ਨਵੀਂ ਦਿੱਲੀ : ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਪੱਖੀ ਬਣਾਉਣ ਦੇ ਵੇਖੇ ਜਾ ਰਹੇ ਸੁਪਨਿਆਂ ’ਤੇ ਇੱਕ ਵਾਰ ਫੇਰ ਦਿੱਲੀ ਸਰਕਾਰ ਨੇ ਪਾਣੀ ਫੇਰ ਦਿੱਤਾ ਹੈ। ਦਿੱਲੀ ਵਿਖੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਲਗਾਤਾਰ ਦਿੱਲੀ ਵਿਖੇ ਪੰਜਾਬੀ ਭਾਸ਼ਾ ਨਾਲ ਮਤਰੇਈ ਮਾਂ ਵਰਗਾ ਸਲੂਕ ਕੀਤਾ ਜਾ ਰਿਹਾ ਹੈ। ਉਕਤ ਦਾਅਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਜ ਮੀਡੀਆ ਨੂੰ ਜਾਰੀ ਬਿਆਨ ’ਚ ਕੀਤਾ।
ਦਰਅਸਲ ਨੈਸ਼ਨਲ ਪ੍ਰੋਗਰਾਮ ਆੱਨ ਸਕੂਲ ਸਟੈਂਡਰਡਸ ਐਂਡ ਈ-ਵੈਲੂਏਸ਼ਨ (ਐਨ.ਪੀ.ਐਸ.ਐਸ.ਈ।) ਵੱਲੋਂ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੀ ਵਿੱਦਿਅਕ ਗੁਣਵੱਤਾ ਦਾ ਅੰਕਲਣ ਅਤੇ ਸੁਧਾਰ ਲਈ ‘‘ਸ਼ਾਲਾ ਸਿੱਧੀ’’ ਯੋਜਨਾ ਚਲਾਈ ਜਾਂਦੀ ਹੈ। ਜਿਸਦੇ ਤਹਿਤ ਸਮੂਹ ਸਕੂਲਾਂ ਦੇ ਸਮੂਹ ਵਿਦਿਆਰਥੀਆਂ ਦੇ ਵਿਸ਼ਿਆਂ ਦੇ ਹਿਸਾਬ ਨਾਲ ਆਏ ਗ੍ਰੇਡ ਇੱਕਤ੍ਰਿਤ ਕਰਕੇ ਕੌਮੀ ਡਾਟਾ ਤਿਆਰ ਕੀਤਾ ਜਾਂਦਾ ਹੈ, ਤਾਂ ਕਿ ਡਾਟੇ ਦੇ ਅਧਾਰ ’ਤੇ ਵਿਸ਼ੇ ਦੀ ਗੁਣਵੱਤਾ ਅਤੇ ਕਿਤਾਬਾਂ ਦੀ ਲੋੜ ਬਾਰੇ ਫੈਸਲੇ ਲਏ ਜਾ ਸਕਣ। ਇਸ ਸਬੰਧ ’ਚ ਦਿੱਲੀ ਸਰਕਾਰ ਦੀ ਸਟੇਟ ਕਾਊਂਸਿਲ ਆੱਫ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ ਸੰਸਥਾ ਦਿੱਲੀ ਵਿਖੇ ਸਕੂਲਾਂ ਦੀ ਕਾਰਗੁਜ਼ਾਰੀ ਦਾ ਡਾਟਾ ਇੱਕਤ੍ਰ ਕਰਕੇ ਅੱਗੇ ਭੇਜਦੀ ਹੈ। ਪਰ ਇਸ ਵਾਰ ਸਕੂਲਾਂ ਕੋਲ ਵਿਸ਼ੇ ਦੇ ਹਿਸਾਬ ਨਾਲ ਕਾਰਗੁਜ਼ਾਰੀ ਡਾਟਾ ਵੈਬਸਾਈਟ ’ਤੇ ਅੱਪਲੋਡ ਕਰਨ ਵਾਸਤੇ ਆਏ ਪਰਫੋਰਮਾ ’ਚ 2 ਭਾਸ਼ਾ ਦੇ ਵਿਕੱਲਪ ਹੀ ਰੱਖੇ ਗਏ ਹਨ।
