ਵਿਸਾਖੀ ਵਾਲੇ ਦਿਨ ਤੜਕੇ ਸੁਰਜੀਤ ਜਦੋਂ ਮੱਝਾਂ ਦੀ ਧਾਰ ਕੱਢ ਕੇ ਲਿਆਈ ਤਾਂ ਉਸ ਦੀ ਆਉਂਦੀ ਨੂੰ ਹਰਨਾਮ ਕੌਰ ਨੇ ਦੁੱਧ ਰਿੜਕ ਕੇ ਮੱਖਣ ਕੱਢ ਲਿਆ।
“ਚਾਹ ਜੋਗਾ ਦੁੱਧ ਰੱਖ ਕੇ, ਬਾਕੀ ਸਾਰਾ ਬਾਬੇ ਦੀ ਖੂਹੀ ਲਈ ਲੈ ਜਾਂਦੇ ਹਾਂ।” ਸੁਰਜੀਤ ਨੇ ਹਰਨਾਮ ਕੌਰ ਤੋਂ ਪੁੱਛਿਆ, “ਤਾਈ ਹੋਰੀ ਪਤਾ ਨਹੀਂ ਅਜੇ ਉਠੇ ਹੈ ਜਾਂ ਨਹੀਂ।”
“ਵਾਜ ਮਾਰ ਤਾਂ ਕੰਧ ਉਪਰੋਂ ਦੀ।” ਹਰਨਾਮ ਕੌਰ ਨੇ ਸਲਾਹ ਦਿੱਤੀ, “ਵੇਲੇ ਨਾਲ ਜਾਵੋਗੇ ਤਾਂ ਵਧੀਆ ਰਹੇਗਾ, ਭੀੜ ਭੱੜਕੇ ਤੋਂ ਪਹਿਲਾ ਪਹਿਲਾਂ ਗੱਲਬਾਤ ਹੋ ਜਾਊਗੀ। ਦੀਪੀ ਨੂੰ ਵੀ ਉਠਾਲ ਲੈ।”
“ਤਾਈ ਜੀ, ਉੱਠ ਗਏ।” ਸੁਰਜੀਤ ਨੇ ਕੰਧ ਉਤੋਂ ਅਵਾਜ਼ ਮਾਰੀ, “ਆ ਦੁੱਧ ਵੀ ਫੜ ਲੈਂਦੇ ਚਾਹ ਲਈ।”
“ਧੀਏ, ਉਠ ਤਾਂ ਗਏ, ਪਰ ਤੇਰੇ ਤਾਏ ਦੇ ਢਿੱਡ ਵਿਚ ਦਰਦ ਫਿਰ ਹੁੰਦਾ ਆ।” ਗਿਆਨ ਕੌਰ ਨੇ ਕੰਧ ਉਪਰ ਦੀ ਦੁੱਧ ਫੜਦੇ ਕਿਹਾ, “ਮੈ ਕਹਿੰਦੀ ਸਾਂ ਕਿ ਤੁਸੀ ਇਕੱਲੇ ਹੀ ਬਾਬੇ ਦੀ ਖੂਹੀ ਜਾ ਆਵੋ।”
“ਤੁਸੀ ਦਵਾਈ ਨਹੀ ਦਿੱਤੀ ਤਾਇਆ ਜੀ ਨੂੰ।”
“ਦਵਾ ਤਾਂ ਦਿੱਤੀ ਪਰ ਅਜੇ ਫ਼ਰਕ ਨਹੀਂ ਪਿਆ।” ਗਿਆਨ ਕੌਰ ਨੇ ਦੱਸਿਆ, ਠਤੁਸੀ ਹਰਨਾਮ ਕੌਰ ਨੂੰ ਨਾਲ ਲੈ ਜਾਵੋ।ੂ
“ਮੈ ਤਾਂ ਜਾਣਾ ਹੀ ਹੈ।” ਹਰਨਾਮ ਕੌਰ ਨੇ ਜ਼ਵਾਬ ਦਿੱਤਾ, “ਘੜੀ ਕੁ ਹੋਰ ਦੇਖ ਲਉ, ਭਾਈਏ ਹੋਰਾਂ ਨੂੰ ਫ਼ਰਕ ਪੈ ਗਿਆ ਤਾਂ ਤੂੰ ਵੀ ਨਾਲੇ ਚੱਲ।”
