀਂ ਸੋਚਦਾ। ਅੱਗੋਂ ਬੀਰੋ ਦੇ ਘਰ ਵਾਲਾ ਕਹਿਣ ਲੱਗਾ ਕਿ ਇਹ ਉਸ ਨੇ ਆਪਣੀ ਉਪਰਲੀ ਕਮਾਈ ਨਾਲ ਪੀਤੀ ਹੈ। ਬੀਰੋ ਨੇ ਜਦੋਂ ਇਸ ਬਾਰੇ ਪੁੱਛਿਆ ਤਾਂ ਉਸ ਨੇ ਖੁਸ਼ ਹੋ ਕੇ ਕਿਹਾ ਉਸ ਨੂੰ ਵੋਟਾਂ ਵਾਲੇ ਰੈਲੀ ਲਈ ਦਿਹਾੜੀ ਜਿੰਨੇ ਪੈਸੇ ਦੇ ਕੇ ਲੈ ਗਏ ਸਨ, ਤੇ ਦਾਰੂ ਮੁਫਤ ਪਿਆਈ ਹੈ। ਬੀਰੋ ਇਹ ਸੁਣ ਕੇ ਸੋਚਾਂ ਵਿਚ ਪੈ ਗਈ ਕਿ ਉਪਰਲੀ ਕਮਾਈ ਸ਼ਰਾਬ ਹੈ ਜਾਂ ਫਿਰ ਉਸਦੀ ਮਿਹਨਤ ਦੀ ਕਮਾਈ ਹੁਣ ਜਾਨ ਦਾ ਜ਼ਰੀਆ ਬਣ ਰਿਹਾ ਹੈ?