ਸ਼ਾਹਕੋਟ/ਮਲਸੀਆਂ – (ਏ.ਐੱਸ. ਸਚਦੇਵਾ) ਸ਼ਾਹਕੋਟ ਦੇ ਮੁਹੱਲਾ ਢੇਰੀਆਂ ਵਿਖੇ ਚੋਰਾਂ ਨੇ ਇੱਕ ਬੰਦ ਪਈ ਕੋਠੀ ਨੂੰ ਨਿਸ਼ਾਨਾ ਬਣਾ ਕੇ ਲੱਖਾ ਰੁਪਏ ਦੇ ਗਹਿਣੇ ਅਤੇ ਕੀਮਤੀ ਸਮਾਨ ਚੋਰੀ ਕਰ ਲਿਆ। ਜਾਣਕਾਰੀ ਅਨੁਸਾਰ ਨੰਬਰਦਾਰ ਗੁਰਭਿੰਦਰ ਸਿੰਘ ਉਰਫ਼ ਭਿੰਦਾ ਪੁੱਤਰ ਦਰਸ਼ਨ ਸਿੰਘ ਵਾਸੀ ਮੁਹੱਲਾ ਢੇਰੀਆ ਸ਼ਾਹਕੋਟ ਬੀਤੇ ਕਰੀਬ ਸਵਾ ਮਹੀਨਾ ਪਹਿਲਾ ਆਪਣੇ ਪਰਿਵਾਰ ਸਮੇਂ ਸੈਰ ਲਈ ਕੈਨੇਡਾ ਗਿਆ ਸੀ, ਜਿਸ ਉਪਰੰਤ ਕੋਠੀ ਦੀ ਦੇਖ-ਰੇਖ ਉਸ ਦਾ ਦੋਸਤ ਅਵਤਾਰ ਸਿੰਘ ਤਾਰੀ ਪੁੱਤਰ ਦਰਸ਼ਨ ਸਿੰਘ ਵਾਸੀ ਮੁਹੱਲਾ ਬਾਗਵਾਲਾ ਸ਼ਾਹਕੋਟ ਕਰਦਾ ਸੀ। ਬੀਤੇ ਕਰੀਬ ਇੱਕ ਹਫ਼ਤਾ ਪਹਿਲਾ ਜਦ ਅਵਤਾਰ ਸਿੰਘ ਨੇ ਕੋਠੀ ਵਿੱਚ ਆ ਕੇ ਦੇਖਿਆ ਤਾਂ ਸਭ ਕੁੱਝ ਠੀਕ ਸੀ। ਵੀਰਵਾਰ ਬਾਅਦ ਦੁਪਹਿਰ ਕਰੀਬ 1:30 ਵਜੇ ਨੰਬਰਦਾਰ ਗੁਰਭਿੰਦਰ ਸਿੰਘ ਜਦ ਵਿਦੇਸ਼ ਤੋਂ ਵਾਪਸ ਆਇਆ ਤਾਂ ਉਸ ਨੇ ਆਪਣੇ ਦੋਸਤ ਅਵਤਾਰ ਸਿੰਘ ਨੂੰ ਫੋਨ ਕੀਤਾ, ਜਿਸ ਦੌਰਾਨ ਦੋਵੇਂ ਜਦ ਕੋਠੀ ਦਾ ਗੇਟ ਖੋਲ੍ਹ ਕੇ ਅੰਦਰ ਵੜ੍ਹੇ ਤਾਂ ਕੋਠੀ ਅੰਦਰ ਜਾਣ ਵਾਲੇ ਦਰਵਾਜੇ ਦਾ ਲਾਕ ਟੁੱਟਾ ਹੋਇਆ ਸੀ। ਉਸ ਨੇ ਜਦ ਕੋਠੀ ਦੇ ਵੱਖ-ਵੱਖ ਕਮਰਿਆਂ ਵਿੱਚ ਦੇਖਿਆ ਤਾਂ ਕੋਠੀ ਦੇ ਸਾਰੇ ਕਮਰਿਆਂ ਦੇ ਦਰਵਾਜਿਆਂਂ ਨੂੰ ਲੱਗੇ ਲਾਕ ਟੁੱਟੇ ਹੋਏ ਸਨ ਅਤੇ ਕਮਰਿਆਂ ਵਿੱਚ ਸਾਰਾ ਸਮਾਨ ਖਿਲਰਿਆ ਪਿਆ ਸੀ। ਚੋਰਾਂ ਨੇ ਕਮਰਿਆਂ ਵਿੱਚ ਪਏ ਬਾਕਸ ਬੈੱਡ, ਅਲਮਾਰੀਆਂ, ਪੇਟੀਆਂ ਅਤੇ ਦਰਾਜ਼ਾਂ ਦੀ ਫਰੋਲਾ-ਫਰਾਲੀ ਕੀਤੀ ਹੋਈ ਸੀ। ਨੰਬਰਦਾਰ ਗੁਰਭਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਹੀ ਹੈ ਅਤੇ ਉਹ ਅੱਜ ਇਕੱਲਾ ਹੀ ਕੈਨੇਡਾ ਤੋਂ ਵਾਪਸ ਜਦ ਘਰ ਆਇਆ ਤਾਂ ਘਰ ਵਿੱਚ ਸਮਾਨ ਖਿਲਰਿਆ ਦੇਖ ਹੈਰਾਨ ਰਹਿ ਗਿਆ। ਉਸ ਨੇ ਦੱਸਿਆ ਕਿ ਚੋਰ ਘਰ ਦੇ ਸਟੋਰ ਵਿੱਚ ਪਈਆਂ ਲੋਹੇ ਦੀਆਂ ਅਲਮਾਰੀਆਂ ਤੋੜ ਕੇ ਕਰੀਬ 10 ਤੋਲੇ ਸੋਨਾ, 20 ਹਜ਼ਾਰ ਰੁਪਏ ਦੀ ਨਕਦੀ ਅਤੇ ਘਰ ਵਿੱਚ ਪਏ 4 ਗੈਸ ਸਿਲੰਡਰ ਸਮੇਤ ਹੋਰ ਵੀ ਲੱਖਾਂ ਰੁਪਏ ਦਾ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ। ਇਸ ਸਬੰਧੀ ਜਦ ਪੁਲਿਸ ਨੂੰ ਪਤਾ ਲੱਗਾ ਤਾਂ ਮਾਡਲ ਥਾਣਾ ਸ਼ਾਹਕੋਟ ਦੇ ਏ.ਐੱਸ.ਆਈ. ਬਲਵਿੰਦਰ ਸਿੰਘ ਅਤੇ ਹੋਲਦਾਰ ਸੁਖਵਿੰਦਰ ਸਿੰਘ ਮੌਕੇ ’ਤੇ ਪਹੁੰਚੇ, ਜਿਨਾਂ ਵਾਰਦਾਤ ਦੀ ਜਾਂਚ ਸ਼ੁਰੂ ਕਰ ਦਿੱਤੀ। ਏ.ਐੱਸ.ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਚੋਰਾਂ ਦੀ ਭਾਲ ਸਬੰਧੀ ਫਿੰਗਰਪ੍ਰਿੰਟ ਮਾਹਿਰਾਂ ਦੀ ਟੀਮ ਨੂੰ ਬੁਲਾਇਆ ਗਿਆ ਹੈ ਅਤੇ ਜਲਦੀ ਹੀ ਚੋਰਾਂ ਦੀ ਭਾਲ ਕਰ ਲਈ ਜਾਵੇਗੀ। ਉਨਾਂ ਦੱਸਿਆ ਕਿ ਕੋਠੀ ਵਿੱਚ ਕੋਈ ਨਾ ਰਹਿਣ ਕਰਕੇ ਚੋਰਾਂ ਨੇ ਮੌਕਾ ਦੇਖ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਫੋਟੋ ਈ-ਮੇਲ ਤੋਂ ਪ੍ਰਾਪਤ ਕਰੋ ਜੀ।
ਸ਼ਾਹਕੋਟ ਦੇ ਮੁਹੱਲਾ ਢੇਰੀਆਂ ’ਚ ਚੋਰਾਂ ਨੇ ਬੰਦ ਪਈ ਕੋਠੀ ਨੂੰ ਬਣਾਇਆ ਨਿਸ਼ਾਨਾ, ਲੱਖਾਂ ਰੁਪਏ ਦੇ ਗਹਿਣੇ, ਨਕਦੀ ਅਤੇ ਸਮਾਨ ’ਤੇ ਕੀਤਾ ਹੱਥ ਸਾਫ਼
This entry was posted in ਪੰਜਾਬ.