ਸ਼ਾਹਕੋਟ/ਮਲਸੀਆਂ, (ਏ.ਐੱਸ. ਅਜ਼ਾਦ) – ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਸ. ਨਵਜੋਤ ਸਿੰਘ ਮਾਹਲ ਐੱਸ.ਐੱਸ.ਪੀ. ਜਲੰਧਰ ਦਿਹਾਤੀ, ਸ. ਬਲਕਾਰ ਸਿੰਘ ਐੱਸ.ਪੀ. ਇੰਨਵੈਸਟੀਗੇਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ. ਦਿਲਬਾਗ ਸਿੰਘ ਡੀ.ਐੱਸ.ਪੀ. ਸ਼ਾਹਕੋਟ ਅਤੇ ਇੰਸਪੈਕਟਰ ਦਵਿੰਦਰ ਸਿੰਘ ਘੁੰਮਣ ਐੱਸ.ਐੱਚ.ਓ. ਥਾਣਾ ਸ਼ਾਹਕੋਟ ਵੱਲੋਂ ਮਾਡਲ ਥਾਣਾ ਸ਼ਾਹਕੋਟ ਵਿਖੇ ਸ਼ਹਿਰ ਦੇ ਮੋਹਤਬਰ ਵਿਅਕਤੀਆਂ ਨਾਲ ਮੀਟਿੰਗ ਕੀਤੀ ਗਈ, ਜਿਸ ਦੌਰਾਨ ਮੀਟਿੰਗ ’ਚ ਹਾਜ਼ਰ ਸਤੀਸ਼ ਰਿਹਾਨ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਬੀਬੀ ਤੇਜ਼ ਕੌਰ, ਰੋਮੀ ਗਿੱਲ, ਰਾਜ ਕੁਮਾਰ ਰਾਜੂ ਸਾਰੇ ਕੌਸਲਰ, ਬੂਟਾ ਸਿੰਘ ਕਲਸੀ ਸੀਨੀਅਰ ਕਾਂਗਰਸੀ ਆਗੂ, ਬਲਜਿੰਦਰ ਸਿੰਘ ਖਿੰਡਾ ਸਮਾਜ ਸੇਵਕ, ਕਾਮਰੇਡ ਚਰਨਜੀਤ ਸਿੰਘ ਥੰਮੂਵਾਲ, ਗੁਰਦੇਵ ਸਿੰਘ ਫੌਜੀ, ਗਗਨਦੀਪ, ਸੁਰਿੰਦਰ ਬੱਬੂ, ਡਾ. ਬੂਟਾ ਆਦਿ ਨੇ ਸਰਕਾਰ ਦੀ ਇਸ ਪਹਿਲ ਦੀ ਭਰਭੂਰ ਸ਼ਲਾਘਾ ਕੀਤੀ ਅਤੇ ਪੁਲਿਸ ਪ੍ਰਸਾਸ਼ਨ ਨੂੰ ਹਰ ਤਰਾਂ ਨਾਲ ਸਹਿਯੋਗ ਦੇਣ ਦਾ ਵਿਸ਼ਵਾਸ਼ ਜਿਤਾਇਆ। ਆਗੂਆਂ ਨੇ ਕਿਹਾ ਕਿ ਨਸ਼ਾ ਕਰਨ ਨਾਲੋਂ ਨਸ਼ਾ ਵੇਚਣ ਵਾਲਾ ਮੁੱਖ ਮੁਲਜ਼ਮ ਹੈ, ਜਿਨ੍ਹਾਂ ਨੂੰ ਨੱਥ ਪਾਉਣੀ ਬਹੁਤ ਜਰੂਰੀ ਹੈ ਅਤੇ ਨਸ਼ੇ ਦਾ ਸੇਵਨ ਕਰਨ ਵਾਲਿਆਂ ਨੂੰ ਸੁਧਰਨ ਦਾ ਮੌਕਾ ਦੇਣਾ ਚਾਹੀਦਾ ਹੈ। ਇਸ ਮੌਕੇ ਪੁਲਿਸ ਵੱਲੋਂ ਸ਼ਨੀਵਾਰ ਸਵੇਰੇ ਸ਼ਾਹਕੋਟ ਸ਼ਹਿਰ ਦੇ ਮੁਹੱਲਾ ਬਾਗਵਾਲਾ, ਧੋੜਿਆ ਸਮੇਤ ਆਦਿ ਪਾਸ ਦੇ ਪਿੰਡਾਂ ਵਿੱਚ ਛਾਪੇਮਾਰੀ ਕਰਕੇ ਨਸ਼ਿਆਂ ਦਾ ਸੇਵਨ ਕਰਨ ਵਾਲੇ ਜਿਨਾਂ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਸੀ, ਉਨ੍ਹਾਂ ਨੂੰ ਨਸ਼ਾ ਨਾ ਕਰਨ ਲਈ ਪ੍ਰੇਰਿਤ ਕੀਤਾ ਗਿਆ ਤੇ ਮੋਹਤਬਰ ਵਿਅਕਤੀਆਂ ਦੇ ਸਾਹਮਣੇ ਉਨ੍ਹਾਂ ਨੂੰ ਉਨ੍ਹਾਂ ਦੇ ਵਾਰਸਾਂ ਦੇ ਹਵਾਲੇ ਕੀਤਾ ਗਿਆ। ਇਸ ਦੌਰਾਨ ਨਸ਼ਾ ਕਰਨ ਵਾਲੇ ਨੌਜਵਾਨਾਂ ਨੇ ਨਸ਼ਾ ਨਾ ਕਰਨ ਦਾ ਪ੍ਰਣ ਕੀਤਾ, ਜਿਨ੍ਹਾਂ ਦਾ ਪੁਲਿਸ ਵੱਲੋਂ ਦਵਾਈਆਂ ਦੁਆਰਾ ਨਸ਼ਾ ਛੁਡਾਉਣ ਲਈ ਵੇਰਵੇ ਵੀ ਲਏ ਗਏ। ਇਸ ਮੌਕੇ ਸ. ਦਿਲਬਾਗ ਸਿੰਘ ਡੀ.ਐੱਸ.ਪੀ. ਸ਼ਾਹਕੋਟ ਨੇ ਕਿਹਾ ਕਿ ਸਰਕਾਰ ਵੱਲੋਂ ਚਲਾਈ ਗਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਉਨ੍ਹਾਂ ਵੱਲੋਂ ਅੱਜ ਸ਼ਾਹਕੋਟ ਅਤੇ ਆਸ-ਪਾਸ ਦੇ ਪਿੰਡਾਂ ਵਿੱਚੋਂ ਨਸ਼ਿਆਂ ਦਾ ਸੇਵਨ ਕਰਨ ਵਾਲੇ ਨੌਜਵਾਨਾਂ ਦੀ ਸ਼ਨਾਖ਼ਤ ਕਰਕੇ ਕਾਬੂ ਕੀਤਾ ਗਿਆ ਸੀ, ਜਿਨ੍ਹਾਂ ਨੂੰ ਸੁਧਰਨ ਦਾ ਮੌਕਾ ਦਿੰਦਿਆ ਪੁਲਿਸ ਵੱਲੋਂ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੋ ਵਿਅਕਤੀ ਨਸ਼ਾ ਛੱਡਣਾ ਚਾਹੁੰਦੇ ਹਨ, ਉਨ੍ਹਾਂ ਦਾ ਇਲਾਜ਼ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਇੱਕ ਸੈਂਟਰ ਸਿਵਲ ਹਸਪਤਾਲ ਨਕੋਦਰ ਵਿਖੇ ਬਣਾਇਆ ਗਿਆ ਹੈ, ਜਿੱਥੇ ਨਸ਼ੇ ਦੀ ਬਿਮਾਰੀ ਤੋਂ ਪੀੜਤ ਵਿਅਕਤੀ ਦੀ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਮਰੀਜ਼ਾਂ ਨੂੰ ਉਨ੍ਹਾਂ ਦੇ ਇਲਾਕੇ ਨਾਲ ਸਬੰਧਤ ਸਿਵਲ ਹਸਪਤਾਲ ਵਿੱਚ ਮੁਫ਼ਤ ਦਵਾਈ ਮੁਹਾਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾਵੇਗਾ ਅਤੇ ਮਾੜੇ ਅਨਸਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਜਿਹੜੇ ਵਿਅਕਤੀ ਨਸ਼ਾ ਛੱਡਣ ਦੇ ਇਛੁੱਕ ਹਨ, ਉਹ ਆਪਣੀ ਰਜਿਸਟ੍ਰੇਸ਼ਨ ਜਰੂਰ ਕਰਵਾਉਣ ਤਾਂ ਜੋ ਨਸ਼ਿਆਂ ਦੀ ਭੈੜੀ ਬਿਮਾਰੀ ਤੋਂ ਸਮਾਜ ਨੂੰ ਬਚਾਇਆ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਇੰਸਪੈਕਟਰ ਦਵਿੰਦਰ ਸਿੰਘ ਘੁੰਮਣ ਐੱਸ.ਐਚ.ਓ. ਸ਼ਾਹਕੋਟ, ਏ.ਐੱਸ.ਆਈ. ਮਨਜੀਤ ਸਿੰਘ, ਏ.ਐੱਸ.ਆਈ. ਗੋਬਿੰਦਰ ਸਿੰਘ, ਏ.ਐੱਸ.ਆਈ. ਭੁਪਿੰਦਰ ਸਿੰਘ ਆਦਿ ਹਾਜ਼ਰ ਸਨ।
ਨਸ਼ਿਆਂ ਦਾ ਸੇਵਨ ਕਰਨ ਵਾਲੇ ਕਾਬੂ ਕੀਤੇ ਨੌਜਵਾਨਾਂ ਨੂੰ ਮੋਹਤਬਰ ਵਿਅਕਤੀਆਂ ਦੀ ਹਾਜ਼ਰੀ ’ਚ ਕੀਤਾ ਨਸ਼ਿਆਂ ਖਿਲਾਫ਼ ਜਾਗਰੂਕ
This entry was posted in ਪੰਜਾਬ.