ਨਵੀਂ ਦਿੱਲੀ : ਦਿੱਲੀ ਯੂਨੀਵਰਸਿਟੀ ਦੇ ਅਧੀਨ ਚਲਦੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ’ਚ ਹੁਣ ਕਿੱਤਾਮੁਖੀ ਕੋਰਸ ਕਰਵਾਉਣ ਲਈ ਦੀਨ ਦਿਆਲ ਉਪਾਧਿਆਏ ਕੌਸ਼ਲ ਕੇਂਦਰ ਦੀ ਸਥਾਪਨਾ ਕੀਤੀ ਗਈ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਅਤੇ ਕਾਲਜ ਦੇ ਚੇਅਰਮੈਨ ਤ੍ਰਿਲੋਚਨ ਸਿੰਘ ਨੇ ਅੱਜ ਇਸ ਸੰਬੰਧ ਵਿਚ ਪੱਤਰਕਾਰਾ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਜਾਣਕਾਰੀ ਦਿੱਤੀ।
ਜੀ. ਕੇ. ਨੇ ਦੱਸਿਆ ਕਿ ਦਿੱਲੀ ਯੂਨੀਵਰਸਿਟੀ ਦੇ ਇੱਕੋ-ਇਕ ਕਾਲਜ ਦੇ ਤੌਰ ’ਤੇ ਖਾਲਸਾ ਕਾਲਜ ਨੂੰ ਕੌਸ਼ਲ ਕੇਂਦਰ ਸਥਾਪਤ ਕਰਨ ਦਾ ਮੌਕਾ ਮਿਲਿਆ ਹੈ। 5 ਗੈ੍ਰਜੂਏਟ ਅਤੇ 4 ਪੋਸਟ ਗੈ੍ਰਜੂਏਟ ਕੋਰਸ/ਡਿਗਰੀ ਲਈ ਕੌਸ਼ਲ ਕੇਂਦਰ ਨੂੰ ਅਧਿਕਾਰਕ ਕੀਤਾ ਗਿਆ ਹੈ। ਜਿਸ ’ਚ ਮਲਟੀਮੀਡੀਆ, ਫੌਰੇਂਸਿਕ ਸਾਇੰਸ, ਮਾਸ-ਮੀਡੀਆ, ਕੰਪਿਊਟਰ ਸਾਇੰਸ ਸਣੇ ਈ-ਟੈਕਸਟੇਸ਼ਨ ਅਤੇ ਈ-ਅਕਾਉਂਟਿਗ ਵਰਗੇ ਮਹੱਤਵਪੂਰਣ ਵਿਸ਼ੇ ਹਨ। ਗ੍ਰੈਜੂਏਟ ਮਲਟੀਮੀਡੀਆ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਐਨੀਮੇਟਰ, ਵੈਬਸਾਈਟ ਡਿਜਾਈਨ, ਈ-ਐਡੀਟਰ, ਔਡੀਓ-ਵੀਡੀਓ ਐਡੀਟਰ, ਵਰਗੇ ਮਹੱਤਵਪੂਰਣ ਖੇਤਰਾਂ ’ਚ ਕਾਰਜ ਕਰਨ ਦਾ ਮੌਕਾ ਪ੍ਰਾਪਤ ਹੋਵੇਗਾ।
ਜੀ. ਕੇ. ਨੇ ਦੱਸਿਆ ਕਿ ਪੋਸਟ ਗ੍ਰੈਜੂਏਟ ਮਲਟੀਮੀਡੀਆ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਚੰਗੇ ਪਬਲਿਕੇਸ਼ਨ ਹਾਊਸ ’ਚ ਕਾਰਜ ਕਰਨ ਦੀ ਪਹਿਲ ਮਿਲੇਗੀ। ਫੌਰੇਂਸਿਕ ਸਾਇੰਸ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਯੋਗਸ਼ਾਲਾਵਾਂ, ਅਪਰਾਧ ਸ਼ਾਖਾਵਾਂ ਸਣੇ ਸੁਰੱਖਿਆ ਅਤੇ ਜਾਸੂਸੀ ਏਜੰਸੀਆਂ ’ਚ ਕੰਮ ਕਰਨ ਦਾ ਮੌਕਾ ਪ੍ਰਾਪਤ ਹੋਵੇਗਾ। ਮਾਸ-ਮੀਡੀਆ ਦਾ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਮੀਡੀਆ ਹਾਊਸ ਦੇ ਨਾਲ ਨਿਜੀ ਕੰਪਨੀਆਂ ’ਚ ਜਨਸੰਪਰਕ ਅਧਿਕਾਰੀ ਦੇ ਤੌਰ ’ਤੇ ਕੰਮ ਕਰਨ ਦੀ ਰਾਹ ਪ੍ਰਾਪਤ ਹੋਵੇਗੀ। ਇਸ ਦੇ ਨਾਲ ਹੀ ਕੰਪਿਊਟਰ ਸਾਇੰਸ, ਈ-ਟੇਕਸਟੇਸ਼ਨ ਅਤੇ ਈ-ਅਕਾਉਂਟਿਗ ਦੇ ਵਿਦਿਆਰਥੀ ਡਾਟਾ ਇੰਟਰੀ ਦੇ ਨਾਲ ਬੈਂਕ ਅਤੇ ਬੀਮਾ ਖੇਤਰ ’ਚ ਆਪਣੀ ਕਿਸਮਤ ਆਜਮਾ ਸਕਦੇ ਹਨ।
ਜੀ. ਕੇ. ਨੇ ਕਿਹਾ ਕਿ ਅਜੋਕੇ ਡਿਜਿਟਲ ਯੁੱਗ ’ਚ ਪੜਾਈ ਦੇ ਨਾਲ ਵਿਦਿਆਰਥੀਆਂ ਦਾ ਹੁਨਰਮੰਦ ਹੋਣਾ ਰੋਜਗਾਰ ਦੇ ਜਿਆਦਾ ਮੌਕੇ ਉਪਲੱਬਧ ਕਰਵਾਉਂਦਾ ਹੈ। ਕੌਸ਼ਲ ਕੇਂਦਰ ਦੇ ਮਾਧਿਅਮ ਨਾਲ ਸਰਟੀਫਿਕੇਟ, ਡਿਪਲੋਮਾ, ਐਡਵਾਂਸ ਡਿਪਲੋਮਾ ਸਣੇ ਡਿਗਰੀ ਕੋਰਸ ਕਰਵਾਏ ਜਾਣਗੇ, ਜਿਸਦੀ ਮਿਆਦ ਕ੍ਰਮਵਾਰ 6 ਮਹੀਨੇ, 1, 2 ਅਤੇ 3 ਸਾਲ ਹੋਵੇਗੀ। ਜੀ।ਕੇ। ਨੇ ਇਹਨਾਂ 9 ਕੋਰਸਾਂ ਦੇ ਮਾਧਿਅਮ ਨਾਲ ਲਗਭਗ 500 ਸੀਟਾਂ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਲਈ ਵਧੇਰੇ ਪ੍ਰਾਪਤ ਹੋਣ ਦਾ ਦਾਅਵਾ ਕਰਦੇ ਹੋਏ ਤਕਨੀਕ ਅਤੇ ਰੋਜਗਾਰ ਸਿਰਜਣ ਦੀ ਨਜ਼ਰ ਨਾਲ ਖਾਲਸਾ ਕਾਲਜ ਦੀ ਪ੍ਰਾਪਤੀ ਨੂੰ ਕ੍ਰਾਂਤੀਵਾਦੀ ਪਹਿਲ ਦੱਸਿਆ। ਜੀ. ਕੇ. ਨੇ ਕਿਹਾ ਕਿ ਕਾਲਜ ’ਚ ਸਥਾਪਿਤ ਗੁਰੂ ਅੰਗਦ ਦੇਵ ਜੀ ਟੀਚਰ ਲਰਨਿੰਗ ਸੈਂਟਰ ਨੂੰ ਰਸਾਇਣ ਵਿਗਿਆਨ ਦੇ ਕੌਮੀ ਸਾਧਨ ਕੇਂਦਰ ਦੇ ਤੌਰ ’ਤੇ ਮਾਨਤਾ ਮਿਲਣ ਉਪਰੰਤ ਹੁਣ ਕਿੱਤਾਮੁੱਖੀ ਕੋਰਸਾਂ ਲਈ ਦਿੱਲੀ ਦੇ ਇੱਕੋ-ਇਕ ਕੌਸ਼ਲ ਕੇਂਦਰ ਵੱਜੋਂ ਚੁਣਿਆ ਜਾਣਾ ਕਮੇਟੀ ਦੇ ਅਦਾਰਿਆਂ ਦੀ ਕਾਬਲੀਅਤ ਦਾ ਨਮੂਨਾ ਹੈ। ਇਸ ਸਬੰਧ ’ਚ ਜਰੂਰੀ ਢਾਂਚੇ ਦਾ ਨਿਰਮਾਣ ਕਰਕੇ ਇਸੇ ਵਿਦਿਅਕ ਵਰ੍ਹੇ ਤੋਂ ਉਕਤ ਕੋਰਸਾ ਨੂੰ ਸ਼ੁਰੂ ਕਰਨ ਦਾ ਜੀ. ਕੇ. ਨੇ ਐਲਾਨ ਕੀਤਾ।
ਸਿਰਸਾ ਨੇ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ’ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਦਿੱਲੀ ’ਚ ਕਾਲਜਾਂ ਦੀ ਕਮੀ ਹੈ, 90 ਫੀਸਦੀ ਅੰਕ ਲਿਆਉਣ ਵਾਲੇ ਬੱਚੇ ਵੀ ਕਈ ਵਾਰ ਮਨਮਰਜ਼ੀ ਦੇ ਕੋਰਸਾਂ ’ਚ ਦਾਖਿਲੇ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ। ਅਰਵਿੰਦ ਕੇਜਰੀਵਾਲ ਨੇ ਦਿੱਲੀ ’ਚ 20 ਨਵੇਂ ਕਾਲਜ ਖੋਲਣ ਦਾ ਵਾਇਦਾ ਕੀਤਾ ਸੀ ਪਰ 1 ਕਾਲਜ ਵੀ ਨਹੀਂ ਖੋਲ ਪਾਇਆ। ਸੋਸ਼ਲ ਮੀਡੀਆ ’ਤੇ ਝੂਠੇ ਤੱਥਾਂ ਦੇ ਪ੍ਰਸਾਰਣ ਕਰਕੇ ਬੀਤੇ ਦਿਨੀਂ 20 ਲੋਕ ਮਾਰੇ ਗਏ ਹਨ। ਇਸ ਲਈ ਇਨ੍ਹਾਂ ਕੋਰਸਾਂ ’ਚ ਕੰਟੈਂਟ ਨੂੰ ਲੈ ਕੇ ਆਏ ਕੋਰਸ ਸੋਸ਼ਲ ਮੀਡੀਆ ਨੂੰ ਮਜਬੂਤ ਬਣਾਉਣਗੇ। ਸਿਰਸਾ ਨੇ ਕਾਲਜ ਦੇ ਚੇਅਰਮੈਨ ਅਤੇ ਪ੍ਰਿੰਸੀਪਲ ਨੂੰ ਨਵੇਂ ਕੋਰਸਾਂ ਦੇ ਲਈ ਵਧਾਈ ਦਿੰਦੇ ਹੋਏ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਅਤੇ ਦਿੱਲੀ ਦੇ ਮੁਖਮੰਤਰੀ ਨੂੰ ਦਿੱਲੀ ਦੇ ਕਾਲਜਾਂ ’ਚ ਸ਼ਾਮ ਦੀ ਸਿਫ਼ਟ ਸ਼ੁਰੂ ਕਰਨ ਲਈ ਲਿਖੇ ਗਏ 7 ਪੱਤਰਾਂ ਦਾ ਹਵਾਲਾ ਵੀ ਦਿੱਤਾ।
ਸਿਰਸਾ ਨੇ ਕਿਹਾ ਕਿ ਜੇਕਰ ਦਿੱਲੀ ਸਰਕਾਰ ਦੀ ਸੋਚ ਉਸਾਰੂ ਹੁੰਦੀ ਤਾਂ ਅੱਜ ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਦੇ ਤਹਿਤ ਦਿੱਲੀ ’ਚ 100 ਨਵੇਂ ਕਾਲਜ ਬਣ ਗਏ ਹੁੰਦੇ। ਸਿਰਸਾ ਨੇ ਕੌਸਲ ਕੇਂਦਰਾਂ ਦੀ ਸਥਾਪਨਾ ਪਿੱਛੇ ਪ੍ਰਧਾਨਮੰਤਰੀ ਦੀ ਦੂਰਦਰਸ਼ੀ ਸੋਚ ਦਾ ਜਿਕਰ ਕੀਤਾ। ਤ੍ਰਿਲੋਚਨ ਸਿੰਘ ਨੇ ਇਸੇ ਵਿੱਦਿਅਕ ਵਰ੍ਹੇ ਤੋਂ ਉਕਤ ਕੋਰਸਾਂ ਨੂੰ ਸ਼ੁਰੂ ਕਰਨ ਦਾ ਐਲਾਨ ਕਰਦੇ ਹੋਏ ਨਵੇਂ ਕੋਰਸਾਂ ’ਚ ਵੀ ਸਿੱਖ ਵਿਦਿਆਰਥੀਆਂ ਲਈ 50 ਫੀਸਦੀ ਸੀਟਾਂ ਰਾਖਵੀਂ ਹੋਣ ਦੀ ਜਾਣਕਾਰੀ ਦਿੱਤੀ। ਤ੍ਰਿਲੋਚਨ ਸਿੰਘ ਨੇ ਕਿਹਾ ਕਿ ਦਿੱਲੀ ਯੂਨੀਵਰਸਿਟੀ ਦੇ ਨੇਮਾਂ ਅਨੁਸਾਰ ਉਕਤ ਕੋਰਸਾਂ ਲਈ ਵਿਦਿਆਰਥੀ ਨੂੰ ਡਿਗਰੀ ਦਿੱਲੀ ਯੂਨੀਵਰਸਿਟੀ ਵੱਲੋਂ ਮਿਲੇਗੀ।