“ਅੱਛਾ, ਦੇਖ ਲਉ।” ਗਿਆਨ ਕੌਰ ਇਹ ਕਹਿ ਕੇ ਵਿਹੜੇ ਵਿਚ ਲੱਗੇ ਨਲਕੇ ਵੱਲ ਨੂੰ ਚੱਲ ਪਈ।
ਦੀਪੀ ਹਮੇਸ਼ਾਂ ਬਾਬੇ ਦੀ ਖੂਹੀ ਤੇ ਚਾਅ ਅਤੇ ਸ਼ਰਧਾ ਨਾਲ ਜਾਂਦੀ ਹੈ, ਪਰ ਅੱਜ ਉਸ ਦਾ ਦਿਲ ਇਸ ਕਰਕੇ ਬੁੱਝਿਆ ਪਿਆ ਹੈ ਕਿ ਕੋਈ ਅਜਨਵੀ ਉਸ ਨੂੰ ਦੇਖਣ ਆ ਰਿਹਾ ਹੈ, ਜਿਸ ਨੂੰ ਜਾਣਦੀ ਤੱਕ ਨਹੀ ਤੇ ਨਾ ਹੀ ਉਸ ਨੇ ਜਾਨਣ ਦੀ ਕੋਸ਼ਿਸ ਕੀਤੀ। ਬੇਸ਼ੱਕ ਉਹ ਹੁਣ ਬਾਬੇ ਦੀ ਖੂਹੀ ਨੂੰ ਜਾਣ ਲਈ ਤਿਆਰ ਹੋ ਗਈ ਸੀ, ਪਰ ਉਸ ਨੇ ਸੂਟ ਉਹ ਪਾਇਆ ਸੀ ਜਿਹੜਾ ਉਸ ਨੂੰ ਬਿਲਕੁਲ ਹੀ ਪਸੰਦ ਨਹੀਂ ਸੀ। ਦੀਪੀ ਦੀ ਛੋਟੀ ਭੈਣ ਰੱਜਵੀਰ ਵੀ ਉਠ ਗਈ। ਉਠਦੇ ਸਾਰ ਹੀ ਦੀਪੀ ਨੂੰ ਕਹਿਣ ਲੱਗੀ, “ਭੈਣ ਜੀ, ਮੈਂ ਵੀ ਜਾਣਾ ਹੈ, ਬਾਬੇ ਦੀ ਖੂਹੀ ਮੱਥਾ ਟੇਕਣ।”
“ਨਹੀ ਪੁੱਤ, ਤੂੰ ਨਹੀਂ ਜਾਣਾ।” ਸੁਰਜੀਤ ਨੇ ਉਸ ਨੂੰ ਸਮਝਾਇਆ, “ਅਸੀ ਛੇਤੀ ਹੀ ਆ ਜਾਣਾ ਹੈ, ਤੁਸੀ ਘਰੇ ਰਹਿਣਾ ਤੇ ਆਪਸ ਵਿਚ ਲੜਨਾ ਨਹੀਂ, ਸੋਨੀ (ਦੀਪੀ ਤੋਂ ਛੋਟੀ) ਦਾ ਕਹਿਣਾ ਮੰਂਨਣਾ।”
ਛੇਤੀ ਹੀ ਮੁਖਤਿਆ ਖੂਹ ਤੋਂ ਟਰੈਕਟਰ ਲੈ ਕੇ ਆ ਗਿਆ। ਟਰੈਟਰ ਦੇ ਪਿਛਲੇ ਫੱਟੇ ਤੇ ਦੀਪੀ ਅਤੇ ਸੁਰਜੀਤ ਬੈਠ ਗਈਆਂ। ਮੁਖਤਿਆਰ ਦੇ ਖੱਬੇ-ਸੱਜੇ ਗਿਆਨ ਕੌਰ ਅਤੇ ਹਰਨਾਮ ਕੌਰ ਦੁੱਧ ਦਾ ਡੋਲੂ ਪੈਰਾਂ ਵਿਚ ਟਿਕਾ ਕੇ ਬੈਠ ਗਈਆ।
