ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁੱਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਕੇਂਦਰੀ ਜੇਲ੍ਹ ਪਟਿਆਲਾ ਵਿਚ ਨਜ਼ਰਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਮੁੜ ਭੁੱਖ ਹੜਤਾਲ ’ਤੇ ਜਾਣ ਲਈ ਮਜਬੂਰ ਹੋਣਾ ਭਾਰਤੀ ਰਾਜਨੀਤਕ ਸਿਸਟਮ ਦਾ ਸਿੱਖ ਕੌਮ ਦੇ ਨਾਜ਼ੁਕ ਮਾਮਲਿਆਂ ਪ੍ਰਤੀ ਅਵੇਸਲਾਪਣ ਦੀ ਲਖਾਇਕ ਹੈ। ਜਿਸ ਰਾਹੀ ਸਿੱਖ ਕੌਮ ਨੂੰ ਨਿਆਂ ਦੇਣ ਪ੍ਰਤੀ ਭਾਰਤੀ ਵਿਵਸਥਾ ’ਤੇ ਸਵਾਲਿਆ ਚਿੰਨ੍ਹ ਇੱਕ ਵਾਰ ਫਿਰ ਸੱਭ ਦੇ ਸਾਹਮਣੇ ਆ ਗਿਆ ਹੈ।
ਦਮਦਮੀ ਟਕਸਾਲ ਦੇ ਮੁੱਖੀ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਭਾਈ ਰਾਜੋਆਣਾ ਦੇ ਕੇਸ ਨੂੰ ਹੱਲ ਕਰਾਉਣ ਲਈ ਕੇਂਦਰ ਸਰਕਾਰ ਕੋਲ ਨਿਰੰਤਰ ਅਤੇ ਤੇਜ਼ੀ ਨਾਲ ਪੈਰਵਾਈ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਦਮਦਮੀ ਟਕਸਾਲ ਅਤੇ ਪੂਰਾ ਪੰਥ ਭਾਈ ਰਾਜੋਆਣਾ ਨਾਲ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਕਿਹਾ ਕਿ ਭਾਈ ਰਾਜੋਆਣਾ ਆਪਣੇ ਕੀਤੇ ਲਈ 22 ਸਾਲ ਤੋਂ ਵਧ ਜੇਲ੍ਹ ’ਚ ਗੁਜ਼ਾਰ ਚੁਕੇ ਹਨ, ਪੰਥ ਹੁਣ ਉਨ੍ਹਾਂ ਨੂੰ ਜੇਲ੍ਹ ਤੋਂ ਬਾਹਰ ਦੇਖਣਾ ਚਾਹੁੰਦੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਦੀ ਸੂਬਾਈ ਅਦਾਲਤਾਂ ਵਿਚ ਸੁਣਵਾਈ ਦੌਰਾਨ ਭਾਈ ਰਾਜੋਆਣਾ ਨੇ ਭਾਰਤ ਵਿਚ ਸਿੱਖ ਕੌਮ ਨਾਲ ਹੋ ਰਹੀਆਂ ਵਧੀਕੀਆਂ, 1984 ਦੇ ਸੰਤਾਪ ਅਤੇ ਸਿੱਖ ਨਸਲਕੁਸ਼ੀ ਆਦਿ ਨੂੰ ਅਦਾਲਤੀ ਮੰਚ ’ਤੇ ਨੋਟ ਕਰਵਾ ਕੇ ਸਿੱਖ ਕੌਮ ’ਤੇ ਕੀਤੇ ਜਾ ਰਹੇ ਭਿਆਨਕ ਜ਼ੁਲਮਾਂ ਦੀ ਦਾਸਤਾਨ ਪ੍ਰਤੀ ਦੁਨੀਆਂ ਦੇ ਇਨਸਾਫ਼ ਪਸੰਦ ਲੋਕਾਂ ਨੂੰ ਹਲੂਣਾ ਦੇਣ ਲਈ ਦਸਤਕ ਦਿਤੀ। ਉਨ੍ਹਾਂ ਕਿਹਾ ਕਿ ਭਾਈ ਰਾਜੋਆਣਾ ਨੇ ਅਾਪਣੀ ਫਾਂਸੀ ਦੇ ਕੇਸ ਦੀ ਅਦਾਲਤੀ ਚਾਰਾਜੋਈ ਕਰਨ ਤੋਂ ਇਨਕਾਰ ਕਰ ਦਿਆਂ ਕੌਮੀ ਰਵਾਇਤਾਂ ਨੂੰ ਕਾਇਮ ਰੱਖਿਆ। ਉਸ ਪ੍ਰਤੀ ਅਦਾਲਤ ਐਲਾਨੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਲਈ ਸ਼੍ਰੋਮਣੀ ਕਮੇਟੀ ਨੇ ਭਾਰਤ ਦੇ ਰਾਸ਼ਟਰਪਤੀ ਕੋਲ ਮਾਰਚ 2012 ਨੂੰ ਅਪੀਲ ਕੀਤੀ ਗਈ ਸੀ।
ਰਾਸ਼ਟਰਪਤੀ ਵੱਲੋਂ ਅਪੀਲ ਨੂੰ ਅਗਲੀ ਕਾਰਵਾਈ ਲਈ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਭੇਜ ਦਿੱਤਾ ਗਿਆ ਸੀ, ਜਿਸ ‘ਤੇ ਅਜ 6 ਸਾਲ ਤੋਂ ਵੱਧ ਸਮਾਂ ਬੀਤ ਜਾਣ ’ਤੇ ਵੀ ਕੋਈ ਕਾਰਵਾਈ ਨਾ ਹੋਣ ’ਤੇ ਸਿੱਖ ਕੌਮ ਅੰਦਰ ਕੇਂਦਰ ਪ੍ਰਤੀ ਨਿਰਾਸ਼ਾ ਅਤੇ ਭਾਰੀ ਰੋਸ ਹੈ। ਉਨ੍ਹਾਂ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਵੀ ਕਾਂਗਰਸ ਸਰਕਾਰ ਦੀਆਂ ਲੀਹਾਂ ’ਤੇ ਚੱਲਦਿਆਂ ਸਿੱਖ ਕੌਮ ਦੇ ਮਾਮਲਿਆਂ ’ਚ ਜਾਣਬੁੱਝ ਕੇ ਫ਼ੈਸਲਾ ਲੈਣ ਵਿਚ ਦੇਰੀ ਕੀਤੀ ਜਾ ਰਹੀ ਹੈ। ਉਨ੍ਹਾਂ ਸਿੱਖ ਪੰਥ ਦੇ ਮਾਮਲਿਆਂ ਪ੍ਰਤੀ ਗੰਭੀਰਤਾ ਅਤੇ ਸੁਹਿਰਦਤਾ ਦਿਖਾਉਂਦਿਆਂ ਭਾਈ ਬਲਵੰਤ ਸਿੰਘ ਰਾਜੋਆਣਾ ਸਮੇਤ ਸਜਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਦੀ ਤੁਰੰਤ ਰਿਹਾਈ ਦੀ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ।