ਫ਼ਤਹਿਗੜ੍ਹ ਸਾਹਿਬ – “ਜਦੋਂ ਵੀ ਕੌਮਾਂ ਦੀ ਆਜ਼ਾਦੀ ਦੇ ਸੰਘਰਸ਼ ਆਪਣੀ ਟੀਸੀ ਤੇ ਪਹੁੰਚਣ ਵਾਲੇ ਹੁੰਦੇ ਹਨ, ਤਾਂ ਅਕਸਰ ਹੀ ਜ਼ਾਬਰ ਹਕੂਮਤਾਂ ਉਸ ਕੌਮ ਨਾਲ ਸੰਬੰਧਤ ਬੁੱਧੀਜੀਵੀਆ ਨੂੰ ਧਨ-ਦੌਲਤਾ ਦੇ ਭੰਡਾਰ ਅਤੇ ਹੋਰ ਦੁਨਿਆਵੀ ਲਾਲਸਾਵਾਂ ਵਿਚ ਉਲਝਾਕੇ ਅਜਿਹੇ ਸੰਘਰਸ਼ਾਂ ਨੂੰ ਤਾਰਪੀਡੋਂ ਕਰਨ ਅਤੇ ਕੌਮਾਂ ਦੇ ਆਜ਼ਾਦੀ ਦੇ ਸੰਘਰਸ਼ ਨੂੰ ਨੁਕਸਾਨ ਪਹੁੰਚਾਉਣ ਦੇ ਅਮਲਾਂ ਉਤੇ ਕਾਰਵਾਈਆ ਕਰਦੀਆ ਹਨ । ਪਰ ਆਜ਼ਾਦੀ ਚਾਹੁੰਣ ਵਾਲੀਆ ਕੌਮਾਂ ਅਤੇ ਆਜ਼ਾਦੀ ਦੇ ਪ੍ਰਵਾਨੇ ਅਜਿਹੇ ਸਾਜਿ਼ਸਕਾਰਾਂ ਅਤੇ ਹਕੂਮਤਾਂ ਦੀਆਂ ਸਾਜਿ਼ਸਾਂ ਨੂੰ ਅਸਫ਼ਲ ਬਣਾਉਦੇ ਹੋਏ ਆਪਣੀ ਮੰਜਿ਼ਲ ਵੱਲ ਅਡੋਲ ਵੱਧਦੇ ਹਨ ਅਤੇ ਨਿਸ਼ਾਨੇ ਦੀ ਪ੍ਰਾਪਤੀ ਕਰਕੇ ਹੀ ਦਮ ਲੈਦੇ ਹਨ । ਕੇ.ਸੀ. ਸਿੰਘ ਵਰਗੇ ਬੁੱਧੀਜੀਵੀ ਕੌਮੀ ਸੋਚ ਨੂੰ ਚਾਹੁੰਦੇ ਹੋਏ ਵੀ ਕਤਈ ਇਸ ਕਰਕੇ ਨੁਕਸਾਨ ਨਹੀਂ ਪਹੁੰਚਾ ਸਕਦੇ ਕਿਉਂਕਿ ਕੌਮਾਂ ਦੇ ਵੱਡੇ ਸੰਘਰਸ਼ ਪਿੱਛੇ ਉਸ ਅਕਾਲ ਪੁਰਖ ਦੀ ਤਾਕਤ ਦੇ ਨਾਲ-ਨਾਲ ਲੋਕਾਈ ਦੀ ਆਤਮਿਕ ਤਾਕਤ ਵੀ ਖੜ੍ਹੀ ਹੁੰਦੀ ਹੈ ਅਤੇ ਅਜਿਹੇ ਸਵਾਰਥੀ ਸੋਚ ਵਾਲੇ ਬੁੱਧੀਜੀਵੀ ਆਖਿਰ ਆਪਣੀ ਹੀ ਆਤਮਾ ਦੇ ਬੋਝ ਥੱਲ੍ਹੇ ਦੱਬਕੇ ਆਤਮਿਕ ਤੌਰ ਤੇ ਮਰ-ਮਿਟ ਜਾਂਦੇ ਹਨ ਅਤੇ ਸੰਘਰਸ਼ ਆਪਣੀ ਮੰਜਿ਼ਲ ਤੇ ਹਰ ਕੀਮਤ ਤੇ ਪਹੁੰਚਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗਿਆਨੀ ਜੈਲ ਸਿੰਘ ਦੇ ਨਾਲ ਰਹਿ ਚੁੱਕੇ ਅਫ਼ਸਰ ਕੇ.ਸੀ. ਸਿੰਘ ਵੱਲੋਂ 16 ਜੁਲਾਈ ਦੇ ਇੰਗਲਿੰਸ ਟ੍ਰਿਬਿਊਨ ਵਿਚ ‘ਦਾ ਫ਼ਲਾਡ ਆਈਡੀਆ ਆਫ਼ ਖ਼ਾਲਿਸਤਾਨ’ (ਨੁਕਸਦਾਰ ਖ਼ਾਲਿਸਤਾਨ ਦੇ ਵਿਚਾਰ) ਦੇ ਸਿਰਲੇਖ ਹੇਠ ਪ੍ਰਕਾਸਿ਼ਤ ਕੀਤੇ ਗਏ ਲੇਖ ਵਿਚ ਕੇ.