ਸ਼ਾਹਕੋਟ/ਮਲਸੀਆਂ, (ਏ.ਐੱਸ. ਸਚਦੇਵਾ) – ਪੰਜਾਬ ਦੇ ਪਿੰਡਾਂ ਨੂੰ ਗੰਦੇ ਪਾਣੀਆਂ ਤੋਂ ਨਿਜ਼ਾਤ ਦੁਆਉਣ ਲਈ ਸੀਚੇਵਾਲ ਮਾਡਲ ਪੂਰੀ ਤਰ੍ਹਾਂ ਸਮਰੱਥ ਹੈ। ਇਸ ਦੇਸੀ ਤਕਨੀਕ ਰਾਹੀ ਸਥਾਪਿਤ ਕੀਤੇ ਗਏ ਮਾਡਲ ਨਾਲ ਧਰਤੀ ਹੇਠਲੇ ਪਾਣੀ ਦੀ ਬੱਚਤ ਕਰਨ ਦੇ ਨਾਲ-ਨਾਲ ਕਿਸਾਨਾਂ ਦੇ ਖਾਦਾਂ ਦੇ ਖਰਚਿਆਂ ਨੂੰ ਘਟਾਉਣ ਲਈ ਵੀ ਲਾਹੇਵੰਦ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਦੋ ਬਲਾਕਾਂ ਪੱਟੀ ਵਿਧਾਨ ਸਭਾ ਨਸ਼ੌਹਿਰਾਂ ਪੰਨੂਆਂ ਦੇ ਪਿੰਡਾਂ ਦੇ ਮੋਹਤਵਾਰ ਲੋਕਾਂ ਵੱਲੋਂ ਪਿੰਡ ਸੀਚੇਵਾਲ, ਸ਼ਾਹਕੋਟ ਦਾ ਦੌਰਾ ਕਰਨ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ। ਇੰਨ੍ਹਾਂ ਇਲਾਕਿਆਂ ਤੋਂ 10 ਪਿੰਡਾਂ ਦੇ ਲੋਕ ਸੀਚੇਵਾਲ ਉਚੇਚੇ ਤੌਰ ‘ਤੇ ਇਸ ਮਾਡਲ ਨੂੰ ਦੇਖਣ ਲਈ ਆਏ ਤਾਂ ਜੋ ਆਉਂਦੀਆਂ ਪੰਚਾਇਤੀ ਚੋਣਾਂ ਵਿੱਚ ਆਪੋ-ਆਪਣੇ ਪਿੰਡਾਂ ਵਿੱਚ ਅਜਿਹੇ ਮਾਡਲ ਸਥਾਪਿਤ ਕਰਨ ਦਾ ਲੋਕਾਂ ਨੂੰ ਭਰੋਸਾ ਦਿੱਤਾ ਜਾ ਸਕੇ। ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਪਹਿਲਾਂ ਹੀ ਆਪਣੇ ਹਲਕੇ ਦੇ ਪਿੰਡਾਂ ਦੇ ਲੋਕਾਂ ਨੂੰ ਕਹਿ ਚੁੱਕੇ ਹਨ ਕਿ ਜਿਸ ਨੇ ਵੀ ਸਰਪੰਚ ਦੀ ਚੋਣ ਲੜਨੀ ਹੈ ਉਹ ਪਹਿਲਾਂ ਸੀਚੇਵਾਲ ਦਾ ਦੌਰਾ ਕਰਕੇ ਆਉਣ ਤਾਂ ਜੋ ਆਪਣੇ ਪਿੰਡਾਂ ਵਿੱਚ ਗੰਦੇ ਪਾਣੀਆਂ ਦੇ ਸਥਾਈ ਹੱਲ ਕਰ ਸਕਣ। ਪੱਟੀ ਅਤੇ ਨੌਸ਼ਹਿਰਾ ਪੰਨੂੰ ਬਲਾਕਾਂ ਨਾਲ ਸੰਬੰਧਤ ਪਿੰਡਂ ਜੱਲੇਵਾਲ, ਨੱਥੂਪੁਰ, ਵਰਾਣਾ, ਜੈਤੋਕੇ, ਡਿਆਲ, ਬਗਾਣਾ ਨੱਲਚੱਕ, ਬੱਠੇ ਭੈਣੀ, ਬੁਰਜ ਅਤੇ ਬੰਸਲਾ ਰਾਇ ਤੋਂ ਆਏ ਲੋਕਾਂ ਨੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕਰਕੇ ਪਿੰਡ ਵਿੱਚ ਸੀਵਰੇਜ ਪਾਉਣ ਅਤੇ ਗੰਦੇ ਪਾਣੀਆਂ ਦੇ ਸਥਾਈ ਹੱਲ ਦੀ ਜਾਣਕਾਰੀ ਹਾਸਲ ਕੀਤੀ। ਇੰਨ੍ਹਾਂ ਪਿੰਡਾਂ ਦੇ ਮੋਹਤਬਾਰਾਂ ਨੇ ਸੀਚੇਵਾਲ ਵਿਖੇ ਟਰੀਟਮੈਂਟ ਪਲਾਂਟ ਦਾ ਦੌਰਾ ਕੀਤਾ ਅਤੇ ਪਲਾਂਟ ਰਾਹੀਂ ਖੇਤਾਂ ਵਿੱਚ ਫਸਲਾਂ ਦੀ ਸਿੰਚਾਈ ਲਈ ਲੱਗਦੇ ਸੋਧੇ ਹੋਏ ਪਾਣੀ ਬਾਰੇ ਅਧਿਐਨ ਕੀਤਾ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਜਿੱਥੇ ਕਿਸਾਨਾਂ ਨੂੰ ਪਿੰਡ ਦਾ ਗੰਦਾ ਪਾਣੀ ਸੋਧ ਕੇ ਦਿੱਤਾ ਜਾਂਦਾ ਹੈ, ਉਥੇ ਪੀਣ ਵਾਲਾ ਪਾਣੀ ਵੀ 24 ਘੰਟੇ ਦਿੱਤਾ ਜਾਂਦਾ ਹੈ। ਇਸ ਮੌਕੇ ਐੱਸ.ਜੀ.ਪੀ.ਸੀ. ਮੈਂਬਰ ਸੁਖਵਿੰਦਰ ਸਿੰਘ ਸੰਧੂ ਨੱਥੂ ਚੱਕ, ਨਵਰੀਤ ਸਿੰਘ ਜੱਲੌਵਾਲ, ਐੱਸ.ਡੀ.ਓ. ਰਸ਼ਪਾਲ ਸਿੰਘ ਬੋਪਾਰਾਏ ਨੂੰ ਸੀਚੇਵਾਲ ਵਿਖੇ ਸਨਮਾਨਿਤ ਕੀਤਾ ਗਿਆ।