ਨਵੀਂ ਦਿੱਲੀ – ਰਾਜਸਥਾਨ ਵਿੱਚ ਮਾਬ ਲਿੰਚਿੰਗ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ, ਜਿਸ ਨੇ ਜਿਸ ਨੇ ਫਿਰ ਤੋਂ ਦੇਸ਼ ਦਾ ਸਿਰ ਸ਼ਰਮ ਨਾਲ ਝੁਕਾ ਦਿੱਤਾ ਹੈ। ਇਹ ਸ਼ਰਮਨਾਕ ਘਟਨਾ ਰਾਜਸਥਾਨ ਦੇ ਅਲਵਰ ਜਿਲ੍ਹੇ ਵਿੱਚ ਵਾਪਰੀ ਹੈ, ਜਿਸ ਵਿੱਚ ਇੱਕ 28 ਸਾਲ ਦੇ ਨੌਜਵਾਨ ਨੂੰ ਕੁਝ ਲੋਕਾਂ ਦੀ ਭੀੜ ਨੇ ਗਾਂ-ਤਸਕਰੀ ਦੇ ਸ਼ੱਕ ਵਿੱਚ ਕੁੱਟ-ਕੁੱਟ ਕੇ ਮਾਰ ਦਿੱਤਾ।
ਹਰਿਆਣਾ ਦੇ ਕੋਲਗਾਂਵ ਦੇ ਨਿਵਾਸੀ ਅਕਬਰ ਖਾਨ ਆਪਣੇ ਇੱਕ ਹੋਰ ਸਾਥੀ ਸਮੇਤ ਸ਼ੁਕਰਵਾਰ ਨੂੰ ਦੋ ਗਾਂਵਾਂ ਲੈ ਕੇ ਅਲਵਰ ਦੇ ਲਾਲਵੰਡੀ ਪਿੰਡ ਦੇ ਕੋਲ ਜੰਗਲਾਂ ਵੱਲ ਜਾ ਰਹੇ ਸਨ। ਉਸ ਖੇਤਰ ਦੇ ਕੁਝ ਲੋਕਾਂ ਦੇ ਸਮੂੰਹ ਦੀ ਨਜ਼ਰ ਉਨ੍ਹਾਂ ਤੇ ਪਈ ਅਤੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਅਕਬਰ ਖਾਨ ਨੂੰ ਬੇਰਹਿਮ ਭੀੜ ਨੇ ਏਨਾ ਕੁੱਟਿਆ ਕਿ ਉਸ ਨੂੰ ਹਸਪਤਾਲ ਭਰਤੀ ਕਰਵਾਉਂਦਿਆਂ ਹੀ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।ਮ੍ਰਿਤਕ ਦੇ ਪਿਤਾ ਸਰਕਾਰ ਤੋਂ ਇਨਸਾਫ਼ ਦੀ ਮੰਗ ਕਰ ਰਹੇ ਹਨ। ਉਹ ਚਾਹੁੰਦੇ ਹਨ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ।
ਸਥਾਨਕ ਪੁਲਿਸ ਨੇ ਆਈਪੀਸੀ ਦੀ ਧਾਰਾ 302 ਦੇ ਤਹਿਤ ਕੁਝ ਅਨਜਾਣ ਲੋਕਾਂ ਦੇ ਖਿਲਾਫ਼ ਕੇਸ ਦਰਜ਼ ਕਰ ਲਿਆ ਹੈ। ਗਾਂਵਾਂ ਨੂੰ ਗਊਸ਼ਾਲਾ ਵਿੱਚ ਭੇਜ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਦੋ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਮੁੱਖਮੰਤਰੀ ਵਸੁੰਧਰਾ ਨੇ ਇਸ ਘਟਨਾ ਦੀ ਘੋਰ ਨਿੰਦਿਆ ਕੀਤੀ ਹੈ।