ਸੀ. ਸਿੰਘ ਵੱਲੋਂ ਗੈਰ-ਦਲੀਲ ਢੰਗ ਨਾਲ ਕੌਮੀ ਸੋਚ ‘ਖ਼ਾਲਿਸਤਾਨ’ ਵਿਰੁੱਧ ਅਤੇ ਹੁਕਮਰਾਨਾਂ ਦੀ ਖੁਸ਼ੀ ਪ੍ਰਾਪਤ ਕਰਨ ਲਈ ਲਿਖੇ ਗਏ ਲੇਖ ਸੰਬੰਧੀ ਦਾ ਟ੍ਰਿਬਿਊਨ ਦੇ ਸੰਪਾਦਕ ਨੂੰ ਲਿਖੇ ਗਏ ਪੱਤਰ ਵਿਚ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਉਪਰੋਕਤ ਲੇਖਕ ਅਤੇ ਟ੍ਰਿਬਿਊਨ ਦੇ ਮੁੱਖ ਸੰਪਾਦਕ ਨੂੰ ਇਹ ਗੱਲ ਆਪਣੇ ਜ਼ਹਿਨ ਵਿਚ ਰੱਖਣੀ ਪਵੇਗੀ ਕਿ ਗੁਰੂ ਨਾਨਕ ਸਾਹਿਬ ਨੇ ਬਹੁਤ ਸਦੀਆ ਪਹਿਲੇ ਆਪਣੇ ਮੁਖਾਰਬਿੰਦ ਤੋਂ ਇਹ ਪੁਕਾਰਕੇ ‘ਨਾ ਅਸੀਂ ਹਿੰਦੂ, ਨਾ ਮੁਸਲਮਾਨ’ ਬਾਬਰ-ਜ਼ਾਬਰ ਸਿੱਖ ਕੌਮ ਦੀ ਅਣਖ਼ੀਲੀ, ਨਿਵੇਕਲੀ ਅਤੇ ਵੱਖਰੀ ਪਹਿਚਾਣ ਨੂੰ ਕੌਮਾਂਤਰੀ ਪੱਧਰ ਤੇ ਸਥਾਪਿਤ ਕਰ ਦਿੱਤਾ ਸੀ । ਇਸ ਉਪਰੰਤ ਗੁਰੂ ਅੰਗਦਦੇਵ ਸਾਹਿਬ ਨੇ ਸੰਸਕ੍ਰਿਤ ਅਤੇ ਅਰਬੀ ਭਾਸ਼ਾ ਅਤੇ ਲਿੱਪੀ ਦੀ ਵਰਤੋਂ ਕਰਕੇ ਸਾਨੂੰ ਵੱਖਰੀ ਮਨੁੱਖਤਾ ਪੱਖੀ ਪਹਿਚਾਣ ਦਿੱਤੀ । ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸਾਨੂੰ ਜੰਗਾਂ-ਯੁੱਧਾਂ ਰਾਹੀ ਆਪਣੀ ਆਜ਼ਾਦੀ ਪ੍ਰਾਪਤ ਕਰਨ ਦੀ ਗੱਲ ਕਰਕੇ ਸਿੱਖ ਸੋਚ ਨੂੰ ਮਜ਼ਬੂਤ ਕੀਤਾ ਸੀ । ਗੁਰੂ ਗੋਬਿੰਦ ਸਿੰਘ ਜੀ ਨੇ ਹਿੰਦੂ ਰਾਜਿਆ ਅਤੇ ਮੁਗਲਾਂ ਵਿਰੁੱਧ ਜੰਗ ਦਾ ਐਲਾਨ ਕਰਕੇ ਸਿੱਖ ਕੌਮ ਦੀ ਵੱਖਰੀ ਤੇ ਅਣਖ਼ੀਲੀ ਪਹਿਚਾਣ ਨੂੰ ਕਾਇਮ ਰੱਖਣ ਹਿੱਤ ਸਿੰਘ ਸਾਜਦੇ ਹੋਏ ਖ਼ਾਲਸਾਈ ਫ਼ੌਜਾਂ ਨੂੰ ਜਥੇਬੰਦ ਕੀਤਾ ਸੀ । ਬਾਬਾ ਬੰਦਾ ਸਿੰਘ ਬਹਾਦਰ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਬੇਜ਼ਮੀਨਿਆ ਨੂੰ ਰਾਜਭਾਗ ਦੀਆਂ ਜ਼ਮੀਨਾਂ ਵਿਚੋਂ ਜ਼ਮੀਨਾਂ ਦੇ ਕੇ ਦੂਸਰਿਆ ਦੇ ਬਰਾਬਰਤਾ ਵਾਲੇ ਮਾਣ-ਸਤਿਕਾਰ ਨੂੰ ਕਾਇਮ ਕੀਤਾ ਅਤੇ ਸਰਬੱਤ ਦੇ ਭਲੇ ਵਾਲੀ ਸੋਚ ਨੂੰ ਅਮਲੀ ਰੂਪ ਵਿਚ ਅੱਗੇ ਵਧਾਇਆ । ਅੰਗਰੇਜ਼ਾਂ ਦੀ ਹਕੂਮਤ ਸਮੇਂ ਸਭ ਤੋਂ ਪਹਿਲੀ ਜਮਹੂਰੀਅਤ ਪਸੰਦ ਸੰਸਥਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕਰਨ ਵਿਚ ਮੁੱਖ ਭੂਮਿਕਾ ਨਿਭਾਈ ।
ਸ. ਮਾਨ ਨੇ ਆਪਣੇ ਪੱਤਰ ਵਿਚ ਸ੍ਰੀ ਕੇ.ਸੀ. ਸਿੰਘ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਆਪਣੇ ਲੇਖ ਵਿਚ ਬੀਜੇਪੀ ਵਰਗੀ ਮੁਤੱਸਵੀ ਜਮਾਤ ਨੂੰ ਹਿੰਦੂਤਵ ਜ਼ਰੂਰ ਗਰਦਾਨਿਆ, ਪਰ ਜਿਸ ਕਾਂਗਰਸ ਜਮਾਤ ਨੇ 1984 ਵਿਚ ਸਿੱਖ ਕੌਮ ਦਾ ਬੇਰਹਿੰਮੀ ਨਾਲ ਕਤਲੇਆਮ ਕਰਕੇ ਪਾਰਲੀਮੈਂਟ ਵਿਚ ਸਿੱਖ ਵਿਰੋਧੀ ਵੋਟ ਰਾਹੀ ਬਹੁਮੱਤ ਪ੍ਰਾਪਤ ਕੀਤਾ, ਉਸ ਸੰਬੰਧੀ ਸ੍ਰੀ ਕੇ.ਸੀ. ਸਿੰਘ ਵੱਲੋਂ ਕੁਝ ਨਾ ਕਹਿਣਾ ਸੱਚਾਈ ਨੂੰ ਪ੍ਰਤੱਖ ਕਰਦਾ ਹੈ । ਉਨ੍ਹਾਂ ਨੇ ਬੀਜੇਪੀ ਤੇ ਮੋਦੀ ਜਿਨ੍ਹਾਂ ਨੇ ਘੱਟ ਗਿਣਤੀ ਕੌਮਾਂ ਉਤੇ ਬੀਤੇ ਸਮੇਂ ਵਿਚ ਕਤਲੇਆਮ ਕੀਤਾ ਅਤੇ ਜੋ ਗੁਜਰਾਤ ਅਤੇ ਇੰਡੀਆ ਦੇ ਹੋਰ ਸੂਬਿਆਂ ਵਿਚ ਘੱਟ ਗਿਣਤੀਆਂ ਉਤੇ ਨਿਰੰਤਰ ਜ਼ਬਰ-ਜੁਲਮ ਢਾਹੁੰਦੇ ਆ ਰਹੇ ਹਨ, ਉਸ ਬੀਜੇਪੀ ਤੇ ਮੋਦੀ ਸੰਬੰਧੀ ਸੱਚਾਈ ਨੂੰ ਉਜਾਗਰ ਨਾ ਕਰਨਾ ਉਪਰੋਕਤ ਲੇਖਕ ਦੀ ਮੰਦਭਾਵਨਾ ਨੂੰ ਪ੍ਰਤੱਖ ਕਰਦਾ ਹੈ । ਜਦੋਂਕਿ ਸ੍ਰੀ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਹੋਏ 2002 ਵਿਚ 60 ਹਜ਼ਾਰ ਸਿੱਖ ਜਿ਼ੰਮੀਦਾਰਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਅਤੇ ਘਰਾਂ ਤੋਂ ਬੇਦਖਲ ਕਰਕੇ ਜੁਲਮ ਕੀਤਾ ਅਤੇ ਮੁਸਲਿਮ ਕੌਮ ਅਤੇ ਘੱਟ ਗਿਣਤੀਆਂ ਦਾ ਕਤਲੇਆਮ ਕਰਕੇ ਆਪਣੀ ਵਿਧਾਨਿਕ ਜਿੰਮੇਵਾਰੀ ਤੋਂ ਮੂੰਹ ਮੋੜਿਆ, ਸ੍ਰੀ ਸਿੰਘ ਨੇ ਆਪਣੇ ਲੇਖ ਵਿਚ ਇਹ ਸਾਬਤ ਕਰਨ ਦੀ ਕੋਸਿ਼ਸ਼ ਕੀਤੀ ਹੈ ਕਿ ਸਿੱਖਾਂ ਦੀ ਕਿਸਮਤ ਦਾ ਫੈਸਲਾ ਬੁੱਧੀਜੀਵੀ ਵਰਗ ਕਰੇਗਾ । ਅਸੀਂ ਸ੍ਰੀ ਕੇ.