ਉਹ
ਗੰਦੇ ਨਾਲੇ ਦੀ
ਪੁਲੀ ‘ਤੇ ਬੈਠਾ
ਸੋਚਦਾ ਰਹਿੰਦਾ
ਘੰਟਿਆਂ ਬੱਧੀ
ਨਗਰ ਵੱਲ
ਮੂੰਹ ਕਰਕੇ… …
ਵੱਡਾ ਸਾਰਾ ਸ਼ਹਿਰ
ਹੋਰ ਆਫਰੀ ਜਾਵੇ;
ਨਿੱਤ ਰੋਜ਼
ਵੱਧਦਾ ਜਾਵੇ
ਟੁੱਟੇ ਛਿੱਤਰ ਵਾਂਗ
ਦਿਨ ਰਾਤ।
ਫੂੰ – ਫੂੰ ਕਰਦੇ
ਲੋਕ ਏਥੋਂ ਦੇ
ਭਾਜੜਾਂ ਵਰਤੀਆਂ
ਸਭਨਾਂ ਨੂੰ
ਤੇ ਆਫਰਦਾ ਸ਼ਹਿਰ
ਤੱਕੀ ਜਾਦੈ
ਮੂੰਹ,
ਚੇਹਰੇ,
ਪਿੱਠਾਂ,
ਸੀਨੇ,
ਤੁਰਦੀਆਂ ਜੁੱਤੀਆਂ।
ਤੇ ਲੋਕ… … …
ਲੋਕਾਂ ਨੂੰ ਲੱਗੇ ਹੋਏ ਖੰਭ
ਉੱਡ-ਉੱਡ ਡਿੱਗਦੇ;
ਝੜ ਵੀ ਜਾਂਦੇ;
ਕਈਆਂ ਦੇ ਖੰਭ
ਇੱਕ-ਅੱਧ
ਉਡਾਰੀ ਮਗਰੋਂ
ਤੇ ਉਹ… …
ਉਹ
ਗੰਦੇ ਨਾਲੇ ਦੀ
ਪੁਲੀ ‘ਤੇ ਬੈਠਾ
ਸੋਚਦਾ ਰਹਿੰਦਾ
ਘੰਟਿਆਂ ਬੱਧੀ
ਸ਼ਹਿਰ ਬਾਰੇ…
ਸ਼ਹਿਰ ਦੇ ਲੋਕਾਂ ਬਾਰੇ… … …।
ਚਮਕੀਲੀਆਂ,
ਅਸਮਾਨ ਚੁੰਮਦੀਆਂ
ਇਮਾਰਤਾਂ…
ਕਾਮੁਕ-ਭੜਕੀਲੇ ਜੁੱਸੇ
ਇਮਾਰਤਾਂ ਪਹਿਣੀਆਂ
ਬਹੁ-ਰੰਗੀਆਂ ਚਾਨਣੀਆਂ…
ਔਰਤਾਂ ਤਨੀਂ
ਬਹੁ-ਰੰਗੇ;
ਰੋਗਣੀ ਜਾਮੇ!
ਇਮਾਰਤਾਂ ਦੀਆਂ
ਬਾਰੀਆਂ ਖੁੱਲ੍ਹਦੀਆਂ
ਜਿਵੇਂ ਟਟਹਿਣਿਆਂ ਦੀਆਂ ਬਗਲਾਂ!
ਤੇ ਕਮਰੇ…
ਕਮਰਿਆਂ ਵਿਚਕਾਰ ਲਟਕਦੇ ਪਰਦੇ
ਪੱਕੇ-ਪੀਡੇਂ
ਸਰੀਆਂ ਨੂੰ
ਲਿਪਟੀਆਂ ਕੰਧਾਂ,
ਕੰਧਾਂ ਕੱਜੇ ਹੋਏ
ਸੀਮਿੰਟ ਦੇ ਦੁਪੱਟੇ
ਡਾਢੀਆਂ ਪਕਰੋੜ ਕੰਧਾਂ
ਡਾਢੇ ਪਕਰੋੜ ਲੋਕ!
