ਨਵੀਂ ਦਿੱਲੀ – ਮੁਜ਼ਫਰਪੁਰ ਦੇ ਸ਼ੈਲਟਰ ਹੋਮ ਵਿੱਚ ਹੋਏ ਸ਼ਰਮਨਾਕ ਕਾਂਡ ਤੇ ਨਤੀਸ਼ ਸਰਕਾਰ ਦੇ ਖਿਲਾਫ਼ ਸ਼ਨਿਚਰਵਾਰ ਨੂੰ ਜੰਤਰ-ਮੰਤਰ ਸਾਰੀਆਂ ਵਿਰੋਧੀ ਧਿਰਾਂ ਇੱਕਜੁੱਟ ਵਿਖਾਈ ਦਿੱਤੀਆਂ। ਸਾਬਕਾ ਸੀਐਮ ਤੇਜਸਵੀ ਯਾਦਵ ਦੇ ਧਰਨੇ ਦੇ ਸਮੱਰਥਨ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ,ਲੈਫਟ ਦੇ ਨੇਤਾ ਡੀ ਰਾਜਾ, ਸੀਤਾਰਾਮ ਯੇਂਚੁਰੀ, ਟੀਐਮਸੀ ਦੇ ਦਿਨੇਸ਼ ਤ੍ਰਿਵੇਦੀ, ਸ਼ਰਦ ਯਾਦਵ ਅਤੇ ਜੀਤਨ ਰਾਮ ਮਾਂਝੀ ਸਮੇਤ ਹੋਰ ਦਲਾਂ ਦੇ ਨੇਤਾਵਾਂ ਨੇ ਵੀ ਸ਼ਾਮਿਲ ਹੋ ਕੇ ਮਹਾਂਗਠਬੰਧਨ ਦੀ ਤਸਵੀਰ ਨੂੰ ਸਪੱਸ਼ਟ ਕੀਤਾ।
ਰਾਹੁਲ ਨੇ ਮੁਜ਼ਫਰਪੁਰ ਕਾਂਡ ਤੇ ਨਤੀਸ਼ ਸਰਕਾਰ ਦੀ ਜਮ ਕੇ ਆਲੋਚਨਾ ਕੀਤੀ ਅਤੇ ਇਸ ਦੇ ਨਾਲ ਹੀ ਬੀਜੇਪੀ ਅਤੇ ਸੰਘ ਤੇ ਵੀ ਤਿੱਖੇ ਹਮਲੇ ਕੀਤੇ। ਉਨ੍ਹਾਂ ਨੇ ਕਿਹਾ ਕਿ ਇੱਕ ਪਾਸੇ ਸਿਰਫ਼ ਬੀਜੇਪੀ ਅਤੇ ਆਰਐਸਐਸ ਹੈ ਅਤੇ ਦੂਸਰੀ ਤਰਫ਼ ਪੂਰਾ ਭਾਰਤ ਖੜ੍ਹਾ ਹੈ। ਰਾਹੁਲ ਗਾਂਧੀ ਨੇ ਬੀਜੇਪੀ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, ‘ਦੇਸ਼ ਵਿੱਚ ਅਜੀਬ ਜਿਹਾ ਮਾਹੌਲ ਹੋ ਗਿਆ ਹੈ। ਜੋ ਵੀ ਕਮਜ਼ੋਰ ਹੈ, ਉਹ ਦੱਬਿਆ ਹੋਇਆ ਹੈ, ਭਾਂਵੇ ਉਹ ਮਹਿਲਾ ਹੋਵੇ ਹਾਂ ਛੋਟੇ ਦੁਕਾਨਦਾਰ ਹੋਣ ਜਾਂ ਦਲਿਤ ਸੱਭ ਤੇ ਹਮਲੇ ਹੋ ਰਹੇ ਹਨ। ਅਸੀਂ ਦੇਸ਼ ਦੇ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਦੇਸ਼ ਦੇ ਕਮਜ਼ੋਰ ਵਰਗ ਦੇ ਨਾਲ ਖੜ੍ਹੇ ਹਾਂ।’ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਨਤੀਸ਼ ਨੂੰ ਸੱਚਮੁੱਚ ਹੀ ਸ਼ਰਮ ਆ ਰਹੀ ਹੈ ਤਾਂ ਉਹ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਦਿਵਾਵੇ।
