ਕੋਲਕਾਤਾ : ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਅਸਾਮ ਵਿੱਚ ਤਿਆਰ ਕੀਤੇ ਗਏ ਰਾਸ਼ਟਰੀ ਨਾਗਰਿਕ ਪੰਜੀ (ਐਨਆਰਸੀ) ਦੇ ਅੰਤਿਮ ਮਸੌਦੇ ਵਿੱਚ 40 ਲੱਖ ਲੋਕਾਂ ਨੂੰ ਸ਼ਾਮਿਲ ਨਾ ਕੀਤੇ ਜਾਣ ਤੇ ਦੇਸ਼ ਵਿੱਚ “ਖੂਨਖਰਾਬਾ” ਅਤੇ “ਗ੍ਰਹਿਯੁੱਧ” ਛਿੜ ਸਕਦਾ ਹੈ। ਉਨ੍ਹਾਂ ਨੇ ਮੋਦੀ ਸਰਕਾਰ ਤੇ ਇਹ ਆਰੋਪ ਲਗਾਇਆ ਉਹ ਰਾਜਨੀਤਕ ਲਾਭ ਲਈ ਅਸਾਮ ਵਿੱਚ ਲੱਖਾਂ ਲੋਕਾਂ ਨੂੰ ‘ਰਾਜਵਹੀਨ’ ਕਰਨ ਦਾ ਯਤਨ ਕਰ ਰਹੀ ਹੈ।
ਮਮਤਾ ਅਤੇ ਵਿਰੋਧੀ ਪਾਰਟੀਆਂ ਨੇ ਮੋਦੀ ਸਰਕਾਰ ਤੇ ਇਹ ਹਮਲਾ ਉਸ ਸਮੇਂ ਬੋਲਿਆ ਜਦੋਂ ਕਿ ਹਾਲ ਹੀ ਵਿੱਚ ਪ੍ਰਕਾਸਿ਼ਤ ਕੀਤੇ ਗਏ ਐਨਆਰਸੀ ਦੇ ਅੰਤਿਮ ਮਸੌਦੇ ਵਿੱਚ 40 ਲੱਖ ਤੋਂ ਵੱਧ ਲੋਕਾਂ ਦੇ ਨਾਮ ਸ਼ਾਮਿਲ ਨਹੀਂ ਕੀਤੇ ਗਏ। ਅਸਾਮ ਵਿੱਚ ਰਹਿ ਰਹੇ ਗੈਰਕਾਨੂੰਨੀ ਬੰਗਲਾਦੇਸ਼ੀਆਂ ਦੀ ਪਛਾਣ ਕਰਨ ਲਈ ਐਨਆਰਸੀ ਤਿਆਰ ਕਰਨ ਦੀ ਕਵਾਇਦ ਪਿੱਛਲੇ ਕਈ ਸਾਲਾਂ ਤੋਂ ਚੱਲ ਰਹੀ ਹੈ।
ਸੀਐਮ ਮਮਤਾ ਨੇ ਇੱਕ ਸਮਾਗਮ ਦੌਰਾਨ ਕਿਹਾ, ‘ਰਾਜਨੀਤਕ ਮੰਸ਼ਾਂ ਨਾਲ ਐਨਆਰਸੀ ਤਿਆਰ ਕੀਤਾ ਜਾ ਰਿਹਾ ਹੈ। ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ। ਉਹ (ਬੀਜੇਪੀ) ਲੋਕਾਂ ਨੂੰ ਵੰਡਣ ਦੀ ਕੋਸਿ਼ਸ਼ ਕਰ ਰਹੇ ਹਨ। ਅਜਿਹੀ ਸਥਿਤੀ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਦੇਸ਼ ਵਿੱਚ ਗ੍ਰਹਿਯੁੱਧ ਅਤੇ ਖੂਨਖਰਾਬਾ ਹੋ ਜਾਵੇਗਾ।’
ਸੰਸਦ ਵਿੱਚ ਵੀ ਇਸ ਮੁੱਦੇ ਨੂੰ ਲੈ ਕੇ ਜਬਰਦਸਤ ਹੰਗਾਮਾ ਹੋਇਆ। ਕਈ ਰਾਜਨੀਤਕ ਪਾਰਟੀਆਂ ਨੇ ਸੰਸਦ ਦੇ ਬਾਹਰ ਵੀ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਭਾਜਪਾ ਤੇ ਸਮਾਜ ਨੂੰ ਵੰਡਣ ਅਤੇ ਭਾਰਤੀ ਨਾਗਰਿਕਾਂ ਨੂੰ ਆਪਣੇ ਹੀ ਦੇਸ਼ ਵਿੱਚ ਸ਼ਰਨਾਰਥੀ ਬਣਾਉਣ ਦੇ ਯਤਨ ਕਰਨ ਦੇ ਆਰੋਪ ਲਗਾਏ।
ਬਸਪਾ ਮੁੱਖੀ ਮਾਇਆਵਤੀ ਨੇ ਵੀ ਸਰਕਾਰ ਦੀ ਇਸ ਕੋਝੀ ਕਾਰਵਾਈ ਤੇ ਕਿਹਾ, ‘ਭਾਜਪਾ ਨੇ 40 ਲੱਖ ਤੋਂ ਵੱਧ ਧਾਰਮਿਕ ਅਤੇ ਭਾਸ਼ਾ ਦੇ ਆਧਾਰ ਤੇ ਘੱਟਗਿਣਤੀਆਂ ਦੀ ਨਾਗਰਿਕਤਾ ਨੂੰ ਲਗਭਗ ਸਮਾਪਤ ਕਰਕੇ ਕੇਂਦਰ ਅਤੇ ਆਸਾਮ ਰਾਜ ਦੀਆਂ ਸਰਕਾਰਾਂ ਨੇ ਆਪਣੀ ਛੋਟੀ ਸੋਚ ਅਤੇ ਵੰਡਣਵਾਲੀ ਨੀਤੀ ਦੇ ਉਦੇਸ਼ ਨੂੰ ਪ੍ਰਾਪਤ ਕਰ ਲਿਆ ਹੈ।’
ਮਾਇਆਵਤੀ ਨੇ ਇਹ ਵੀ ਕਿਹਾ ਕਿ ਇਸ ‘ਅਨਰਥਕਾਰੀ’ ਘਟਨਾ ਨਾਲ ਦੇਸ਼ ਵਿੱਚ ਇੱਕ ਅਜਿਹਾ ਉਬਾਲ ਉਠੇਗਾ, ਜਿਸ ਨਾਲ ਨਜਿਠਣਾ ਬਹੁਤ ਹੀ ਮੁਸ਼ਕਿਲ ਹੋਵੇਗਾ।
ਮਮਤਾ ਨੇ ਕਿਹਾ ਕਿ ਮੌਜੂਦਾ ਹਾਲਾਤ ਜਾਰੀ ਨਹੀਂ ਰਹਿ ਸਕਦੇ। ਉਨ੍ਹਾਂ ਨੇ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਇਹ ਅਪੀਲ ਕੀਤੀ ਕਿ ਊਹ ਸਰਕਾਰ ਦੇ ਫੈਂਸਲੇ ਦੇ ਖਿਲਾਫ਼ ਮਾਹੌਲ ਤਿਆਰ ਕਰਨ। ਉਨ੍ਹਾਂ ਨੇ ਕਿਹਾ, “ ਕੋਈ ਸਾਨੂੰ ਨਿਰਦੇਸ਼ ਨਹੀਂ ਦੇ ਸਕਦਾ। ਇਹ ਭਾਰਤ ਦੀ ਰਾਜਨੀਤੀ ਨਹੀਂ ਹੈ। ਇਹ ਭਾਰਤੀ ਰਾਜਨੀਤੀ ਵਿੱਚ ਸਹਿਸ਼ਗੁਣਤਾ ਹੈ।”