ਸੀ. ਸਿੰਘ ਤੋਂ ਅਤੇ ਉਨ੍ਹਾਂ ਵਰਗੇ ਹੋਰ ਬੁੱਧੀਜੀਵੀਆਂ ਤੋਂ ਪੁੱਛਣਾ ਚਾਹਵਾਂਗੇ ਕਿ ਸਿੱਖਾਂ ਉਤੇ ਜ਼ਬਰ-ਜੁਲਮ ਕਰਨ ਵਾਲਿਆ ਨੂੰ ਉਹ ਕਾਨੂੰਨ ਅਨੁਸਾਰ ਸਜ਼ਾ ਦਿਵਾਉਣ ਦੀ ਕਾਬਲੀਅਤ ਰੱਖਦੇ ਹਨ ? ਕੀ ਇਹ ਬੁੱਧੀਜੀਵੀ ਸਿੱਖ ਮੈਰਿਜ ਐਕਟ ਬਣਵਾ ਸਕਦੇ ਹਨ ? ਕੀ ਇਹ ਪੰਜਾਬ ਦੇ ਪਾਣੀਆ ਦੇ ਕਾਨੂੰਨੀ ਹੱਕ ਦਿਵਾ ਸਕਦੇ ਹਨ ? ਪੰਜਾਬੀ ਬੋਲਦੇ ਜੋ ਇਲਾਕੇ ਹਰਿਆਣਾ, ਹਿਮਾਚਲ, ਯੂਟੀ. ਚੰਡੀਗੜ੍ਹ ਅਤੇ ਰਾਜਸਥਾਂਨ ਵਿਚ ਸਾਜਿ਼ਸ ਨਾਲ ਚਲੇ ਗਏ ਹਨ ਕੀ ਉਨ੍ਹਾਂ ਪੰਜਾਬੀ ਬੋਲਦੇ ਇਲਾਕਿਆ ਨੂੰ ਵਾਪਸ ਪੰਜਾਬ ਵਿਚ ਸਾਮਿਲ ਕਰਵਾ ਸਕਦੇ ਹਨ ? ਪੰਜਾਬ ਦੇ ਡੈਮਾਂ ਦਾ ਪੂਰਨ ਕੰਟਰੋਲ ਪੰਜਾਬ ਦੇ ਹਵਾਲੇ ਕਰਵਾ ਸਕਦੇ ਹਨ ? ਕੀ ਇਹ ਬੁੱਧੀਜੀਵੀ ਨਹਿਰੂ ਵੱਲੋਂ ਲੇਡੀ ਮਾਊਟਵੈਟਨ ਨਾਲ ਆਪਣੇ ਸੰਬੰਧਾਂ ਦੀ ਦੁਰਵਰਤੋਂ ਕਰਕੇ ਬਣਾਈ ਗਈ ਰੈਡਕਲਿਫ਼ ਲਾਈਨ ਦਾ ਅੰਤ ਕਰਕੇ ਸਿੱਖ ਕੌਮ ਨੂੰ ਉਨ੍ਹਾਂ ਦਾ ਹੱਕ ਦਿਵਾ ਸਕਦੇ ਹਨ ? ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਇਕ ਆਈ.ਸੀ.ਐਸ. ਸਿੱਖ ਅਫ਼ਸਰ ਸਰਦਾਰ ਨਵਾਬ ਸਿੰਘ ਜੋ ਰੈਡਕਲਿਫ਼ ਕਮਿਸ਼ਨ ਦੇ ਸਕੱਤਰ ਸਨ, ਕੀ ਉਹ ਸਿੱਖ ਵਸੋਂ ਵਾਲੇ ਇਲਾਕਿਆ, ਇਤਿਹਾਸ ਅਤੇ ਸਿੱਖ ਕੌਮ ਨਾਲ ਸੰਬੰਧਤ ਖੇਤਰਫ਼ਲ ਨੂੰ ਨਜ਼ਰ ਅੰਦਾਜ ਕਰਕੇ ਬਣਾਈ ਗਈ ਰੈਡਕਲਿਫ਼ ਲਾਈਨ ਨਾਲ ਅਸਹਿਮਤੀ ਦੇ ਸਬੂਤ ਦੇ ਸਕਦੇ ਹਨ ? ਕੀ ਜੋ ਪੰਜਾਬ ਦੇ ਜਿ਼ੰਮੀਦਾਰ ਹਨ, ਵਪਾਰ ਵਿਚ ਵੱਡਾ ਘਾਟਾ ਪਿਆ ਹੈ ਉਸ ਦੀ ਪੂਰਤੀ ਕਰਵਾਉਣ ਦੇ ਸਮਰੱਥ ਹਨ ? ਜੋ ਨਹਿਰੂ ਨੇ ਸਿੱਖਾਂ ਨਾਲ ਆਜ਼ਾਦੀ ਦਾ ਨਿੱਘ ਦੇਣ ਦੇ ਬਚਨ ਕੀਤੇ ਸਨ, ਕੀ ਉਸਨੂੰ ਕੇ.ਸੀ. ਸਿੰਘ ਵਰਗੇ ਬੁੱਧੀਜੀਵੀ ਪੂਰਨ ਕਰਵਾਉਣ ਦੀ ਸਮਰੱਥਾ ਰੱਖਦੇ ਹਨ ? ਕੀ ਗੁਰੂ ਨਾਨਕ ਸਾਹਿਬ ਜੀ ਵੱਲੋਂ ਪੁਕਾਰੇ ਉਨ੍ਹਾਂ ਸ਼ਬਦਾਂ ਬਾਬਰ-ਜ਼ਾਬਰ ਅਤੇ ਸਿੱਖਾਂ ਉਤੇ ਹੋਏ ਜ਼ਬਰ-ਜੁਲਮ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲਾ ਕੋਈ ਵਿਦਵਾਨ ਸਿੱਖ ਵਜ਼ੀਰ-ਏ-ਆਜ਼ਮ ਹੈ ?
