ਫ਼ਤਹਿਗੜ੍ਹ ਸਾਹਿਬ – “ਪੰਜਾਬ ਸਰਕਾਰ ਨੇ ਬੀਤੇ ਸ਼ੁੱਕਰਵਾਰ ਜੋ ਬਹੁਤ ਹੀ ਇਮਾਨਦਾਰ ਅਤੇ ਕਾਨੂੰਨ ਦੀ ਪੂਰੀ ਸਮਝ ਰੱਖਣ ਵਾਲੇ ਇਨਸਾਫ਼ ਦੇ ਪੁਜਾਰੀ ਜਸਟਿਸ ਮਹਿਤਾਬ ਸਿੰਘ ਗਿੱਲ (ਰਿਟ) ਨੂੰ ਜੋ ਲੋਕਪਾਲ ਪੰਜਾਬ ਦੇ ਅਹਿਮ ਅਹੁਦੇ ਤੇ ਬਿਰਾਜਮਾਨ ਕੀਤਾ ਹੈ, ਇਹ ਅਤਿ ਸਲਾਘਾਯੋਗ ਅਤੇ ਪੰਜਾਬ ਦੇ ਨਿਵਾਸੀਆ ਨੂੰ ਆਉਣ ਵਾਲੇ ਸਮੇਂ ਵਿਚ ਇਨਸਾਫ਼ ਦੇਣ ਦਾ ਪ੍ਰਸ਼ੰਸ਼ਾਂਯੋਗ ਉਦਮ ਕੀਤਾ ਗਿਆ ਹੈ । ਜਿਸਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਭਰਪੂਰ ਸਵਾਗਤ ਕਰਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਸਟਿਸ ਮਹਿਤਾਬ ਸਿੰਘ ਗਿੱਲ ਨੂੰ ਲੋਕਪਾਲ ਪੰਜਾਬ ਦੇ ਅਹੁਦੇ ਤੇ ਬਿਰਾਜਮਾਨ ਹੋਣ ਤੇ ਸਮੁੱਚੇ ਪੰਜਾਬ ਨਿਵਾਸੀਆ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਵੱਲੋਂ ਹਾਰਦਿਕ ਮੁਬਾਰਕਬਾਦ ਦਿੰਦੇ ਹੋਏ ਅਤੇ ਪੰਜਾਬ ਸਰਕਾਰ ਦੇ ਫੈਸਲੇ ਦੀ ਸਲਾਘਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੀਜੇਪੀ-ਬਾਦਲ ਦਲ ਦੀ ਪੰਜਾਬ ਦੀ ਸਾਂਝੀ ਸਰਕਾਰ ਸਮੇਂ ਜੋ ਸਰਕਾਰੀ ਦਹਿਸਤਗਰਦੀ ਹੇਠ ਜਿਆਦਤੀਆ ਹੋਈਆ ਅਤੇ ਉਸ ਦਾ ਸੱਚ ਸਾਹਮਣੇ ਲਿਆਉਣ ਲਈ ਹੋਈਆ ਜਿਆਦਤੀਆ ਦੇ ਪੀੜਤ ਨਿਵਾਸੀਆ ਨੂੰ ਇਨਸਾਫ਼ ਦੇਣ ਲਈ ਜੋ ਮਹਿਤਾਬ ਸਿੰਘ ਗਿੱਲ ਕਮਿਸ਼ਨ ਕਾਇਮ ਕੀਤਾ ਗਿਆ ਸੀ, ਉਸ ਦਿਸ਼ਾ ਵੱਲ ਜਸਟਿਸ ਗਿੱਲ ਨੇ ਆਪਣੀ ਕਾਨੂੰਨੀ, ਮਨੁੱਖੀ ਅਤੇ ਇਨਸਾਨੀਅਤ ਪੱਖੀ ਜਿੰਮੇਵਾਰੀ ਨੂੰ ਸਮਝਦੇ ਹੋਏ ਵੱਡੀ ਗਿਣਤੀ ਵਿਚ ਬੀਤੇ ਸਮੇਂ ਦੇ ਕੇਸਾਂ ਵਿਚ ਸਰਕਾਰ, ਅਫ਼ਸਰਸ਼ਾਹੀ ਅਤੇ ਪੁਲਿਸ ਨੂੰ ਦੋਸ਼ੀ ਠਹਿਰਾਉਦੇ ਹੋਏ ਬੀਤੇ ਸਮੇਂ ਦੇ ਸਰਕਾਰੀ ਜ਼ਬਰ-ਜੁਲਮਾਂ ਨੂੰ ਸਾਹਮਣੇ ਲਿਆਂਦਾ ਹੈ ਅਤੇ ਦੋਸ਼ੀਆ ਨੂੰ ਕਾਨੂੰਨ ਅਨੁਸਾਰ ਬਣਦੀਆ ਸਜ਼ਾਵਾ ਦਿਵਾਉਣ ਲਈ ਇਮਾਨਦਾਰੀ ਨਾਲ ਚਾਰਜੋਈ ਕੀਤੀ ਹੈ । ਜਿਸ ਨਾਲ ਪੰਜਾਬ ਨਿਵਾਸੀਆ ਨੂੰ ਇਹ ਵੱਡੀ ਆਸ ਵੱਝ ਗਈ ਹੈ ਕਿ ਜੋ ਬੀਤੇ ਸਮੇਂ ਵਿਚ ਗੈਰ-ਕਾਨੂੰਨੀ ਸਰਕਾਰੀ ਪੱਧਰ ਤੇ ਜਾਂ ਪੁਲਿਸ ਪੱਧਰ ਤੇ ਅਮਲ ਹੋਏ ਹਨ, ਉਹ ਸਭ ਹੌਲੀ-ਹੌਲੀ ਕਾਨੂੰਨ ਦੇ ਕਟਹਿਰੇ ਵਿਚ ਖੜ੍ਹੇ ਹੋਣਗੇ ਅਤੇ ਸਭ ਦੋਸ਼ੀਆ ਤੇ ਕਾਤਲਾਂ ਨੂੰ ਬਣਦੀ ਸਜ਼ਾ ਮਿਲੇਗੀ ।
ਸ. ਮਾਨ ਨੇ ਜਿਥੇ ਜਸਟਿਸ ਗਿੱਲ ਦੀ ਲੋਕਪਾਲ ਪੰਜਾਬ ਦੀ ਨਿਯੁਕਤੀ ਉਤੇ ਜਸਟਿਸ ਗਿੱਲ ਤੇ ਪੰਜਾਬ ਨਿਵਾਸੀਆ ਨੂੰ ਹਾਰਦਿਕ ਮੁਬਾਰਕਬਾਦ ਦਿੱਤੀ, ਉਥੇ ਉਨ੍ਹਾਂ ਨੇ ਜਸਟਿਸ ਗਿੱਲ ਦੀ ਇਮਾਨਦਾਰ ਅਤੇ ਦ੍ਰਿੜਤਾ ਭਰੀ ਸਖਸ਼ੀਅਤ ਤੋਂ ਇਕ ਵੱਡੀ ਉਮੀਦ ਰੱਖੀ ਹੈ ਕਿ ਉਹ ਪੰਜਾਬ ਲੋਕਪਾਲ ਦੇ ਅਹੁਦੇ ਦੇ ਸਤਿਕਾਰ-ਮਾਣ ਨੂੰ ਕਾਇਮ ਰੱਖਣ ਦੇ ਨਾਲ-ਨਾਲ ਆਉਣ ਵਾਲੇ ਸਮੇਂ ਵਿਚ ਵੀ ਇਸੇ ਤਰ੍ਹਾਂ ਦ੍ਰਿੜਤਾ ਤੇ ਨਿਡਰਤਾ ਨਾਲ ਆਪਣੀਆ ਵੱਡੀਆ ਜਿ਼ੰਮੇਵਾਰੀਆ ਨਿਭਾਉਦੇ ਹੋਏ ਪੰਜਾਬ ਦੇ ਪੀੜਤ ਨਿਵਾਸੀਆ ਨੂੰ ਇਨਸਾਫ਼ ਦਿਵਾਉਣ ਵਿਚ ਮੋਹਰੀ ਹੋ ਕੇ ਭੂਮਿਕਾ ਵੀ ਨਿਭਾਉਦੇ ਰਹਿਣਗੇ ਅਤੇ ਜਿਸ ਅਫ਼ਸਰਸ਼ਾਹੀ ਨੇ ਹਕੂਮਤੀ ਗੈਰ-ਕਾਨੂੰਨੀ ਆਦੇਸ਼ਾਂ ਤੇ ਜਾਂ ਕਿਸੇ ਤਰ੍ਹਾਂ ਦੇ ਲਾਲਚ ਵੱਸ ਹੋ ਕੇ ਪੰਜਾਬੀਆ ਤੇ ਸਿੱਖ ਕੌਮ ਨਾਲ ਜ਼ਬਰ-ਜੁਲਮ ਕੀਤੇ ਹਨ, ਉਨ੍ਹਾਂ ਨੂੰ ਅਵੱਸ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਕੇ ਕਾਨੂੰਨ ਅਨੁਸਾਰ ਸਜ਼ਾਵਾ ਦਿਵਾਉਣਗੇ । ਸ. ਮਾਨ ਨੇ ਪੰਜਾਬ ਨਿਵਾਸੀਆ ਨੂੰ ਇਹ ਸੰਜ਼ੀਦਗੀ ਭਰੀ ਅਪੀਲ ਕੀਤੀ ਕਿ ਜਦੋਂ ਜਸਟਿਸ ਮਹਿਤਾਬ ਸਿੰਘ ਗਿੱਲ ਆਪਣੇ ਪੰਜਾਬ ਲੋਕਪਾਲ ਦੇ ਅਹੁਦੇ ਤੇ ਬਿਰਾਜਮਾਨ ਹੋ ਚੁੱਕੇ ਹਨ, ਹੁਣ ਕਿਸੇ ਵੀ ਜੁਲਮ ਦਾ ਸਿ਼ਕਾਰ ਹੋਏ ਪੰਜਾਬੀ ਜਾਂ ਸਿੱਖ ਨੂੰ ਆਪਣੇ ਮਨ-ਆਤਮਾ ਵਿਚ ਡਰ-ਭੈ ਰੱਖਣ ਦੀ ਲੋੜ ਨਹੀਂ ਅਤੇ ਉਹ ਆਪਣੇ ਨਾਲ ਹੋਈ ਸਰਕਾਰੀ ਜਾਂ ਪੁਲਿਸ ਜਿਆਦਤੀ ਲੋਕਪਾਲ ਪੰਜਾਬ ਕੋਲ ਸਬੂਤਾਂ ਸਮੇਤ ਦਰਜ ਕਰਵਾਉਣ ਤਾਂ ਕਿ ਜ਼ਬਰ-ਜੁਲਮ ਕਰਨ ਵਾਲੀ ਅਫ਼ਸਰਸ਼ਾਹੀ ਨੂੰ ਬਣਦੀਆਂ ਸਜ਼ਾਵਾਂ ਮਿਲ ਸਕਣ ਅਤੇ ਕੋਈ ਵੀ ਅਫਸਰਾਨ ਆਪਣੇ ਕਾਨੂੰਨੀ ਦਾਇਰੇ ਅਤੇ ਨਿਯਮਾਂ ਤੋਂ ਬਾਹਰ ਜਾ ਕੇ ਆਉਣ ਵਾਲੇ ਸਮੇਂ ਵਿਚ ਪੰਜਾਬੀਆਂ ਤੇ ਸਿੱਖ ਕੌਮ ਤੇ ਜ਼ਬਰ-ਜੁਲਮ ਨਾ ਕਰ ਸਕਣ ।