ਚੰਡੀਗੜ੍ਹ – “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਸਿੱਖ ਧਰਮ ਅਤੇ ਸਿੱਖ ਕੌਮ ਹਰ ਤਰ੍ਹਾਂ ਦੇ ਸਮਾਜਿਕ ਅਤੇ ਦੁਨਿਆਵੀ ਵਿਤਕਰਿਆ ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਦੇ ਨਫ਼ਰਤ ਫੈਲਾਉਣ ਵਾਲੇ ਵੱਖਰੇਵਿਆਂ ਦੇ ਸਖ਼ਤ ਵਿਰੁੱਧ ਹੈ । ਸਭਨਾਂ ਨੂੰ ਮਨੁੱਖਤਾ ਦੇ ਆਧਾਰ ਤੇ ਬਰਾਬਰਤਾ ਦੇ ਹੱਕ ਪ੍ਰਦਾਨ ਕਰਨ ਲਈ ਯਤਨਸ਼ੀਲ ਹੈ ਅਤੇ ਅਜਿਹਾ ਸੰਘਰਸ਼ ਅਮਨਮਈ ਅਤੇ ਜਮਹੂਰੀਅਤ ਢੰਗਾਂ ਰਾਹੀ ਕਰਨ ਦੇ ਹੱਕ ਵਿਚ ਹੈ । ਲੇਕਿਨ ਬਹੁਤ ਦੁੱਖ ਅਤੇ ਅਫ਼ਸੋਸ ਹੈ ਕਿ ਮੋਹਾਲੀ ਜਿ਼ਲ੍ਹੇ ਦੇ ਪਿੰਡ ਮੁਕੰਦਪੁਰ ਵਿਖੇ ਬੀਤੇ ਕੁਝ ਦਿਨ ਪਹਿਲੇ ਉਥੋਂ ਦੇ ਮੁਤੱਸਵੀਆਂ ਨੇ ਇਕ ਦਲਿਤ ਬੀਬੀ ਨੂੰ ਮੰਦਰ ਵਿਚ ਦਾਖਲ ਹੋਣ ਤੋਂ ਕੇਵਲ ਜ਼ਬਰੀ ਰੋਕਿਆ ਹੀ ਨਹੀਂ, ਬਲਕਿ ਪ੍ਰਬੰਧਕਾਂ ਵੱਲੋਂ ਹੀਣ ਭਾਵਨਾ ਦੀ ਪਿੱਠ ਥਪਥਪਾਉਦੇ ਹੋਏ ਉਸ ਬੀਬੀ ਤੇ ਉਸ ਪਰਿਵਾਰ ਨੂੰ 5 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਕੀਤਾ ਹੈ। ਜਦੋਂਕਿ ਕਾਨੂੰਨ ਅਜਿਹੀ ਨਫ਼ਰਤ ਫੈਲਾਉਣ ਅਤੇ ਮੰਦਭਾਵਨਾ ਅਧੀਨ ਕਿਸੇ ਨੂੰ ਨੀਵਾ ਦਿਖਾਉਣ ਦੀ ਬਿਲਕੁਲ ਇਜ਼ਾਜਤ ਨਹੀਂ ਦਿੰਦਾ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੀਆਂ ਸਿੱਖੀ ਤੇ ਮਨੁੱਖਤਾ ਪੱਖੀ ਲੀਹਾਂ ਉਤੇ ਪਹਿਰਾ ਦਿੰਦੇ ਹੋਏ ਉਸ ਪਿੰਡ ਵਿਚ ਜਾ ਕੇ ਅਜਿਹੇ ਮਨੁੱਖਤਾ ਵਿਰੋਧੀ ਅਮਲ ਕਰਨ ਵਾਲਿਆਂ ਤੇ ਦੂਸਰਿਆਂ ਨਾਲ ਗੱਲਬਾਤ ਕਰਦੇ ਹੋਏ ਇਸਦੀ ਨਿਖੇਧੀ ਹੀ ਨਹੀਂ ਕੀਤੀ, ਬਲਕਿ ਸਾਡੀ ਪਾਰਟੀ ਦੇ ਮੋਹਾਲੀ ਜਿ਼ਲ੍ਹੇ ਦੇ ਪ੍ਰਧਾਨ ਸ. ਕੁਲਦੀਪ ਸਿੰਘ ਭਾਗੋਵਾਲ ਨੇ ਆਪਣੀ ਟੀਮ ਨਾਲ ਕਾਰਵਾਈ ਕਰਦੇ ਹੋਏ ਅਤੇ ਦਲਿਤ ਵੀਰਾਂ ਤੇ ਪਰਿਵਾਰਾਂ ਨੂੰ ਬਰਾਬਰਤਾ ਦੇ ਹੱਕ ਤੇ ਅਧਿਕਾਰ ਅਮਲੀ ਰੂਪ ਵਿਚ ਦਿਵਾਉਣ ਲਈ ਮੁਕੰਦਪੁਰ (ਮੋਹਾਲੀ) ਵਿਖੇ ਸੰਗਤਾਂ ਅਤੇ ਪਾਰਟੀ ਦੇ ਸਹਿਯੋਗ ਨਾਲ ਇਕ ਸਾਂਝੇ ਗੁਰੂਘਰ ਦੀ ਇਮਾਰਤ ਬਣਾਉਣ ਦੀ ਜਿੰਮੇਵਾਰੀ ਲਈ ਹੈ ਅਤੇ ਇਹ ਵੀ ਫੈਸਲਾ ਹੋਇਆ ਹੈ ਕਿ ਜਿੰਨੇ ਵੀ ਦਲਿਤ ਪਰਿਵਾਰ ਹਨ, ਉਹ ਗੁਰੂ ਦੇ ਸਿੱਖ ਹਨ ਅਤੇ ਸਿੱਖ ਕੌਮ ਦਾ ਹਿੱਸਾ ਹਨ, ਉਹ ਇਸ ਬਣਨ ਵਾਲੀ ਗੁਰੂਘਰ ਦੀ ਇਮਾਰਤ ਵਿਚ ਹੀ ਆਪਣੀਆ ਧਾਰਮਿਕ ਰਸਮਾ-ਰਿਵਾਜ ਤੇ ਆਸਥਾ ਪੂਰਨ ਕਰਨਗੇ ।”
ਇਹ ਵਿਚਾਰ ਅਤੇ ਜਾਣਕਾਰੀ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੋਹਾਲੀ ਜਿ਼ਲ੍ਹੇ ਦੇ ਪਿੰਡ ਮੁਕੰਦਪੁਰ ਦੇ ਦਲਿਤ ਵੀਰਾਂ ਨਾਲ ਹੋਈ ਅਪਮਾਨਜਨਕ ਕਾਰਵਾਈ ਵਿਰੁੱਧ ਸਖ਼ਤ ਨੋਟਿਸ ਲੈਦੇ ਹੋਏ ਅਤੇ ਪਾਰਟੀ ਵੱਲੋਂ ਦਲਿਤ ਪਰਿਵਾਰਾਂ ਤੇ ਮੈਬਰਾਂ ਨੂੰ ਬਰਾਬਰਤਾ ਦੇ ਅਧਿਕਾਰ ਅਮਲੀ ਰੂਪ ਵਿਚ ਪ੍ਰਦਾਨ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਦੂਸਰੇ ਸੂਬਿਆ ਵਿਚ ਤਾਂ ਮੁਤੱਸਵੀ ਹੁਕਮਰਾਨ ਅਤੇ ਹਿੰਦੂਤਵ ਜਮਾਤਾਂ ਘੱਟ ਗਿਣਤੀ ਕੌਮਾਂ, ਆਦਿਵਾਸੀਆ, ਰੰਘਰੇਟੇ, ਦਲਿਤਾਂ, ਕਬੀਲਿਆਂ ਆਦਿ ਨਾਲ ਗੈਰ-ਵਿਧਾਨਿਕ ਅਤੇ ਗੈਰ-ਸਮਾਜਿਕ ਤਰੀਕੇ ਅਮਲ ਕਰਦੇ ਆ ਰਹੇ ਹਨ । ਜਿਸ ਵਿਰੁੱਧ ਬਹੁਜਨ ਮੁਕਤੀ ਪਾਰਟੀ ਦੇ ਮੁੱਖ ਸੇਵਾਦਾਰ ਸ੍ਰੀ ਵਾਮਨ ਮੇਸਰਾਮ, ਲਿੰਗਾਇਤ ਧਰਮ ਦੇ ਮੁੱਖੀ ਸ੍ਰੀ ਕੰਨੇਸਵਰ ਸੁਆਮੀ ਅੱਪਾ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਕ ਰੂਪ ਇਕ ਤਾਕਤ ਹੋ ਕੇ ਬੀਤੇ ਕੁਝ ਮਹੀਨੇ ਪਹਿਲੇ ਸਮੁੱਚੇ ਭਾਰਤ ਦੇ ਸੂਬਿਆ ਵਿਚ ਇਕ ਲਹਿਰ ਚਲਾਉਣ ਦਾ ਪ੍ਰੋਗਰਾਮ ਉਲੀਕਿਆ ਸੀ ਅਤੇ ਜਲਦੀ ਹੀ ਇਹ ਪ੍ਰੋਗਰਾਮ ਪੰਜਾਬ ਵਿਚ ਵੀ ਆ ਰਿਹਾ ਹੈ ਤਾਂ ਕਿ ਇਥੋਂ ਦੇ ਸਭ ਨਿਵਾਸੀਆ ਨੂੰ ਅਮਲੀ ਰੂਪ ਵਿਚ ਵਿਧਾਨਿਕ ਤੌਰ ਤੇ ਬਰਾਬਰਤਾ ਦੇ ਹੱਕ ਪ੍ਰਦਾਨ ਕੀਤੇ ਜਾ ਸਕਣ ਅਤੇ ਇਸੇ ਸੋਚ ਤੇ ਅਧਾਰਿਤ ਸੰਪੂਰਨ ਪ੍ਰਭੂਸਤਾ ਸਿੱਖ ਰਾਜ ਖ਼ਾਲਿਸਤਾਨ ਕਾਇਮ ਕੀਤਾ ਜਾ ਸਕੇ । ਉਨ੍ਹਾਂ ਕਿਹਾ ਕਿ ਉਸੇ ਸੋਚ ਤੇ ਅਮਲਾਂ ਨੂੰ ਲਾਗੂ ਕਰਦੇ ਹੋਏ ਜਿਥੇ ਕਿਤੇ ਵੀ ਉਪਰੋਕਤ ਵਰਗਾਂ ਨਾਲ ਹੁਕਮਰਾਨ ਜਾਂ ਆਪਣੇ-ਆਪ ਨੂੰ ਉੱਚ ਜਾਤੀ ਕਹਾਉਣ ਵਾਲੇ ਠੇਕੇਦਾਰ ਇਨ੍ਹਾਂ ਪਰਿਵਾਰਾਂ ਨਾਲ ਵਧੀਕੀ ਜਾਂ ਜ਼ਬਰ-ਜੁਲਮ ਕਰਨਗੇ, ਉਥੇ ਸਾਡੀ ਪਾਰਟੀ ਸਾਂਝੇ ਤੌਰ ਤੇ ਜਮਹੂਰੀਅਤ ਤੇ ਅਮਨਮਈ ਤਰੀਕੇ ਵਿਰੋਧ ਵੀ ਕਰੇਗੀ ਅਤੇ ਉਨ੍ਹਾਂ ਦੇ ਹੱਕ ਦਿਵਾਉਣ ਵਿਚ ਮੁੱਖ ਭੂਮਿਕਾ ਨਿਭਾਏਗੀ ।