ਇਸ ਲੇਖ ਦਾ ਲੇਖਕ ਸਿੱਖਾਂ ਨੂੰ ਸ਼ਰਾਰਤੀ ਅਨਸਰ ਲਿਖ ਰਿਹਾ ਹੈ । ਕੀ ਸ੍ਰੀ ਕੇ.ਸੀ. ਸਿੰਘ ਸਿੱਖਾਂ ਦਾ ਕਤਲੇਆਮ ਕਰਨ ਵਾਲੇ ਹਿੰਦੂਆ ਲਈ ਇਹ ਸ਼ਬਦ ਵਰਤ ਸਕਦੇ ਹਨ ? ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਜਦੋਂ 1984 ਵਿਚ ਸਿੱਖ ਕੌਮ ਦਾ ਕਤਲੇਆਮ ਹੋਇਆ, ਸ੍ਰੀ ਕੇ.ਸੀ. ਸਿੰਘ ਉਸ ਸਮੇਂ ਗਿਆਨੀ ਜੈਲ ਸਿੰਘ ਸਦਰ-ਏ-ਹਿੰਦ ਨਾਲ ਬਤੌਰ ਅਫ਼ਸਰ ਸਨ ਕੀ ਉਨ੍ਹਾਂ ਨੇ ਆਪਣੀ ਅਫ਼ਸਰ ਦੀ ਹੈਸੀਅਤ ਵਿਚ ਗਿਆਨੀ ਜੈਲ ਸਿੰਘ ਜੋ ਤਿੰਨੋ ਫੌਜਾਂ ਦੇ ਮੁੱਖੀ ਸਨ, ਨੂੰ ਸਿੱਖਾਂ ਦੀਆਂ ਜਿੰਦਗੀਆਂ, ਜ਼ਾਇਦਾਦਾਂ ਅਤੇ ਉਨ੍ਹਾਂ ਦੇ ਮਾਣ-ਸਤਿਕਾਰ ਨੂੰ ਬਚਾਉਣ ਲਈ ਕੋਈ ਗੱਲ ਕੀਤੀ ? ਗਿਆਨੀ ਜੈਲ ਸਿੰਘ ਅਤੇ ਮਿਸਟਰ ਸਿੰਘ ਜਿਨ੍ਹਾਂ ਨੇ ਹਿੰਦ ਦੇ ਵਿਧਾਨ ਦੀ ਸੌਹ ਚੁੱਕੀ ਹੈ ਅਤੇ ਜਿਸ ਵਿਧਾਨ ਦੀ ਆਰਟੀਕਲ 21 ਬਰਾਬਰਤਾ ਦੇ ਹੱਕ ਦਿੰਦੀ ਹੈ, ਕੀ ਉਹ ਹਿੰਦੂ ਦਹਿਸਤਗਰਦਾ ਲਈ ਅੱਤਵਾਦੀ ਜਾਂ ਸ਼ਰਾਰਤੀ ਅਨਸਰ ਦੀ ਵਰਤੋਂ ਕਰ ਸਕਦੇ ਹਨ ?
ਉਪਰੋਕਤ ਲੇਖਕ ਇਹ ਵੀ ਕਹਿ ਰਹੇ ਹਨ ਕਿ ਫ਼ੌਜੀ ਢੰਗਾਂ ਤੋਂ ਰਹਿਤ ਢੰਗ-ਤਰੀਕੇ ਅਪਣਾਉਣੇ ਚਾਹੀਦੇ ਹਨ। ਜਦੋਂਕਿ ਹਿੰਦੂ ਅਤੇ ਮੀਡੀਆ ਸਿੱਖ ਕੌਮ ਨੂੰ ਨਿਰੰਤਰ ਅੱਤਵਾਦੀ, ਸ਼ਰਾਰਤੀ ਅਨਸਰ, ਗਰਮਦਲੀਏ ਅਤੇ ਵੱਖਵਾਦੀ ਪੁਕਾਰਦਾ ਆ ਰਿਹਾ ਹੈ । ਫਿਰ ਇਹ ਵੀ ਪ੍ਰਤੱਖ ਹੈ ਕਿ ਹਿੰਦੂਆ ਦੇ ਆਜ਼ਾਦੀ ਅੰਦੋਲਨ ਸਮੇਂ ਹਿੰਦੂ ਆਗੂ ਗਾਂਧੀ ਤੇ ਨਹਿਰੂ ਨੇ ਅਮਨ-ਚੈਨ ਅਤੇ ਅੱਤਵਾਦੀ ਢੰਗਾਂ ਦੀ ਅੰਗਰੇਜ਼ ਹਕੂਮਤ ਵਿਰੁੱਧ ਵਰਤੋਂ ਕੀਤੀ ਸੀ । ਗਾਂਧੀ ਅਤੇ ਨਹਿਰੂ ਨੇ ਆਜ਼ਾਦੀ ਦੇ ਅੰਦੋਲਨ ਨੂੰ ਤੇਜ਼ ਕਰਨ ਲਈ ਸ੍ਰੀ ਸੁਭਾਸ ਚੰਦਰ ਬੋਸ ਨੂੰ ਜਰਮਨੀ ਦੇ ਹਿਟਲਰ, ਇਟਲੀ ਦੇ ਮੋਸੋਲੀਨੀ ਅਤੇ ਜਪਾਨ ਦੇ ਟੋਜੋ ਵਾਲੇ ਢੰਗ-ਤਰੀਕੇ ਅਪਣਾਉਣ ਲਈ ਇਨ੍ਹਾਂ ਮੁਲਕਾਂ ਵਿਚ ਭੇਜਿਆ ਸੀ । ਜਦੋਂਕਿ ਮੌਜੂਦਾ ਹਿੰਦੂਤਵ ਆਗੂ ਅੱਜ ਵੀ ਘੱਟ ਗਿਣਤੀ ਕੌਮਾਂ ਉਤੇ ਜ਼ਬਰ-ਜੁਲਮ ਕਰਨ ਲਈ ਸਭ ਗੈਰ-ਜਮਹੂਰੀ ਤੇ ਗੈਰ-ਕਾਨੂੰਨੀ ਢੰਗਾਂ ਦੀ ਵਰਤੋਂ ਕਰ ਰਹੇ ਹਨ। ਫਿਰ ਲੇਖਕ ਸਿੱਖ ਕੌਮ ਨੂੰ ਕਿਸ ਦਲੀਲ ਅਧੀਨ ਅਮਨ-ਚੈਨ ਅਤੇ ਜਮਹੂਰੀਅਤ ਦਾ ਪਾਠ ਪੜ੍ਹਾਉਣ ਦੀ ਕੋਸਿ਼ਸ਼ ਕਰ ਰਹੇ ਹਨ ?