ਇਸ ਬਾਰੇ ਬੋਲਦੇ ਹੋਏ ਜੀ.ਕੇ. ਨੇ ਕਿਹਾ ਕਿ ਦਿੱਲੀ ਸਰਕਾਰ ਦੀ ਹੈਲਪਲਾਈਨ ’ਤੇ ਜਦੋਂ ਸਕੂਲਾਂ ਵੱਲੋਂ 2 ਭਾਸ਼ਾ ਦੇ ਨਾਂਵਾਂ ਬਾਰੇ ਪੁੱਛਿਆ ਗਿਆ ਤਾਂ ਅੰਗ੍ਰੇਜੀ ਅਤੇ ਹਿੰਦੀ ਭਾਸ਼ਾ ਭਰਨ ਦੀ ਹਿਦਾਇਤ ਸਾਹਮਣੇ ਆਈ। ਜੀ.ਕੇ. ਨੇ ਕਿਹਾ ਕਿ ਦਿੱਲੀ ਸਰਕਾਰ ਨੇ ਇੱਕ ਵਾਰ ਫਿਰ ਦਿੱਲੀ ਵਿਖੇ ਲਾਗੂ 3 ਭਾਸ਼ਾ ਫਾਰਮੂਲੇ ਨੂੰ ਨੁੱਕਰੇ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਪਹਿਲੀ ਗੱਲ ਦਿੱਲੀ ਦੀ ਅਧਿਕਾਰਿਕ ਭਾਸ਼ਾ ਅੰਗ੍ਰੇਜੀ ਨਹੀਂ ਹੈ ਸਗੋਂ ਪੰਜਾਬੀ ਨੂੰ ਦੂਜੀ ਰਾਜਭਾਸ਼ਾ ਦਾ ਦਰਜ਼ਾ ਪ੍ਰਾਪਤ ਹੈ। ਜੇਕਰ ਪੰਜਾਬੀ ਭਾਸ਼ਾ ਪੜ੍ਹ ਰਹੇ ਬੱਚਿਆਂ ਦਾ ਡਾਟਾ ਅਤੇ ਉਹਨਾਂ ਦੀ ਕਾਰਗੁਜਾਰੀ ਕੌਮੀ ਤੌਰ ’ਤੇ ਇੱਕਤ੍ਰ ਹੋ ਰਹੇ ਡਾਟੇ ’ਚ ਸ਼ਾਮਿਲ ਨਹੀਂ ਹੁੰਦੀ ਤਾਂ ਪੰਜਾਬੀ ਭਾਸ਼ਾਂ ਦੇ ਸਹਾਰੇ ਰੁਜ਼ਗਾਰ ਸਿਰਜਣ ਦੀ ਯੋਜਨਾਵਾਂ ਸਾਹਮਣੇ ਆਉਣਗੀਆਂ, ਇਸਦੀ ਆਸ ਰੱਖਣਾ ਬੇਮਾਨੀ ਹੈ।
ਜੀ.ਕੇ. ਨੇ ਕਿਹਾ ਕਿ ਕੇਜਰੀਵਾਲ ਸਰਕਾਰ ਨੇ ਪਹਿਲੇ ਪੰਜਾਬੀ ਟੀਚਰਾਂ ਦੀ ਨਿਯੂਕਤੀ ਦੇ ਮਾਮਲੇ ’ਚ ਪਿੱਠ ਦਿਖਾਈ। ਮੁੜ੍ਹ ਓਪਨ ਸਕੂਲ ਦੇ ਵਿਦਿਆਰਥੀਆਂ ਪਾਸੋਂ ਪੰਜਾਬੀ ਵਿਸ਼ਾ ਚੁਣਨ ਦਾ ਮੌਕਾ ਖੋਇਆ ਅਤੇ ਹੁਣ ਪੰਜਾਬੀ ਵਿਸ਼ੇ ਦੀ ਗੁਣਵੱਤਾ ਅਤੇ ਪ੍ਰਸਾਰ ਨੂੰ ਦਾਇਰੇ ’ਚ ਬੰਨਣ ਦੀ ਨਾਪਾਕ ਕੋਸ਼ਿਸ਼ ਕੀਤੀ ਹੈ। ਜੀ.ਕੇ. ਨੇ ਦੋਸ਼ ਲਗਾਇਆ ਕਿ ਦਿੱਲੀ ਸਰਕਾਰ ਦੀ ਕਾਰਗੁਜ਼ਾਰੀ ਲਗਾਤਾਰ ਪੰਜਾਬੀ ਭਾਸ਼ਾ ਨੂੰ ਪੜ੍ਹਾਈ ਦੇ ਮਾਮਲੇ ’ਚ ਹਿੰਦੀ ਅਤੇ ਅੰਗ੍ਰੇਜੀ ਦੇ ਮੂੰਹ ’ਚ ਜੱਜ਼ਬ ਕਰਨ ਵਾਲੀ ਹੈ। ਜੀ.ਕੇ. ਨੇ ਦਿੱਲੀ ਸਰਕਾਰ ਨੂੰ ਤੁਰੰਤ ‘‘ਸ਼ਾਲਾ ਸਿੱਧੀ’’ ਯੋਜਨਾ ਦੇ ਪਰਫੋਰਮੇਂ ’ਚ ਬਦਲਾਵ ਕਰਕੇ ਭਾਸ਼ਾ ਦੇ 3 ਵਿਕੱਲਪ ਮੌਜੂਦ ਕਰਾਉਣ ਦੀ ਮੰਗ ਕਰਦੇ ਹੋਏ ਚੇਤਾਵਨੀ ਵੀ ਦਿੱਤੀ। ਜੀ.ਕੇ. ਨੇ ਕਿਹਾ ਕਿ ਇੱਕ ਪਾਸੇ ਅਸੀਂ ਆਪਣੇ ਖਾਲਸਾ ਕਾਲਜਾਂ ’ਚ ਘੱਟਗਿਣਤੀ ਸਿੱਖ ਕੋਟੇ ’ਚ ਦਾਖਲਾ ਲੈਣ ਵਾਲੇ ਸਿੱਖ ਬੱਚਿਆਂ ਨੂੰ ਪੰਜਾਬੀ ਭਾਸ਼ਾ ਜਰੂਰੀ ਤੌਰ ’ਤੇ ਪੜਾ ਰਹੇ ਹਾਂ। ਤਾਂਕਿ ਉੱਚ ਸਿੱਖਿਆ ’ਚ ਪੰਜਾਬੀ ਭਾਸ਼ਾ ਦੇ ਸਹਾਰੇ ਰੁਜ਼ਗਾਰ ਦੇ ਮੌਕੇ ਪੈਦਾ ਹੋਣ। ਪਰ ਦਿੱਲੀ ਸਰਕਾਰ ਸਕੂਲ ਪੱਧਰ ’ਤੇ ਹੀ ਪੰਜਾਬੀ ਵਿਸ਼ੇ ਨੂੰ ਗੁਣਵੱਤਾਹੀਣ ਕਰਨ ’ਤੇ ਲੱਗੀ ਹੋਈ ਹੈ।