ਫ਼ਤਹਿਗੜ੍ਹ ਸਾਹਿਬ -“ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਜੀ ਦੀ ਸੁਚੱਜੀ ਅਗਵਾਈ ਵਿਚ 1 ਜੂਨ ਤੋਂ ਨਿਰੰਤਰ ਪੂਰੀ ਸਾਨੋਂ-ਸੌਂਕਤ ਅਤੇ ਜੋਸ਼-ਹੋਸ਼ ਨਾਲ ਚੱਲ ਰਿਹਾ ਹੈ । ਸਮੁੱਚੇ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਦਿੱਲੀ ਅਤੇ ਦੂਸਰੇ ਸੂਬਿਆਂ ਤੋਂ ਰੋਜ਼ਾਨਾ ਹੀ ਬੱਸਾਂ ਵਹੀਕਲਜ਼ ਸੰਗਤਾਂ ਨੂੰ ਨਾਲ ਲੈਕੇ ਅਤੇ ਲੰਗਰ ਬਣਾਕੇ ਰੋਜ਼ਾਨਾ ਹੀ ਪਹੁੰਚ ਰਹੇ ਹਨ । ਇੰਡੀਆ ਦੇ ਹੁਕਮਰਾਨ ਅਤੇ ਪੰਜਾਬ ਦੇ ਹੁਕਮਰਾਨ ਇਹ ਮਤ ਸਮਝਣ ਕਿ 1 ਜੂਨ ਤੋਂ ਲੱਗਿਆ ਬਰਗਾੜੀ ਮੋਰਚਾ ਬਿਨ੍ਹਾਂ ਕਿਸੇ ਨਤੀਜੇ ਤੋਂ ਖ਼ਤਮ ਹੋ ਜਾਵੇਗਾ ਜਾਂ ਸਰਕਾਰੀ ਸਾਜਿ਼ਸਾਂ ਰਾਹੀ ਜਾਂ ਬੀਜੇਪੀ ਅਤੇ ਕਾਂਗਰਸ ਦੇ ਬਣੇ ਹੱਥਠੋਕੇ ਬਣੇ ਬਾਦਲ ਦਲੀਆ ਦੀਆ ਗੈਰ-ਦਲੀਲ ਬਿਆਨਬਾਜੀਆ ਰਾਹੀ ਅਸੀਂ ਇਸ ਮੋਰਚੇ ਨੂੰ ਅਸਫ਼ਲ ਕਰ ਦੇਵਾਂਗੇ । ਇਹ ਮੋਰਚਾ ਤਾਂ ਗੁਰੂ ਸਾਹਿਬਾਨ ਜੀ ਦੀ ਆਸੀਰਵਾਦ ਨਾਲ ਅਤੇ ਅਰਦਾਸ ਕਰਕੇ ਸਮੂਹਿਕ ਤੌਰ ਤੇ ਜਥੇਦਾਰ ਸਾਹਿਬ ਜੀ ਦੀ ਅਗਵਾਈ ਵਿਚ ਸੁਰੂ ਹੋਇਆ ਹੈ, ਹੁਕਮਰਾਨ ਅਤੇ ਸਿੱਖ ਵਿਰੋਧੀ ਸਿਆਸਤਦਾਨ ਕਤਈ ਵੀ ਇਸ ਮੋਰਚੇ ਦੀ ਗਰਿਮਾ ਅਤੇ ਪ੍ਰਭਾਵ ਨੂੰ ਨਹੀਂ ਘਟਾ ਸਕਣਗੇ । ਬਲਕਿ ਇਹ ਤਾਂ ਜਿਵੇਂ ਈਂਦ ਦਾ ਚੰਦ ਨਿਕਲਣ ਸਮੇਂ ਛੋਟਾ ਹੁੰਦਾ ਹੈ ਅਤੇ ਫਿਰ ਦਿਨ-ਬ-ਦਿਨ ਉਹ ਵੱਧਦਾ ਜਾਂਦਾ ਹੈ, ਉਸੇ ਤਰ੍ਹਾਂ ਇਹ ਮੋਰਚਾ ਵੱਧਦਾ ਰਹੇਗਾ ਅਤੇ ਫੈਸਲਾਕੁੰਨ ਨਤੀਜਾ ਕੱਢਕੇ ਰਹੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਚੱਲ ਰਹੀ ਬਾਦਲ ਦਲ ਦੀ ਪਾਰਟੀ, ਬੀਜੇਪੀ, ਕਾਂਗਰਸ ਅਤੇ ਹੋਰ ਸਿੱਖ ਵਿਰੋਧੀ ਸੋਚ ਰੱਖਣ ਵਾਲੀਆ ਜਮਾਤਾਂ ਨੂੰ ਕੌਮੀ ਮਿਸ਼ਨ ਸੰਬੰਧੀ ਦ੍ਰਿੜਤਾ ਪੂਰਵਕ ਜਾਣਕਾਰੀ ਦਿੰਦੇ ਹੋਏ ਅਤੇ ਕੌਮ ਨੂੰ ਉਪਰੋਕਤ ਸਿੱਖ ਵਿਰੋਧੀ ਤਾਕਤਾਂ ਦੇ ਮੀਡੀਏ ਅਤੇ ਬਿਜਲਈ ਮੀਡੀਏ ਤੇ ਕੀਤੇ ਜਾ ਰਹੇ ਬਰਗਾੜੀ ਮੋਰਚੇ ਸੰਬੰਧੀ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬਰਗਾੜੀ ਮੋਰਚੇ ਦੀ ਪੂਰਨ ਸਫ਼ਲਤਾ ਦਾ ਇਸ ਗੱਲ ਤੋਂ ਹੀ ਅੰਦਾਜਾ ਲੱਗ ਜਾਂਦਾ ਹੈ ਕਿ ਅੱਜ 63 ਦਿਨ ਹੋ ਗਏ ਹਨ ਇਸ ਮੋਰਚੇ ਨੂੰ ਸੁਰੂ ਹੋਏ । ਜਿਸ ਦਿਨ ਤੋਂ ਇਹ ਮੋਰਚਾ ਸੁਰੂ ਹੋਇਆ ਹੈ, ਉਸ ਦਿਨ ਤੋਂ ਅੱਜ ਤੱਕ 6-7 ਹਜ਼ਾਰ ਤੋਂ ਰੋਜ਼ਾਨਾ ਹੀ ਸੰਗਤਾਂ ਦੇ ਪਹੁੰਚਣ ਦੀ ਗਿਣਤੀ ਜਾਰੀ ਹੈ ਅਤੇ ਦਿਨ-ਬ-ਦਿਨ ਇਹ ਗਿਣਤੀ ਅਤੇ ਮੋਰਚੇ ਦੇ ਸਾਧਨਾਂ ਤੇ ਲੰਗਰਾਂ ਦੇ ਭੰਡਾਰਾਂ ਵਿਚ ਆਪਮੁਹਾਰੇ ਹੀ ਵਾਧਾ ਹੋ ਰਿਹਾ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਮਾਤ ਆਪਣੇ ਸਮੁੱਚੇ ਅਹੁਦੇਦਾਰਾਂ, ਮੈਬਰਾਂ, ਵਰਕਰਾਂ ਆਦਿ ਨੂੰ ਇਹ ਜਿੰਮੇਵਾਰੀ ਸੌਂਪ ਚੁੱਕੀ ਹੈ ਕਿ ਇਹ ਮੋਰਚਾ 6 ਮਹੀਨੇ, ਸਾਲ ਜਾਂ ਇਸ ਤੋਂ ਵੱਧ ਵੀ ਕਿਉਂ ਨਾ ਚੱਲੇ, ਕੌਮੀ ਮੋਰਚੇ ਸਬੰਧੀ ਜਿੰਮੇਵਾਰੀਆ ਅਸੀਂ ਹਰ ਕੀਮਤ ਤੇ ਪੂਰਨ ਕਰਾਂਗੇ ਅਤੇ ਜੋ ਬਰਗਾੜੀ ਮੋਰਚੇ ਦੇ ਅਗਵਾਈ ਕਰਨ ਵਾਲੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਕਰਨ ਵਾਲੇ ਦੋਸੀਆ ਨੂੰ ਸਜ਼ਾਵਾਂ, ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ, ਸ਼ਹੀਦ ਭਾਈ ਗੁਰਜੀਤ ਸਿੰਘ ਦੇ ਕਾਤਲਾਂ ਨੂੰ ਸਜ਼ਾਵਾਂ ਅਤੇ ਜੇ਼ਲ੍ਹਾਂ ਵਿਚ ਬੰਦੀ ਸਿੱਖਾਂ ਦੀ ਰਿਹਾਈ ਤਿੰਨ ਮੁੱਦਿਆ ਤੇ ਲਗਾਇਆ ਹੈ, ਉਸਦੀ ਪੂਰਤੀ ਤੱਕ ਇਸੇ ਜੋਸ-ਹੋਸ ਨਾਲ ਜਾਰੀ ਰਹੇਗਾ । ਇੰਡੀਆ ਤੇ ਪੰਜਾਬ ਦੇ ਸਿੱਖ ਵਿਰੋਧੀ ਹੁਕਮਰਾਨਾਂ ਨੂੰ ਸਿੱਖ ਕੌਮ ਦੀਆਂ ਇਹ ਤਿੰਨੇ ਮੰਗਾਂ ਹਰ ਕੀਮਤ ਤੇ ਪ੍ਰਵਾਨ ਕਰਨੀਆਂ ਪੈਣਗੀਆਂ ।