ਰਾਹ ਜਾਂਦੇ
ਉਗਾ ਲੈਂਦੇ
ਅਪਣੀ ਤਲੀ ‘ਤੇ
ਬੂਟਾ ਪਿਆਰ ਦਾ
ਜੋ ਬਾਅਦ ਵਿੱਚ
ਸੁੱਕਦਾ ਰਹਿੰਦਾ
ਪਾਣੀਆਂ ਬਿਨ੍ਹਾਂ।
ਤੇ ਉਹ
ਗੰਦੇ ਨਾਲੇ ਦੀ
ਪੁਲੀ ‘ਤੇ ਬੈਠਾ
ਸੋਚਦਾ ਰਹਿੰਦਾ
ਘੰਟਿਆਂ ਬੱਧੀ
ਸ਼ਹਿਰ ਦੀਆਂ ਇਮਾਰਤਾਂ ਬਾਰੇ…
ਸ਼ਹਿਰ ਦੀਆਂ ਔਰਤਾਂ ਬਾਰੇ…।
ਘਰ… … …
ਅਪਣੇ ਹੀ ਘਰ ਅੰਦਰ
ਸੌ-ਸੌ ਪਰਦੇ
ਹਰ ਬਾਰੀ ਨੂੰ ਪਰਦਾ
ਪਰ ਪਰਦੇ ਪਿੱਛੇ
ਨੰਗੀ ਫਿਰੇ ਹਯਾ…!
ਧੰਨ ਸ਼ਹਿਰ ਦੇ ਘਰ… …
ਧੰਨ ਸ਼ਹਿਰ ਦੇ ਵਸਿੰਦੇ… …
ਉਹ
ਗੰਦੇ ਨਾਲੇ ਦੀ
ਪੁਲੀ ‘ਤੇ ਬੈਠਾ
ਸੋਚਦਾ ਰਹਿੰਦਾ
ਘੰਟਿਆਂ ਬੱਧੀ
ਸ਼ਹਿਰ ਦੇ ਘਰਾਂ ਬਾਰੇ… …
ਸ਼ਹਿਰ ਦਿਆਂ ਲੋਕਾਂ ਬਾਰੇ… …
ਵੈਦ ਏਸ ਸ਼ਹਿਰ ਦੇ
ਮਰਜ਼ ਤੇ ਮਰੀਜ਼ ਨੂੰ
ਮਗਰੋਂ ਤੱਕਦੇ
ਪਹਿਲਾਂ ਤੱਕਣ…
ਜਾਮੇ ਤੇ ਘਰਾਣੇ!
ਫਿਰ ਉਸਦਾ ਧਿਆਨ
ਗੰਦੇ ਨਾਲੇ ਦੇ
ਹੋਰ ਅੰਦਰ ਚਲਾ ਜਾਂਦਾ ਹੈ…
ਤੇ ਗਟਰਾਂ ਦੇ ਢੱਕਣ
ਇੰਝ ਜਾਪਣ
ਜਿਵੇਂ ਬਟਨ
ਕਾਲੀ ਕੁੜਤੀ ਦੇ
ਪਰ… … …
ਕੁੜਤੀ ਖੁੱਲ੍ਹਦੀ
ਵਿੱਚੋਂ ਨਿਕਲੇ
ਅਣਖ ਸੀਨੇ ਦੀ
ਤੇ ਗਟਰ ਖੁੱਲਿਆਂ
ਵਿੱਚੋਂ ਬੂ ੳੁਡੇ।
ਇੱਥੇ ਹੀ ਤਾਂ ਰਹਿੰਦੇ ਨੇ
ਲੋਕ ਏਸ ਸ਼ਹਿਰ ਦੇ
ਤੇ ਉਹ
ਗੰਦੇ ਨਾਲੇ ਦੀ
ਪੁਲੀ ‘ਤੇ ਬੈਠਾ
ਸੁੰਨ ਹੋ ਰਹਿ ਜਾਂਦਾ ਹੈ…!!
ਬਸ ਸੋਚਦਾ ਹੀ ਰਹਿੰਦਾ ਹੈ…!!