ਫਿਰ ਲੇਖਕ ਨੇ ਏਅਰ ਇੰਡੀਆ ਦੇ ਹਵਾਈ ਜ਼ਹਾਜ ਦਾ ਜੋ ਆਰਿਸ ਸਮੁੰਦਰ ਵਿਚ ਕੈਨੇਡਾ ਤੋਂ ਉਡਾਨ ਭਰਕੇ ਵਿਸਫੋਟ ਹੋਇਆ ਸੀ, ਉਸ ਬਾਰੇ ਉਸ ਵਿਚ ਬੰਬ ਹੋਣ ਦੀ ਗੱਲ ਕਰ ਰਹੇ ਹਨ । ਪ੍ਰੰਤੂ ਆਇਰਲੈਡ ਦੀ ਕੋਰਨਰ ਜਾਂਚ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਉਡਾਨ ਵਿਚ ਕੋਈ ਬਲਾਸਟ ਨਹੀਂ ਸੀ । ਇਥੋਂ ਤੱਕ ਇਸ ਉਡਾਨ ਦੇ ਕੈਨੇਡਾ ਤੋਂ ਚੱਲਣ ਸਮੇਂ ਤੋਂ ਕੁਝ ਸਮਾਂ ਪਹਿਲੇ ਦੋ ਇੰਡੀਅਨ ਡਿਪਲੋਮੈਟਸ ਜਿਨ੍ਹਾਂ ਨੇ ਇਸ ਉਡਾਨ ਰਾਹੀ ਇੰਡੀਆ ਆਉਣਾ ਸੀ, ਉਨ੍ਹਾਂ ਨੇ ਆਪਣੀਆ ਟਿਕਟਾ ਕੈਸਲ ਕਰਵਾ ਦਿੱਤੀਆ ਸਨ, ਕਿਉਂ ? ਫਿਰ ਕੈਨੇਡਾ ਦੀ ਹਕੂਮਤ ਨੇ ਦੋ ਇੰਡੀਅਨ ਡਿਪਲੋਮੈਟਸ ਨੂੰ ਬਰਖਾਸਤ ਕਰ ਦਿੱਤਾ ਸੀ । ਜਦੋਂਕਿ ਅਜਿਹਾ ਪਹਿਲਾ ਕਦੀ ਨਹੀਂ ਹੋਇਆ । ਇਹ ਦੋ ਇੰਡੀਅਨ ਡਿਪਲੋਮੈਟਸ ਇੰਡੀਅਨ ਖੂਫੀਆ ਏਜੰਸੀਆ ਦੇ ਵੱਡੇ ਅਫ਼ਸਰ ਸਨ । ਜਿਨ੍ਹਾਂ ਦੇ ਦਿਮਾਗ ਨੇ ਕਨਿਸਕਾ ਹਵਾਈ ਕਾਂਡ ਵਿਚ ਭੂਮਿਕਾ ਨਿਭਾਈ ।
ਇਹ ਕੇਸ ਅੱਜ ਵੀ ਨਹੀਂ ਸੁਲਝਿਆ। ਇਸ ਸੰਬੰਧੀ ਸਿੱਖਾਂ ਨੂੰ ਦੋਸ਼ੀ ਠਹਿਰਾਉਣ ਦਾ ਅੱਜ ਤੱਕ ਕੋਈ ਸਬੂਤ ਸਾਹਮਣੇ ਨਹੀਂ ਆਇਆ । ਜੇਕਰ ਲੇਖਕ ਸਿੱਖ ਨੌਜ਼ਵਾਨਾਂ ਨੂੰ ਸ਼ਰਾਰਤੀ ਅਨਸਰ ਸਾਬਤ ਕਰਨ ਦੀ ਗੱਲ ਕਰਦੇ ਹਨ ਤਾਂ ਅਸੀਂ ਇਹ ਮਸਵਰਾ ਦੇਵਾਂਗੇ ਕਿ ਜਿਸ ਵਜ਼ੀਰ-ਏ-ਆਜ਼ਮ ਨਰਿੰਦਰ ਮੋਦੀ ਨੇ ਗੁਜਰਾਤ ਵਿਚ ਮੁਸਲਮਾਨਾਂ ਦਾ ਕਤਲੇਆਮ ਕੀਤਾ, ਜਿਸ ਬੀਜੇਪੀ, ਆਰ.ਐਸ.