ਨਵੀਂ ਦਿੱਲੀ : ਅਫ਼ਗਾਨੀ ਸਿੱਖਾਂ ਦੀ ਨਾਗਰਿਕਤਾ ਦੇ ਮਸਲੇ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵਫ਼ਦ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਵਫ਼ਦ ਦੀ ਅਗਵਾਈ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੀਤੀ। ਵਫ਼ਦ ’ਚ ਅਕਾਲੀ ਦਲ ਦੇ ਸਾਂਸਦ ਸੁਖਦੇਵ ਸਿੰਘ ਢੀਂਡਸਾ, ਨਰੇਸ਼ ਗੁਜਰਾਲ, ਪ੍ਰੇਮ ਸਿੰਘ ਚੰਦੂਮਾਜਰਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ, ਸਾਬਕਾ ਰਾਜਸਭਾ ਮੈਂਬਰ ਤ੍ਰਿਲੋਚਨ ਸਿੰਘ ਅਤੇ ਅਫ਼ਗਾਨੀ ਸਿੱਖਾਂ ਦੇ ਨੁਮਾਇੰਦੇ ਸ਼ਾਮਲ ਸਨ। ਵਫ਼ਦ ਨੇ ਗ੍ਰਹਿਮੰਤਰੀ ਨੂੰ ਅਫ਼ਗਾਨਿਸਤਾਨ, ਪਾਕਿਸਤਾਨ ਅਤੇ ਬੰਗਲਾਦੇਸ਼ ਤੋਂ ਆਏ ਹਿੰਦੂ-ਸਿੱਖ ਸ਼ਰਨਾਰਥੀਆਂ ਨੂੰ ਪੱਕੀ ਭਾਰਤੀ ਨਾਗਰਿਕਤਾ ਦੇਣ ਲਈ ਕੇਂਦਰ ਸਰਕਾਰ ਵੱਲੋਂ 2016 ’ਚ ਕੱਢੇ ਗਏ ਨੋਟਿਫੀਕੇਸ਼ਨ ਦੇ ਬਾਵਜੂਦ ਨਾਗਰਿਕਤਾ ਮਿਲਣ ’ਚ ਹੋ ਰਹੀ ਖ਼ਜਲ-ਖੁਆਰੀ ਬਾਰੇ ਜਾਣੂ ਕਰਵਾਇਆ।
ਵਫ਼ਦ ਦੇ ਨੁਮਾਇੰਦਿਆਂ ਨੇ ਗ੍ਰਹਿਮੰਤਰੀ ਨੂੰ ਦੱਸਿਆ ਕਿ ਅਫ਼ਗਾਨੀ ਦੂਤਘਰ ਵੱਲੋਂ ਪਹਿਲਾਂ ਉਨ੍ਹਾਂ ਦੇ ਪਾਸਪੋਰਟ ਦੀ ਮਿਆਦ ਨੂੰ ਵਧਾਉਣ ਵਾਸਤੇ ਅਫ਼ਗਾਨ ਸਰਕਾਰ ਵੱਲੋਂ ਜਾਰੀ ਕੰਪਿਊਟਰਾਇਜ਼ ਨਾਗਰਿਕਤਾ ਪ੍ਰਮਾਣ-ਪੱਤਰ ਨੂੰ ਨਾਲ ਲੈ ਕੇ ਆਉਣਾ ਜਰੂਰੀ ਕੀਤਾ ਗਿਆ ਸੀ। ਜਿਸ ਕਰਕੇ ਭਾਰਤ ਦੀ ਨਾਗਰਿਕਤਾ ਲੈਣ ਦੇ ਇੱਛੁਕ ਸ਼ਰਨਾਰਥੀਆਂ ਨੂੰ ਅਫ਼ਗਾਨਿਸਤਾਨ ਵਿਖੇ ਮੁੜ੍ਹ ਤੋਂ ਜਾ ਕੇ ਆਪਣਾ ਪ੍ਰਮਾਣ-ਪੱਤਰ ਬਣਾਉਣਾ ਪੈਂਦਾ ਸੀ। ਜਿਸ ਪਿੱਛੇ 500 ਤੋਂ 700 ਅਮਰੀਕੀ ਡਾੱਲਰ ਰਿਸ਼ਵਤ ਵੀ ਦੇਣੀ ਪੈਂਦੀ ਸੀ। ਪਰ ਬੀਤੇ ਦਿਨੀਂ ਜਲਾਲਾਬਾਦ ਵਿਖੇ ਹੋਏ ਆਤਮਘਾਤੀ ਹਮਲੇ ਤੋਂ ਬਾਅਦ ਦਿੱਲੀ ਵਿਖੇ ਅਫ਼ਗਾਨੀ ਸਫ਼ੀਰ ਅਬਦਾਲੀ ਨੇ ਉਕਤ ਸ਼ਰਨਾਰਥੀਆਂ ਨੂੰ ਨਾਗਰਿਕਤਾ ਪ੍ਰਮਾਣ-ਪੱਤਰ ਦੇਣ ਤੋਂ ਛੋਟ ਦਿਵਾਉਣ ਦਾ ਭਰੋਸਾ ਦਿੱਤਾ ਸੀ। ਕੱਲ੍ਹ ਅਫ਼ਗਾਨੀ ਦੂਤਘਰ ਵੱਲੋਂ ਸਾਡੀ ਮੰਗ ਅਫ਼ਗਾਨੀ ਰਾਸ਼ਟਰਪਤੀ ਵੱਲੋਂ ਮਨਜੂਰ ਕਰਨ ਦੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਗਈ ਹੈ।
ਆਗੂਆਂ ਨੇ ਗ੍ਰਹਿਮੰਤਰੀ ਨੂੰ ਦੱਸਿਆ ਕਿ ਦਿੱਲੀ ਸਰਕਾਰ ਦੇ ਐਸ.ਡੀ.ਐਮ. ਅਤੇ ਹੋਰ ਅਧਿਕਾਰੀ ਉਨ੍ਹਾਂ ਨੂੰ ਹੁਣ ਕਾਗਜਾਂ ਕਰਕੇ ਖ਼ਜਲ-ਖੁਆਰ ਕਰ ਰਹੇ ਹਨ। ਜਦਕਿ ਭਾਰਤ ਸਰਕਾਰ ਵੱਲੋਂ ਸਾਨੂੰ ਭਰੋਸਾ ਦਿੱਤਾ ਗਿਆ ਸੀ ਕਿ ਕਾਗਜ਼ਾਤਾਂ ਦੀ ਵੱਧ-ਘੱਟ ਨੂੰ ਮੁੱਦਾ ਨਾ ਬਣਾਉਂਦੇ ਹੋਏ ਸਮੂਹ ਕਾਨੂੰਨੀ ਜਾਂ ਗੈਰਕਾਨੂੰਨੀ ਤੌਰ ’ਤੇ ਆਏ ਸ਼ਰਨਾਰਥੀਆਂ ਨੂੰ ਨਾਗਰਿਕਤਾ ਦਿੱਤੀ ਜਾਵੇਗੀ।ਕੁਝ ਸ਼ਰਨਾਰਥੀਆਂ ਵੱਲੋਂ ਗਲਤੀ ਨਾਲ ਭਾਰਤ ਦਾ ਪਾਸਪੋਰਟ ਪਹਿਲਾ ਬਣਾ ਲੈਣ ਕਰਕੇ ਉਨ੍ਹਾਂ ਨੂੰ ਨਾਗਰਿਕਤਾ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ।ਜਦਕਿ ਉਕਤ ਲੋਕਾਂ ਨੂੰ ਭਾਰਤ ਸਰਕਾਰ ਵੱਲੋਂ ਗਲਤ ਸਬੂਤਾਂ ਦੇ ਆਧਾਰ ’ਤੇ ਪਾਸਪੋਰਟ ਬਣਾਉਣ ਉਪਰੰਤ ਨੋਟਿਸ ਦੇ ਕੇ ਜ਼ੁਰਮਾਨਾ ਭਰਨ ਉਪਰੰਤ ਭਾਰਤੀ ਪਾਸਪੋਰਟ ਜਮਾ ਕਰਕੇ ਭਾਰਤ ’ਚ ਰਹਿਣ ਦਾ ਵੀਜ਼ਾ ਦਿੱਤਾ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬਾਦਲ ਨੇ ਦੱਸਿਆ ਕਿ ਗ੍ਰਹਿਮੰਤਰੀ ਨੇ ਇਸ ਮਸਲੇ ਦੇ ਹੱਲ ਲਈ ਸਮੂਹ ਧਿਰਾਂ ਦੀ ਸਾਂਝੀ ਬੈਠਕ 12 ਅਗਸਤ ਨੂੰ ਬੁਲਾਉਣ ਦਾ ਭਰੋਸਾ ਦਿੱਤਾ ਹੈ। ਇਸ ਮੀਟਿੰਗ ’ਚ ਅਫ਼ਗਾਨਿਸਤਾਨ ਤੋਂ ਹੁਣ ਆਉਣ ਵਾਲੇ ਭਾਵੀ ਸਿੱਖ ਸ਼ਰਨਾਰਥੀਆਂ ਦੀ ਨਾਗਰਿਕਤਾ ਬਾਰੇ ਵੀ ਵਿਚਾਰ ਕੀਤਾ ਜਾਵੇਗਾ। ਕਿਉਂਕਿ ਅਫ਼ਗਾਨਿਸਤਾਨ ਦੀ ਮੌਜੂਦਾ ਹਾਲਾਤ ਕਰਕੇ ਵੱਡੀ ਗਿਣਤੀ ’ਚ ਸਿੱਖ ਭਾਰਤ ਆਉਣਾ ਚਾਹੁੰਦੇ ਹਨ।