ਸ਼ਾਹਕੋਟ/ਮਲਸੀਆਂ,(ਏ.ਐੱਸ. ਸਚਦੇਵਾ) – ਨਵਜਾਤ ਬੱਚਿਆਂ ਨੂੰ ਬੀਮਾਰੀਆਂ ‘ਤੇ ਇਨਫੈਕਸ਼ਨ ਹੋਣ ਦਾ ਜਿੰਨਾ ਜ਼ਿਆਦਾ ਖਤਰਾ ਹੁੰਦਾ ਹੈ, ਉਸ ਤੋਂ ਕਿਤੇ ਜ਼ਿਆਦਾ ਰੋਗ ਪ੍ਰਤਿਰੋਧਕ ਸਮਰਥਾ ਉਸਨੂੰ ਆਪਣੀ ਮਾਂ ਦੇ ਦੁੱਧ ਤੋਂ ਮਿਲਦੀ ਹੈ। ਇਸ ਲਈ ਜ਼ਰੂਰੀ ਹੈ ਕਿ ਮਾਵਾਂ ਆਪਣੇ ਨਵਜਾਤ ਬੱਚਿਆਂ ਨੂੰ ਸਤਨਪਾਨ ਜ਼ਰੂਰ ਕਰਵਾਉਣ। ਇਸ ਸਬੰਧੀ ਸਿਵਲ ਹਸਪਤਾਲ ਸ਼ਾਹਕੋਟ ਵਿਖੇ ਸਤਨਪਾਨ ਜਾਗਰੂਕਤਾ ਹਫਤੇ ਦੀ ਸ਼ੁਰੂਆਤ ਕਰਨ ਸਮੇਂ ਡਾ. ਦਵਿੰਦਰ ਕੁਮਾਰ ਸਮਰਾ ਸੀਨੀਅਰ ਮੈਡੀਕਲ ਅਫਸਰ ਸ਼ਾਹਕੋਟ ਨੇ ਨਵਜਾਤ ਬੱਚਿਆ ਦੀਆਂ ਮਾਵਾਂ ਨੂੰ ਜਾਗਰੂਕ ਕਰਦਿਆ ਕਿਹਾ। ਇਸ ਮੌਕੇ ਉਹਨਾਂ ਨਾਲ ਬੀਈਈ ਚੰਦਨ ਮਿਸ਼ਰਾ, ਐਲਐਚਵੀ ਗੁਰਮਿੰਦਰਜੀਤ ਕੌਰ ਅਤੇ ਏਐਨਐਮ ਨਰਿੰਦਰ ਕੌਰ ਵੀ ਮੌਜੂਦ ਸਨ। ਐਸਐਮਓ ਡਾ. ਦਵਿੰਦਰ ਕੁਮਾਰ ਸਮਰਾ ਨੇ ਕਿਹਾ ਕਿ ਮਾਂ ਦੇ ਦੁੱਧ ਵਿੱਚ ਜੋ ਤਾਕਤ ਅਤੇ ਪੌਸ਼ਟਿਕਤਾ ਹੁੰਦੀ ਹੈ, ਉਹ ਬੱਚੇ ਨੂੰ ਨਾ ਸਿਰਫ ਰੋਗਾਂ ਤੋਂ ਲੜਨ ਦੇ ਕਾਬਲ ਬਣਾਉਂਦੀ ਹੈ, ਸਗੋਂ ਉਸਦੇ ਤੇਜ਼ ਸ਼ਰੀਰਕ ਵਿਕਾਸ ਵਿੱਚ ਵੀ ਯੋਗਦਾਨ ਪਾਉਂਦੀ ਹੈ। ਮਾਂ ਨੂੰ ਬੱਚੇ ਦੇ ਜਨਮ ਦੇ ਅੱਧੇ ਘੰਟੇ ਬਾਅਦ ਤੋਂ ਹੀ ਆਪਣਾ ਦੁੱਧ ਪਿਲਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਅਤੇ ਘੱਟੋ-ਘੱਟ ਛੇ ਮਹੀਨੇ ਤੱਕ ਬੱਚੇ ਨੂੰ ਮਾਂ ਦੇ ਦੁੱਧ ਤੋਂ ਇਲਾਵਾ ਕੋਈ ਚੀਜ਼ ਨਹੀਂ ਦੇਣੀ ਚਾਹੀਦੀ। ਬੀਈਈ ਚੰਦਨ ਮਿਸ਼ਰਾ ਨੇ ਕਿਹਾ ਕਿ ਜਿੰਨਾ ਜ਼ਰੂਰੀ ਸਤਨਪਾਨ ਦੇ ਮਹੱਤਵ ਨੂੰ ਸਮਝਣਾ ਹੈ, ਉੰਨਾ ਹੀ ਜ਼ਰੂਰੀ ਸਤਨਪਾਨ ਕਰਵਾਉਣ ਦੇ ਤਰੀਕੇ ਨੂੰ ਸਮਝਣਾ ਵੀ ਹੈ। ਉਨਾਂ ਕਿਹਾ ਕਿ ਹਮੇਸ਼ਾ ਬੱਚੇ ਨੂੰ ਦੁੱਧ ਗੋਦੀ ਵਿੱਚ ਲਿਟਾ ਕੇ ਪਿਲਾਉਣਾ ਚਾਹੀਦਾ ਹੈ ਅਤੇ ਇਸ ਦੌਰਾਨ ਬੱਚੇ ਦਾ ਸਿਰ ਬਾਂਹ ਨਾਲ ਥੋੜਾ ਉੱਪਰ ਚੁੱਕਿਆ ਹੋਇਆ ਹੋਣਾ ਚਾਹੀਦਾ ਹੈ। ਦੁੱਧ ਪਿਲਾਉਣ ਤੋਂ ਬਾਅਦ ਬੱਚੇ ਨੂੰ ਡਕਾਰ ਦਿਵਾਉਣਾ ਜ਼ਰੂਰੀ ਹੁੰਦਾ ਹੈ। ਉਨਾਂ ਕਿਹਾ ਕਿ ਕਈ ਵਾਰ ਮਾਂਵਾਂ ਲੇਟੇ ਹੋਏ ਬੱਚੇ ਨੂੰ ਦੁੱਧ ਪਿਲਾਉਂਦੀਆਂ ਹਨ ਅਤੇ ਡਕਾਰ ਵੀ ਨਹੀਂ ਦਿਵਾਉਂਦੀਆਂ।ਇਸ ਕਾਰਣ ਦੁੱਧ ਬੱਚੇ ਦੀ ਸਾਹ ਨਲੀ ਵਿੱਚ ਚਲਾ ਜਾਂਦਾ ਹੈ ਅਤੇ ਕੋਈ ਹਾਦਸਾ ਵਾਪਰ ਸਕਦਾ ਹੈ। ਐਲਐਚਵੀ ਗੁਰਮਿੰਦਰਜੀਤ ਕੌਰ ਨੇ ਦੱਸਿਆ ਕਿ ਦੁੱਧ ਪਿਲਾਉਣ ਸਮੇਂ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਬੱਚੇ ਨੂੰ ਪਹਿਲਾਂ ਇੱਕੋ ਸਤਨ ਨਾਲ ਦੁੱਧ ਪਿਲਾਇਆ ਜਾਵੇ ਅਤੇ ਉਸ ਸਤਨ ਦੇ ਖਾਲੀ ਹੋ ਜਾਣ ਤੋਂ ਬਾਅਦ ਹੀ ਦੂਜਾ ਸਤਨ ਬੱਚੇ ਦੇ ਮੂੰਹ ਲਾਇਆ ਜਾਵੇ।ਇਹ ਇਸ ਲਈ ਹੁੰਦਾ ਹੈ ਕਿਉਂਕਿ ਬੱਚੇ ਦੇ ਦੁੱਧ ਚੁੰਘਣ ਸਮੇਂ ਸ਼ੁਰੂਆਤ ਵਿੱਚ ਸਿਰਫ ਪਤਲਾ ਦੁੱਧ ਨਿਕਲਦਾ ਹੈ ਅਤੇ ਬਾਅਦ ਵਿੱਚ ਗਾੜ੍ਹਾ, ਜਿਸ ਵਿੱਚ ਪੌਸ਼ਟਿਕ ਤੱਤ ਹੁੰਦੇ ਹਨ। ਕਈ ਵਾਰ ਮਾਂਵਾਂ ਵਾਰੀ-ਵਾਰੀ ਦੋਵੇਂ ਸਤਨਾਂ ਤੋਂ ਦੁੱਧ ਚੁੰਘਾਉਂਦੀਆਂ ਹਨ, ਲੇਕਿਨ ਬਾਵਜੂਦ ਇਸਦੇ ਬੱਚੇ ਨੁੰ ਸੰਪੂਰਨ ਤੱਤ ਨਹੀਂ ਮਿਲ ਪਾਉਂਦੇ।