ਐਸ ਤੇ ਕਾਂਗਰਸ ਨੇ ਮਿਲੀਭੁਗਤ ਰਾਹੀ ਸਿੱਖ ਕੌਮ ਦਾ ਕਤਲੇਆਮ ਕੀਤਾ ਅਤੇ ਜੋ ਉਪਰੋਕਤ ਮੁਤੱਸਵੀ ਜਮਾਤਾਂ ਤੇ ਆਗੂ ਅਤੇ ਅਗਨੀਵੇਸ ਵਰਗੇ ਝਾਰਖੰਡ ਵਿਚ ਅਤੇ ਹੋਰਨਾਂ ਸੂਬਿਆ ਵਿਚ ਘੱਟ ਗਿਣਤੀ ਕੌਮਾਂ, ਕਬੀਲਿਆਂ ਤੇ ਆਦਿਵਾਸੀਆਂ ਦੇ ਜ਼ਬਰੀ ਧਰਮ ਬਦਲ ਰਹੇ ਹਨ ਅਤੇ ਜ਼ਬਰ-ਜੁਲਮ ਕਰ ਰਹੇ ਹਨ, ਉਨ੍ਹਾਂ ਨੂੰ ਵੀ ਇਹ ਲੇਖਕ ਸ਼ਰਾਰਤੀ ਅਨਸਰ, ਅੱਤਵਾਦੀ ਲਿਖਣ ਦਾ ਹੌਸਲਾ ਕਰਨ । ਫਿਰ ਹੀ ਇਹ ਲੇਖਕ ਇਸ ਦਿਸ਼ਾ ਵੱਲ ਕੋਈ ਗੱਲ ਕਰਨ ਦਾ ਹੱਕ ਰੱਖਦੇ ਹਨ । ਅਮਰੀਕਾ, ਸਾਊਦੀ ਅਰਬ ਤੇ ਮਿਡਲ ਈਸਟ ਵਿਚ ਜੋ ਵਹਾਬੀ ਲਹਿਰ ਚਲਾ ਰਹੇ ਹਨ ਅਤੇ ਕੌਮਨਿਜਮ ਨੂੰ ਫੈਲਣ ਤੋਂ ਰੋਕਣ ਅਤੇ ਸੋਵੀਅਤ ਯੂਨੀਅਨ ਦਾ ਦਬਦਬਾ ਵੱਧਣ ਤੋਂ ਕਾਰਵਾਈਆ ਕਰ ਰਹੇ ਹਨ ਅਤੇ ਅਜਿਹੀਆ ਕਾਰਵਾਈਆ ਦੀ ਅਮਰੀਕਾ ਸਰਪ੍ਰਸਤੀ ਕਰ ਰਿਹਾ ਹੈ, ਉਸ ਬਾਰੇ ਉਪਰੋਕਤ ਲੇਖਕ ਕੀ ਕਹਿਣਾ ਚਾਹੁੰਣਗੇ ?
ਉਪਰੋਕਤ ਲੇਖਕ ਜਸਪਾਲ ਸਿੰਘ ਅਟਵਾਲ ਬਾਰੇ ਵੀ ਲਿਖ ਰਹੇ ਹਨ । ਇਸ ਸੰਬੰਧੀ ਜੋ ਕੌਮਾਂਤਰੀ ਪੱਧਰ ਤੇ ਸਾਹਮਣੇ ਆਇਆ ਹੈ, ਅਸੀਂ ਉਸ ਸੰਬੰਧੀ ਜਾਣਕਾਰੀ ਦੇਣੀ ਚਾਹਵਾਂਗੇ ਕਿ ਸ੍ਰੀ ਅਟਵਾਲ ਨੂੰ ਹਿੰਦ ਹਕੂਮਤ ਨੇ ਸਿੱਖ ਕੌਮ ਦੀ ਬਣਾਈ ਗਈ ਕਾਲੀ ਸੂਚੀ ਵਿਚ ਪਾਇਆ ਹੋਇਆ ਸੀ, ਜਿਸ ਦੀ ਹਿੰਦ ਦਾ ਵਿਧਾਨ ਬਣਾਉਣ ਦੀ ਇਜ਼ਾਜਤ ਨਹੀਂ ਦਿੰਦਾ, ਫਿਰ ਇਸੇ ਹਿੰਦ ਹਕੂਮਤ ਨੇ ਉਸ ਸ੍ਰੀ ਅਟਵਾਲ ਦੇ ਨਾਮ ਨੂੰ ਕਾਲੀ ਸੂਚੀ ਵਿਚੋਂ ਖ਼ਤਮ ਕੀਤਾ, ਫਿਰ ਉਸ ਨੂੰ ਇੰਡੀਆ ਆਉਣ ਲਈ ਵੀਜਾ ਦਿੱਤਾ । ਜੋ ਕਿ ਸ੍ਰੀ ਜਸਟਿਨ ਟਰੂਡੋ ਵਜ਼ੀਰ-ਏ-ਆਜ਼ਮ ਕੈਨੇਡਾ ਦੀ ਟੀਮ ਵਿਚ ਉਪਰੋਕਤ ਸ੍ਰੀ ਅਟਵਾਲ ਦਾ ਨਾਮ ਦਰਜ ਕੀਤਾ ਗਿਆ, ਇਸ ਗੱਲ ਤੋਂ ਸਪੱਸ਼ਟ ਰੂਪ ਵਿਚ ਪ੍ਰਤੱਖ ਹੋ ਜਾਂਦਾ ਹੈ ਕਿ ਹਿੰਦੂਤਵ ਹੁਕਮਰਾਨ ਇਕ ਗਿਣੀਮਿੱਥੀ ਸਾਜਿ਼ਸ ਅਧੀਨ ਕੈਨੇਡੀਅਨ ਵਜ਼ੀਰ-ਏ-ਆਜ਼ਮ ਦੀ ਟੀਮ ਵਿਚ ਸ੍ਰੀ ਅਟਵਾਲ ਦਾ ਨਾਮ ਪਾ ਕੇ ਆਪਣੀ ਹਿੰਦੂ ਪ੍ਰੈਸ ਰਾਹੀ ਮਨਘੜਤ ਕਹਾਣੀਆ ਬਣਾਕੇ ਸਿੱਖ ਕੌਮ ਨੂੰ ਅਤੇ ਕੈਨੇਡਾ ਦੇ ਸਿੱਖ ਕੌਮ ਪੱਖੀ ਵਜ਼ੀਰ-ਏ-ਆਜ਼ਮ ਨੂੰ ਬਦਨਾਮ ਕਰਨਾ ਚਾਹੁੰਦੇ ਸਨ । ਜਿਸ ਵਿਚ ਇਹ ਹਿੰਦੂ ਲਾਬੀ ਕਾਮਯਾਬ ਨਹੀਂ ਹੋ ਸਕੀ ।
ਅਖੀਰ ਵਿਚ ਅਸੀਂ ਉਪਰੋਕਤ ਬੁੱਧੀਜੀਵੀ ਲੇਖਕ ਨੂੰ ਕਹਿਣਾ ਚਾਹਵਾਂਗੇ ਕਿ ਉਹ ਆਪਣੇ ਦਿਮਾਗ ਵਿਚ ਸਰਬੱਤ ਦਾ ਭਲਾ ਚਾਹੁੰਣ ਵਾਲੀ ਸਿੱਖ ਕੌਮ ਪ੍ਰਤੀ ਅਤੇ ਕੌਮੀ ਘਰ ਖ਼ਾਲਿਸਤਾਨ ਪ੍ਰਤੀ ਹਿੰਦੂਤਵ ਹੁਕਮਰਾਨਾਂ ਦੇ ਪ੍ਰਭਾਵ ਹੇਠ ਬਣਾਏ ਗਏ ਮੰਦਭਾਵਨਾ ਭਰੇ ਨਕਸ਼ੇ ਨੂੰ ਜੇਕਰ ਖ਼ਤਮ ਕਰ ਸਕਣ ਅਤੇ ਟ੍ਰਿਬਿਊਨ ਦੇ ਅਦਾਰੇ ਨੂੰ ਵੀ ਇਹ ਅਪੀਲ ਕਰਨੀ ਚਾਹਵਾਂਗੇ ਕਿ ਉਹ ਅਜਿਹੀਆ ਸਿੱਖ ਕੌਮ ਦੀ ਪਵਿੱਤਰ ਸਤਿਕਾਰਯੋਗ ਬਣੇ ਅਕਸ ਨੂੰ ਖਰਾਬ ਕਰਨ ਹਿੱਤ ਪ੍ਰਕਾਸਿਤ ਕੀਤੀਆ ਜਾ ਰਹੀਆ ਰਚਨਾਵਾ ਭਾਵੇ ਉਹ ਕਿਸੇ ਅਖੌਤੀ ਬੁੱਧੀਜੀਵੀ ਸਿੱਖ ਵੱਲੋਂ ਹੋਣ ਜਾਂ ਕਿਸੇ ਹੋਰ ਕੌਮ ਦੇ ਹਿੰਦੂਆ ਦੇ ਪ੍ਰਭਾਵ ਹੇਠ ਆਏ ਲੇਖਕ ਦੀਆ ਹੋਣ, ਸਿੱਖ ਕੌਮ ਦੇ ਮਨਾਂ ਤੇ ਆਤਮਾਵਾਂ ਨੂੰ ਠੇਸ ਪਹੁੰਚਾਉਣ ਵਾਲੀਆ ਲਿਖਤਾ ਪ੍ਰਕਾਸਿ਼ਤ ਨਾ ਕਰਨ ਤਾਂ ਇਹ ਇੰਡੀਆ ਦੇ ਅਮਨ-ਚੈਨ, ਜਮਹੂਰੀਅਤ ਕਦਰਾ-ਕੀਮਤਾ ਨੂੰ ਕਾਇਮ ਰੱਖਣ ਲਈ ਜਿਥੇ ਬਿਹਤਰ ਹੋਵੇਗਾ, ਉਥੇ ਸਿੱਖ ਕੌਮ ਵਰਗੀ ਇਮਾਨਦਾਰ, ਬਹਾਦਰ ਅਤੇ ਸਰਬੱਤ ਦਾ ਭਲਾ ਚਾਹੁੰਣ ਵਾਲੀ ਕੌਮ ਦੇ ਅਕਸ ਨੂੰ ਗੰਧਲਾ ਕਰਨ ਤੋਂ ਤੋਬਾ ਕਰ ਸਕਣ ਤਾਂ ਇਹ ਸਭ ਲਈ ਅੱਛਾ ਹੋਵੇਗਾ ।