ਸ. ਮਾਨ ਨੇ ਐਸ.ਜੀ.ਪੀ.ਸੀ. ਦੇ ਮੌਜੂਦਾ ਪ੍ਰਧਾਨ ਸ. ਗੋਬਿੰਦ ਸਿੰਘ ਲੌਗੋਵਾਲ ਨੂੰ ਸਿੱਖ ਸੋਚ ਤੇ ਸਿੱਖ ਧਰਮ ਦੇ ਬਿਨ੍ਹਾਂ ਤੇ ਜੋਰਦਾਰ ਅਪੀਲ ਕਰਦੇ ਹੋਏ ਕਿਹਾ ਕਿ ਜਿਸ ਐਸ.ਜੀ.ਪੀ.ਸੀ. ਦੇ ਖਜਾਨੇ ਵਿਚੋਂ ਬਾਦਲਾਂ ਦੇ ਸਿੱਖ ਵਿਰੋਧੀ ਹੁਕਮਾਂ ਨੂੰ ਲਾਗੂ ਕਰਨ ਲਈ 97 ਲੱਖ ਰੁਪਏ ਦੀ ਦੁਰਵਰਤੋਂ ਕਰਕੇ ਸਿਰਸੇਵਾਲੇ ਸਾਧ ਦੇ ਹੱਕ ਵਿਚ ਪ੍ਰਚਾਰ ਕੀਤਾ ਗਿਆ, ਉਸ ਹੋਈ ਗੁਸਤਾਖੀ ਦੀ ਦਰੁਸਤੀ ਕਰਕੇ ਮੋਹਾਲੀ ਜਿ਼ਲ੍ਹੇ ਦੇ ਪਿੰਡ ਮੁਕੰਦਪੁਰ ਵਿਖੇ ਦਲਿਤਾਂ ਨੂੰ ਸਤਿਕਾਰ ਤੇ ਮਾਣ ਦਿਵਾਉਣ ਲਈ ਬਣਾਏ ਜਾਣ ਵਾਲੇ ਗੁਰੂਘਰ ਦੀ ਇਮਾਰਤ ਲਈ ਐਸ.ਜੀ.ਪੀ.ਸੀ. ਦੇ ਖਜਾਨੇ ਵਿਚੋਂ ਦਿਲ ਖੋਲ੍ਹਕੇ ਕੌਮੀ ਕਾਰਜ ਲਈ ਹਿੱਸਾ ਪਾਇਆ ਜਾਵੇ ਅਤੇ ਆਪਣੇ ਐਸ.ਜੀ.ਪੀ.ਸੀ. ਦੇ ਖਾਤੇ ਦੀ ਬੀਤੇ ਸਮੇਂ ਵਿਚ ਹੋਈ ਦੁਰਵਰਤੋਂ ਦਾ ਪਸਚਾਤਾਪ ਕੀਤਾ ਜਾਵੇ । ਸ. ਮਾਨ ਨੇ ਬਾਹਰਲੇ ਮੁਲਕਾਂ ਵਿਚ ਵਿਚਰ ਰਹੇ ਅਤੇ ਪੰਜਾਬ ਤੇ ਇੰਡੀਆ ਵਿਚ ਵਿਚਰ ਰਹੇ ਸਿੱਖਾਂ ਨੂੰ ਵੀ ਉਪਰੋਕਤ ‘ਸਰਬੱਤ ਦੇ ਭਲੇ’ ਦੇ ਕਾਰਜ ਲਈ ਸ. ਕੁਲਦੀਪ ਸਿੰਘ ਭਾਗੋਵਾਲ ਨੂੰ ਗੁਰਦੁਆਰੇ ਲਈ ਸਹਾਇਤ ਫੰਡ ਭੇਜਣ ਦੀ ਵੀ ਅਪੀਲ ਕੀਤੀ ।