ਨਿਊਯਾਰਕ – ਉਤਰ ਕੋਰੀਆ ਪਿੱਛਲੇ ਕੁਝ ਅਰਸੇ ਤੋਂ ਲਗਾਤਾਰ ਇਹ ਦਾਅਵਾ ਕਰਦਾ ਆ ਰਿਹਾ ਹੈ ਕਿ ਉਸ ਨੇ ਆਪਣੇ ਪਰਮਾਣੂੰ ਪ੍ਰਯੋਗ ਬੰਦ ਕਰ ਦਿੱਤੇ ਹਨ। ਰਾਸ਼ਟਰਪਤੀ ਡੋਨਲਡ ਟਰੰਪ ਦੀ ਇਸ ਮੁੱਦੇ ਤੇ ਸਿੰਘਾਪੁਰ ਵਿੱਚ ਕਿਮਯੋਂਗ ਨਾਲ ਮੁਲਾਕਾਤ ਵੀ ਕੀਤੀ ਸੀ, ਜਿਸ ਦੌਰਾਨ ਉਨ੍ਹਾਂ ਨੇ ਪ੍ਰਮਾਣੂੰ ਟੈਸਟ ਬੰਦ ਕਰ ਦੇਣ ਦਾ ਸਮਝੌਤਾ ਕੀਤਾ ਸੀ। ਪਰ ਕੀ ਕੋਰੀਆ ਨੇ ਅਸਲ ਵਿੱਚ ਪ੍ਰਮਾਣੂੰ ਪ੍ਰਯੋਗ ਬੰਦ ਕਰ ਦਿੱਤੇ ਹਨ? ਸੰਯੁਕਤ ਰਾਸ਼ਟਰ ਦੀ ਖੁਫ਼ੀਆ ਰਿਪੋਰਟ ਅਨੁਸਾਰ ਅਜਿਹਾ ਨਹੀਂ ਹੋ ਰਿਹਾ।
ਪਿੱਛਲੇ 6 ਮਹੀਨਿਆਂ ਤੋਂ ਸੁਤੰਤਰ ਮਾਹਿਰ ਇਹ ਨਿਗਰਾਨੀ ਕਰ ਰਹੇ ਸਨ ਕਿ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਨੂੰ ਲਾਗੂ ਕੀਤਾ ਗਿਆ ਹੈ ਜਾਂ ਨਹੀਂ। ਮਾਹਿਰਾਂ ਨੇ ਸ਼ੁਕਰਵਾਰ ਨੂੰ ਆਪਣੀ ਰਿਪੋਰਟ ਸਕਿਊਰਟੀ ਕਾਊਂਸਿਲ ਨਾਰਥ ਕੋਰੀਆ ਸੈਕਸ਼ਨਜ਼ ਕਮੇਟੀ ਨੂੰ ਸੌਂਪੀ ਹੈ। 149 ਪੰਨਿਆਂ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ, ‘ਉਤਰ ਕੋਰੀਆ ਨੇ ਆਪਣੇ ਪ੍ਰਮਾਣੂੰ ਅਤੇ ਮਿਸਾਇਲ ਪ੍ਰੋਗਰਾਮਾਂ ਨੂੰ ਰੋਕਿਆ ਨਹੀਂ ਹੈ। ਉਸ ਨੇ ਸਾਲ 2018 ਵਿੱਚ ਲਗਾਤਾਰ ਇਲਲੀਗਲ ਰੂਪ ਵਿੱਚ ਜਹਾਜ਼ ਦੁਆਰਾ ਪੈਟਰੋਲੀਅਮ ਉਤਪਾਦਨਾਂ ਅਤੇ ਕੋਇਲੇ ਦੀ ਦਰਾਮਦ ਜਾਰੀ ਰੱਖ ਕੇ ਸੁਰੱਖਿਆ ਪ੍ਰੀਸ਼ਦ ਦੇ ਰੇਜ਼ਾਲਿਯੂਸ਼ਨ ਦਾ ਵੀ ਉਲੰਘਣ ਕੀਤਾ ਹੈ।’
ਉਤਰ ਕੋਰੀਆਈ ਮਿਸ਼ਨ ਨੇ ਸੰਯੁਕਤ ਰਾਸ਼ਟਰ ਵਿੱਚ ਅਜੇ ਇਸ ਰਿਪੋਰਟ ਤੇ ਕੋਈ ਬਿਆਨ ਨਹੀਂ ਦਿੱਤਾ। ਉਤਰ ਕੋਰੀਆ, ਸੀਰੀਆ ਨੂੰ ਸਹਿਯੋਗ ਦੇ ਰਿਹਾ ਹੈ ਅਤੇ ਉਹ ਆਪਣੇ ਹੱਥਿਆਰ ਯਮਨ ਦੇ ਹੂਤੀ ਵਿਦਰੋਹੀਆਂ ਨੂੰ ਵੇਚਣ ਦਾ ਯਤਨ ਕਰ ਰਿਹਾ ਹੈ। ਏਨਾ ਹੀ ਨਹੀਂ ਪਿਯੋਂਗਯਾਂਗ ਨੇ ਅਕਤੂਬਰ 2017 ਤੋਂ ਮਾਰਚ 2018 ਦੇ ਦਰਮਿਆਨ 10 ਕਰੋੜ ਡਾਲਰ ਦੇ ਉਤਪਾਦਨ ਚੀਨ, ਭਾਰਤ, ਸ੍ਰੀਲੰਕਾ,ਤੁਰਕੀ, ਘਾਨਾ, ਮੈਕਸੀਕੋ, ਥਾਈਲੈਂਡ ਅਤੇ ਉਰੂਗਵੇ ਨੂੰ ਵੇਚ ਕੇ ਟੈਕਸਟਾਇਲ ਬੈਨ ਦਾ ਵੀ ਉਲੰਘਣ ਕੀਤਾ ਹੈ।