ਸ਼ਾਹਕੋਟ/ਮਲਸੀਆਂ, (ਏ.ਐੱਸ. ਸਚਦੇਵਾ) – ਸਟੇਟ ਪਬਲਿਕ ਸਕੁਲ ਸ਼ਾਹਕੋਟ ਵਿਖੇ ਸਕੂਲ ਪ੍ਰਧਾਨ ਡਾ. ਨਰੋਤਮ ਸਿੰਘ ਅਤੇ ਉਪ ਪ੍ਰਧਾਨ ਡਾ. ਗਗਨਦੀਪ ਕੌਰ ਦੀ ਅਗਵਾਈ ਹੇਠ ਨਰਸਰੀ ਵਿਭਾਗ ਵੱਲੋਂ ‘ਰੈੱਡ ਡੇ’ ਮਨਾਉਂਦਿਆਂ ਹੋਇਆਂ ‘ਸ਼ੇਅਰਿੰਗ’ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਮੌਕੇ ਸਕੂਲ ਦੇ ਨਰਸਰੀ ਵਿਭਾਗ ਦੇ ਸਾਰੇ ਹੀ ਵਿਦਿਆਰਥੀ ਲਾਲ ਪੋਸ਼ਾਕਾਂ ਵਿੱਚ ਸਕੂਲ ਆਏ ਅਤੇ ਆਪਣੇ ਨਾਲ ਲਾਲ ਰੰਗ ਦੇ ਖਿਡੌਣੇ, ਫਲ ਅਤੇ ਹੋਰ ਖਾਣ-ਪੀਣ ਦੀਆਂ ਵਸਤੂਆਂ ਆਦਿ ਲੈ ਕੇ ਹਾਜਰ ਹੋਏ। ਇਸ ਮੌਕੇ ਨਰਸਰੀ, ਐੱਲ.ਕੇ.ਜੀ ਅਤੇ ਯੂ.ਕੇ.ਜੀ ਦੀਆਂ ਅਧਿਆਪਿਕਾਵਾਂ ਵੱਲੋ ਸਵੇਰ ਦੀ ਸਭਾ ਵਿਸ਼ੇਸ਼ ਰੂਪ ਵਿੱਚ ਕਰਵਾਈ ਗਈ। ਇਸ ਸਭਾ ਵਿੱਚ ਵਿਦਿਆਰਥੀਆਂ ਨੂੰ ਲਾਲ ਰੰਗ ਦੀਆਂ ਵਸਤੂਆਂ ਸੰਬੰਧੀ ਕਵਿਤਾਵਾਂ ਅਤੇ ਕਹਾਣੀਆਂ ਰਾਹੀ ਜਾਣਕਾਰੀ ਦਿੱਤੀ ਗਈ ਅਤੇ ਵਿਦਿਅਰਥੀਆਂ ਪਾਸੋਂ ਕਵਿਤਾ ਅਤੇ ਕਹਾਣੀ ਉਚਾਰਨ ਕਰਵਾਇਆ ਗਿਆ। ਇਸ ਉਪਰੰਤ ਵਿਦਿਆਰਥੀਆਂ ਨੂੰ ‘ਸ਼ੇਅਰਿੰਗ’ ਗਤੀਵਿਧੀ ਕਰਵਾਈ ਗਈ, ਜਿਸ ਵਿੱਚ ਵਿਦਿਆਰਥੀਆਂ ਨੇ ਆਪਣੇ ਖਿਡੌਣੇ ਅਤੇ ਦੁਪਹਿਰ ਦਾ ਖਾਣਾ ਆਦਿ ਇੱਕ ਦੂਜੇ ਨਾਲ ਸਾਂਝਾ ਕੀਤਾ। ਨਰਸਰੀ ਵਿੰਗ ਇੰਚਾਰਜ ਮੈਡਮ ਕਰਮਜੀਤ ਕੌਰ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ੇਅਰਿੰਗ ਗਤੀਵਿਧੀ ਰਾਹੀ ਵਿਦਿਆਰਥੀਆਂ ਵਿੱਚ ਭਾਈਚਾਰਕ ਸਾਂਝ ਦਾ ਵਿਕਾਸ ਹੁੰਦਾ ਹੈ ਅਤੇ ਇਹ ਚੰਗੇ ਸਮਾਜਿਕ ਨਾਗਰਿਕ ਤਿਆਰ ਕਰਨ ਦੀ ਇੱਕ ਨੀਂਹ ਹੈ। ਸਕੂਲ ਕੋਆਰਡੀਨੇਟਰ ਸ਼੍ਰੀ ਚੰਦਰ ਮੋਹਨ ਨੇ ਕਿਹਾ ਕਿ ‘ਰੈਡ ਡੇ’ ਮਨਾਉਣ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਲਾਲ ਰੰਗ ਅਤੇ ਉਸ ਨਾਲ ਸੰਬੰਧਤ ਵਸਤੂਆਂ ਦੀ ਸਮਝ ਕਰਵਾਉਣਾ ਹੈ, ਅਜਿਹੀਆਂ ਗਤੀਵਿਧੀਆਂ ਰਾਹੀ ਵਿਦਿਆਰਥੀ ਜਲਦ ਸਿੱਖਦੇ ਹਨ। ਇਸ ਗਤੀਵਿਧੀ ਲਈ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਦਿੱਤੇ ਗਏ ਸਹਿਯੋਗ ਲਈ ਉਨਾਂ ਮਾਪਿਆਂ ਦਾ ਧੰਨਵਾਦ ਕੀਤਾ।