ਟੌਂਸਾ, (ਪਰਮਜੀਤ ਸਿੰਘ ਬਾਗੜੀਆ) – ਜਿਲ੍ਹਾ ਨਵਾਂ ਸ਼ਹਿਰ ਦੇ ਰੋਪੜ ਦੀ ਹੱਦ ਨਾਲ ਲਗਦੇ ਪਿੰਡ ਟੌਂਸਾ ਵਿਖੇ ਨਿਸ਼ਚਾਇ ਫਾਉਂਡੇਸ਼ਨ ਪੰਜਾਬ ਵਲੋਂ ਕੈਂਸਰ ਦੀ ਬਿਮਾਰੀ, ਇਸਦੇ ਕਾਰਨ ਅਤੇ ਇਲਾਜ ਦੀਆਂ ਸਹੂਲਤਾਂ ਸਬੰਧੀ ਇਕ ਮੈਗਾ ਕੈਂਸਰ ਚੈਕਅਪ ਲਗਾਇਆ ਗਿਆ। ਗਰਾਮ ਪੰਚਾਇਤ ਟੌਂਸਾ ਦੇ ਸਹਿਯੋਗ ਨਾਲ ਸਵ. ਦਲੀਪ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਇਸ ਕੈਂਪ ਵਿਚ ਆਯੋਜਿਕ ਧਿਰ ਸਮਾਜਸੇਵੀ ਨੌਜਵਾਨ ਵਰਿੰਦਰ ਗਰੇਵਾਲ ਪ੍ਰਧਾਨ ਐਂਟੀ ਡਰੱਗ ਫੈਡਰੇਸ਼ਨ ਚੰਡੀਗੜ੍ਹ ਅਤੇ ਮੈਡਮ ਮਨਪ੍ਰੀਤ ਕੌਰ ਪ੍ਰਧਾਨ ਔਰਤ ਵਿੰਗ ਦੇ ਸੱਦੇ ‘ਤੇ ਹੋਮੀ ਭਾਵਾ ਕੈਂਸਰ ਹਸਪਤਾਲ ਸੰਗਰੂਰ ਤੋਂ ਕੈਂਸਰ ਮਾਹਿਰ ਡਾਕਟਰਾਂ ਦੀ ਟੀਮ ਵਿਸ਼ੇਸ਼ ਤੌਰ ਤੇ ਪੁੱਜੀ।
ਕੈਂਪ ਦਾ ਉਦਘਾਟਨ ਕਰਦਿਆਂ ਡਾ. ਜਗਤਾਰ ਸਿੰਘ ਸਾਬਕਾ ਪ੍ਰਿੰਸੀਪਲ ਕਮਿਸ਼ਨਰ ਇਨਕਮ ਟੈਕਸ ਨੇ ਆਖਿਆ ਕਿ ਮਾਲਵੇ ਦੇ ਬਹੁਤੇ ਪਿੰਡਾਂ ਵਿਚ ਫੈਲੇ ਕੈਂਸਰ ਵਾਂਗ ਪਿੰਡ ਟੌਂਸਾ ਵਿਚ ਵੀ ਇਥੇ ਸਥਾਪਤ ਫਾਰਮਾਸਿਉਟੀਕਲ ਸਨਅਤਾਂ ਕਰਕੇ ਇਲਾਕੇ ਦਾ ਪਾਣੀ ਖਤਰਨਾਕ ਹੱਦ ਤੱਕ ਦੂਸਿ਼ਤ ਹੋ ਚੁੱਕਾ ਹੈ, ਸਨਅਤਾਂ ਵਲੋਂ ਮੈਡੀਸਨ ਤਿਆਰ ਕਰਨ ਦੀ ਪ੍ਰਕ੍ਰਿਆ ਦੀ ਖਤਰਨਾਕ ਰਸਾਇਣਾਂ ਵਾਲੀ ਰਹਿੰਦ-ਖੂੰਹਦ ਦੇ ਲਗਾਤਾਰ ਧਰਤੀ ਵਿਚ ਮਿਲਦੇ ਜਾਣ ਨਾਲ ਇਥੋ ਦਾ ਪਾਣੀ ਦੂਸਿ਼ਤ ਹੁੰਦਾ ਚਲਿਆ ਆ ਰਿਹਾ ਹੈ। ਇਸੇ ਕਰਕੇ ਇਥੇ ਬੀਤੇ ਤਿੰਨ ਸਾਲਾਂ ਵਿਚ ਕੈਂਸਰ ਦੀ ਬਿਮਾਰੀ ਨਾਲ ਪਿੰਡ ਵਿਚ ਹੁਣ ਤੱਕ 40 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਜਮੀਨ ਵਿਚਲਾ ਪਾਣੀ 1 ਹਜਾਰ ਫੁੱਟ ਤੱਕ ਪਲੀਤ ਹੋ ਚੁੱਕਾ। ਮੌਕੇ ਪੁੱਜੇ ਡਾ. ਤਪਸ ਡੋਰਾ ਕੈਂਸਰ ਸਪੈਸ਼ਲਿਸਟ, ਡਾ. ਸਿਧਾਰਥ ਕੀਮੋਥੈਰੇਪੀ ਮਾਹਰ, ਡਾ. ਭਗਵਾਨ ਸਿੰਘ ਸਿਵਲ ਹਸਪਤਾਲ ਸੰਗਰੂਰ ਅਤੇ ਡਾ. ਹਰਜਿੰਦਰ ਸਿੰਘ ਨੇ ਹਾਜਰ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕੈਂਸਰ ਰੋਗ ਦਾ ਜੇ ਸਮੇਂ ਸਿਰ ਪਤਾ ਲਾ ਲਿਆ ਜਾਵੇ ਤਾਂ ਇਸਦਾ ਇਲਾਜ ਸੰਭਵ, ਸਸਤਾ ਅਤੇ ਸੁਖਾਲਾ ਹੈ। ੳਹਨ੍ਹਾਂ ਦੱਸਿਆ ਕਿ ਹੁਣ ਤਾਂ ਸਰਕਾਰ ਵੀ ਇਸਦੇ ਇਲਾਜ ਲਈ 1.5 ਲੱਖ ਰੁਪਏ ਦੀ ਸਹਾਇਤਾ ਪ੍ਰਦਾਨ ਕਰਦੀ ਹੈ ਤੇ ਇਸਦਾ ਇਲਾਜ ਬਿਲਕੁਲ ਮੁਫਤ ਹੈ । ਇਨ੍ਹਾਂ ਸਮੂਹ ਡਾਕਟਰਾਂ ਦੀ ਟੀਮ ਨੇ ਕੈਂਪ ਵਿਚ ਪੁੱਜੇ ਪਿੰਡ ਵਾਸੀਆਂ ਦੀ ਮੁਢਲੀ ਜਾਂਚ ਕੀਤੀ ਅਤੇ ਕੁਝ ਆਪਣੇ ਤੌਰ ਤੇ ਟੈਸਟ ਕਰਵਾ ਚੁੱਕੇ ਵਿਆਕਤੀਆਂ ਦੀਆਂ ਰਿਪੋਰਟਾਂ ਦਾ ਨਿਰੀਖਣ ਕਰਕੇ ਆਪਣੀ ਰਾਏ ਵੀ ਦਿੱਤੀ। ਇਸ ਮੌਕੇ ਤੇ ਸ. ਚਰਨਜੀਤ ਸਿੰਘ ਰਾਏ ਐਸ.ਡੀ.ਓ. ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਫਤਹਿਗੜ੍ਹ ਸਾਹਿਬ ਨੇ ਆਖਿਆ ਕਿ ਪਲਾਸਟਿਕ ਸਾੜਨਾ ਅਤੇ ਖਾਣ-ਪੀਣ ਵਾਲੀਆ ਵਸਤਾਂ ਲਈ ਪਲਾਸਟਿਕ ਦੀ ਵਰਤੋਂ ਕਰਨੀ ਕਂੈਸਰ ਨੂੰ ਸੱਦਾ ਦੇਣ ਬਰਾਬਰ ਹੈ ਨਾਲ ਹੀ ਘਰ ਦਾ ਕੂੜਾ ਕਰਕਟ ਸਾੜ ਕੇ ਪ੍ਰਦੂਸ਼ਣ ਪੈਦਾ ਕਰਨ ਦੀ ਥਾਂ ਉਸਨੂੰ ਮਿੱਟੀ ਵਿਚ ਦਬਾ ਕੇ ਉਸਤੋਂ ਬਣੀ ਖਾਦ ਦੀ ਵਰਤੋਂ ਕੀਤੀ ਜਾਵੇ।
ਪਿੰਡ ਦੇ ਸਰਪੰਚ ਸ੍ਰੀ ਕ੍ਰਿਸ਼ਨ ਕੁਮਾਰ ਨੇ ਅਤੇ ਨੌਜਵਾਨ ਆਗੂ ਵਿਨੀਤ ਨੇ ਪਿੰਡ ਪੁੱਜੇ ਮਹਿਮਾਨਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਸ. ਚਰਨ ਸਿੰਘ ਚੋਪੜਾ ਵੈਲਫੇਅਰ ਕਲੱਬ ਭਵਾਨੀਗੜ੍ਹ ਨੇ ਕਿਹਾ ਕਿ ਬਿਮਾਰੀ ਨੂੰ ਪਾਜੇਟਿਵ ਤਰੀਕੇ ਨਾਲ ਲੈਣ ਨਾਲ ਵੀ ਮਰੀਜ ਸਵੈਵਿਸ਼ਵਾਸ ਨਾਲ ਭਰਿਆ ਰਹਿੰਦਾ ਹੈ। ਉਨ੍ਹਾਂ ਆਖਿਆ ਕਿ ਬਿਮਾਰੀਆਂ ਦਾ ਕਾਰਨ ਬਣਦਾ ਵੱਖ ਵੱਖ ਤਰ੍ਹਾਂ ਦਾ ਪ੍ਰਦੂਸ਼ਣ ਰੋਕਣਾ ਕਾਫੀ ਹੱਦ ਤੱਕ ਸਾਡੇ ‘ਤੇ ਨਿਰਭਰ ਕਰਦਾ ਹੈ ਉਨਹਾਂ ਹਾਜਰ ਸਰੋਤਿਆਂ ਨੂੰ ਮਰਨ ਉਪਰੰਤ ਅੱਖਾ ਦਾਨ ਕਰਨ ਦੀ ਮਹੱਤਤਾ ‘ਤੇ ਵੀ ਚਾਨਣਾ ਪਾਇਆ। ਸਾਰੇ ਸਮਾਗਮ ਦਾ ਸੰਚਾਲਨ ਕਰਨ ਵਾਲੀ ਅਣਥੱਕ ਸਮਾਜ ਸੇਵਿਕਾ ਮੈਡਮ ਮਨਪ੍ਰੀਤ ਕੌਰ ਨੇ ਬੁਲਾਰਿਆਂ ਨੂੰ ਪੇਸ਼ ਕਰਨ ਦੇ ਨਾਲ ਨਾਲ ਸਰੋਤਿਆਂ ਨੂੰ ਉਨ੍ਹਾਂ ਨਿੱਕੀ ਨਿੱਕੀਆਂ ਗੱਲਾਂ ਵੱਲ ਖਾਸ ਧਿਆਨ ਦੇਣ ‘ਤੇ ਜੋਰ ਦਿੱਤਾ ਜੋ ਸਾਡੇ ਚੌਗਿਰਦੇ ਵਿਚ ਪ੍ਰਦੂਸ਼ਣ ਫੈਲਾਉਣ ਦਾ ਮੁੱਖ ਕਾਰਨ ਬਣਦੀਆਂ ਹਨ।