ਤੇਜਸਵੀ ਯਾਦਵ ਨੇ ਵੀ ਨਤੀਸ਼ ਤੇ ਗੁਨਾਹਗਾਰਾਂ ਨੂੰ ਬਚਾਉਣ ਦਾ ਆਰੋਪ ਲਗਾਇਆ। ਉਨ੍ਹਾਂ ਨੇ ਕਿਹਾ ਕਿ ਆਰੋਪੀ ਬ੍ਰਜੇਸ਼ ਨੂੰ ਅਜੇ ਤੱਕ ਰਮਿਾਂਡ ਤੇ ਨਹੀਂ ਲਿਆ ਗਿਆ। ਇਸ ਤੋਂ ਸਾਬਿਤ ਹੁੰਦਾ ਹੈ ਕਿ ਬਿਹਾਰ ਵਿੱਚ ਸ਼ਾਸਨ ਨਹੀਂ ਸਗੋਂ ਜੰਗਲ ਰਾਜ ਹੈ। ਸ਼ੈਲਟਰ ਹੋਮ ਵਿੱਚ ਬੇਸਹਾਰਾ ਬੱਚੀਆਂ ਦਾ ਸੋਸ਼ਣ ਹੁੰਦਾ ਰਿਹਾ ਤੇ ਨਤੀਸ਼ ਸਰਕਾਰ ਫੰਡ ਦਿੰਦੀ ਰਹੀ ਕਿਉਂਕਿ ਉਨ੍ਹਾਂ ਦਰਿੰਦਿਆਂ ਦੀ ਪਹੁੰਚ ਉਪਰ ਤੱਕ ਸੀ। ਤੇਜਸਵੀ ਨੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਫਾਂਸੀ ਤੇ ਚੜ੍ਹਾਇਆ ਜਾਵੇ। ਉਨ੍ਹਾਂ ਨੇ ਕਿਹਾ, ‘ ਆਰੋਪੀ ਬ੍ਰਜੇਸ਼ ਨਤੀਸ਼ ਦਾ ਕਰੀਬੀ ਹੈ।’
ਉਨ੍ਹਾਂ ਅਨੁਸਾਰ ਇਸ ਘਿਨੌਣੇ ਕਾਂਡ ਦਾ ਪਰਦਾ ਫਾਸ਼ ਕਰਨ ਵਾਲੀ ਬੱਚੀ ਨੂੰ ਮੱਧੂਬਨੀ ਦੇ ਕਿਸੇ ਸ਼ੈਲਟਰ ਹੋਮ ਵਿੱਚ ਭੇਜ ਦਿੱਤਾ ਗਿਆ ਹੈ। ਉਸ ਦੇ ਸਿ਼ਫਟ ਕੀਤੇ ਜਾਣ ਤੋਂ ਬਾਅਦ ਉਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਸਾਨੂੰ ਇਹ ਵੀ ਨਹੀਂ ਪਤਾ ਕਿ ਉਹ ਮਾਸੂਮ ਜਿੰਦਾ ਹੈ ਜਾਂ ਉਸ ਦੀ ਹੱਤਿਆ ਕਰ ਦਿੱਤੀ ਗਈ ਹੈ ਜਾਂ ਊਹ ਲਾਪਤਾ ਹੈ। ਉਨ੍ਹਾਂ ਨੇ ਸਰਕਾਰ ਤੋਂ ਇਹ ਮੰਗ ਕੀਤੀ ਕਿ ਗਵਾਹੀ ਦੇਣ ਵਾਲੀਆਂ ਸਾਰੀਆਂ ਬੱਚੀਆਂ ਨੂੰ ਦਿੱਲੀ ਲਿਆ ਕੇ ਉਨ੍ਹਾਂ ਨੂੰ ਸੁਰੱਖਿਆ ਦਿੱਤੀ ਜਾਵੇ। ਉਨ੍ਹਾਂ ਨੇ ਇਹ ਵੀ ਸ਼ੱਕ ਜਾਹਿਰ ਕੀਤਾ ਕਿ ਬੱਚੀਆਂ ਨੂੰ ਬਦਲਿਆ ਵੀ ਜਾ ਸਕਦਾ ਹੈ।
ਵਰਨਣਯੋਗ ਹੈ ਕਿ ਬਿਹਾਰ ਦੇ ਮੁਜ਼ਫਰਪੁਰ ਵਿੱਚ ਬੇਸਹਾਰਾ ਲੜਕੀਆਂ ਲਈ ਬਣੇ ਆਸ਼ਰਮ ਵਿੱਚ 34 ਨਾਬਾਲਿਗ ਲੜਕੀਆਂ ਨਾਲ ਰੇਪ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਵਿੱਚ ਤਿੰਨ ਬੱਚੀਆਂ ਦੀ ਮੌਤ ਹੋਣ ਦੀ ਵੀ ਖ਼ਬਰ ਹੈ। ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਗਈ ਹੈ।