ਅਜੇ ਭਾਵੇਂ ਸਵੇਰਾ ਸਵੇਰਾ ਹੀ ਸੀ, ਫਿਰ ਵੀ ਬਹੁਤ ਸਾਰੇ ਲੋਕੀ ਬਾਬੇ ਦੀ ਖੂਹੀ ਪਹੁੰਚ ਚੁੱਕੇ ਸਨ। ਦੀਪੀ ਹੋਰੀ ਮੱਥਾ ਟੇਕਣ ਤੋਂ ਬਾਅਦ ਗੁਰਦੁਆਰੇ ਦੇ ਪਿੱਛੇ ਲੱਗੀ ਚਾਨਣੀ ਵਿਚ ਚਲੇ ਗਏ।
“ਮਿੰਦੀ ਤਾਂ ਕਿਤੇ ਦਿਸਦੀ ਨਹੀ।” ਗਿਆਨ ਕੌਰ ਨੇ ਆਲੇ-ਦੁਆਲੇ ਦੇਖਦੇ ਕਿਹਾ, “ਮੁਖਤਿਆਰ ਦੇਖ ਤਾਂ ਖੂਹੀ ਵੱਲ ਹੀ ਨਾ ਹੋਣ।” ਮੁਖਤਿਆਰ ਜਾਣ ਹੀ ਲੱਗਾ ਸੀ ਕਿ ਸਾਹਮਣੇ ਆਉਂਦੀ ਮਿੰਦੀ ਦਿਸੀ।
“ਮਿੰਦੀ ਤਾਂ ਉਹ ਤੁਰੀ ਆਉਂਦੀ ਆ।” ਸੁਰਜੀਤ ਨੇ ਕਿਹਾ, “ਪਰ ਉਸ ਦੇ ਨਾਲ ਤਾਂ ਕੋਈ ਵੀ ਨਹੀ।”
“ਸਤਿ ਸ੍ਰੀ ਅਕਾਲੂ ਮਿੰਦੀ ਨੇ ਕਿਹਾ, “ਤੁਸੀਂ ਇੱਥੇ ਹੋ, ਅਸੀ ਤਾਂ ਉਧਰ ਖੇਤ ਵਿਚ ਲੱਗੇ ਤੰਬੂ ਵਿਚ ਹਾਂ, ਇੱਥੇ ਉਥੇ ਨਾਲੋ ਠੰਢ ਹੈ ਤੁਸੀਂ ਉਧਰ ਹੀ ਆ ਜਾਉ।”
ਕਨਾਤਾਂ ਵਾਲੇ ਤੰਬੂ ਵਿਚ ਦੀਪੀ ਨੇ ਅਜੇ ਪੈਰ ਧਰਿਆ ਹੀ ਸੀ ਕਿ ਉਸ ਨੂੰ ਸਾਹਮਣੇ ਖੜਾ ਦਿਲਪ੍ਰੀਤ ਦਿਸਿਆ ਤਾਂ ਉਸ ਦੇ ਪੈਰ ਜ਼ਮੀਨ ਨਾਲ ਹੀ ਜੁੜੇ ਰਹਿ ਗਏ। ਉਸ ਦੇ ਦਿਲ ਦੀ ਧੜਕਨ ਜਿਵੇਂ ਰੁੱਕ ਹੀ ਗਈ ਹੋਵੇ। ਸਾਰੇ ਅਗਾਂਹ ਲੰਘ ਗਏ ਪਰ ਦੀਪੀ ਉਥੇ ਹੀ ਖਲੋਤੀ ਸੀ। ਉਸ ਦਾ ਕਾਲਜਾ ਨਿਕਲਣ ਨੂੰ ਕਰ ਰਿਹਾ ਸੀ, ਉਸ ਦੇ ਹੱਥਾਂ ਨੂੰ ਵੀ ਪਸੀਨਾ ਆ ਗਿਆ ਸੀ, ਹੈਰਾਨੀ ਅਤੇ ਡਰ ਨਾਲ ਕਾਂਬਾ ਛਿੜਨ ਹੀ ਲੱਗਾ ਸੀ ਕਿ ਮਿੰਦੀ ਦੇ ਬੋਲ ਉਸ ਨੂੰ ਸੁਣ ਗਏ, “ਇਹ ਆ ਮੇਰੇ ਜੇਠ ਦਾ ਮੁੰਡਾ ਦਿਲਪ੍ਰੀਤ।” ਦਿਲਪ੍ਰੀਤ ਨੇ ਅੱਗੇ ਹੋ ਕੇ ਸਾਰਿਆ ਦੇ ਗੋਡਿਆਂ ਨੂੰ ਹੱਥ ਲਾਇਆ।
“ਦੀਪੀ ਪੁੱਤ ਇੱਥੇ ਆ, ਤੂੰ ਵੀੂ ਗਿਆਨ ਕੌਰ ਨੇ ਡੋਰ-ਭੋਰ ਹੋਈ ਦੀਪੀ ਨੂੰ ਕਿਹਾ, “ਸੰਗਦੀ ਉਥੇ ਹੀ ਖੜ੍ਹੀ ਹੈ।” ਗਿਆਨ ਕੌਰ ਦੀ ਗੱਲ ਸੁਣ ਕੇ ਦਿਲਪ੍ਰੀਤ ਦੀਪੀ ਵੱਲ ਦੇਖ ਕੇ ਮੁਸਕ੍ਰਾਇਆ, ਪਰ ਦੀਪੀ ਨੂੰ ਉਸ ਦੀ ਮੁਸਕ੍ਰਾਟ ਤੇ ਗੁੱਸਾ ਚੜ੍ਹ ਗਿਆ। ਉਸ ਨੇ ਆਪਣੇ ਮਨ ਵਿਚ ਹੀ ਉਸ ਨੂੰ ਧੋਖੇਬਾਜ ਕਿਹਾ। ਦੀਪੀ ਨੇ ਹੌਲੀ ਜਿਹੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ। ਦਿਲਪ੍ਰੀਤ ਦੇ ਨਾਲ ਉਹ ਜ਼ਨਾਨੀ ਵੀ ਖ੍ਹੜੀ ਸੀ ਜੋ ਉਸ ਦਿਨ ਮਿੰਦੀ ਭੂਆ ਦੇ ਨਾਲ ਕਾਲਜ ਦੀਪੀ ਨੂੰ ਮਿਲਣ ਆਈ ਸੀ। ਦਿਲਪ੍ਰੀਤ ਦੀ ਮੰਮੀ ਨੇ ਉਸ ਨੂੰ ਜੱਫੀ ਵਿਚ ਲੈ ਕੇ ਕਿਹਾ, “ਜਿਸ ਤਰ੍ਹਾਂ ਦੀ ਕੁੜੀ ਅਸੀ ਲੱਭਦੇ ਸਾਂ, ਉਸੇ ਤਰ੍ਹਾਂ ਦੀ ਸਾਨੂੰ ਮਿਲ ਗਈ।”
“ਜੋੜੀ ਤਾਂ ਸੁਖ ਨਾਲ ਬਹੁਤ ਜਚੂ ਗਿਆਨ ਕੌਰ ਨੇ ਕਿਹਾ, ਠਜੋੜੀਆਂ ਜੱਗ ਥੌੜੀਆਂ ਨਰੜ ਬਥੇਰੇ।”
“ਉਹ ਤਾਂ ਸਭ ਠੀਕ ਹੈ।” ਸੁਰਜੀਤ ਨੇ ਕਿਹਾ, “ਬੱਚਿਆਂ ਨੂੰ ਵੀ ਪੁੱਛ ਲਉ ਕਿ ਉਹਨਾਂ ਦੀ ਕੀ ਮਰਜ਼ੀ ਆ।”
“ਉਹਨਾ ਨੂੰ ਪੁੱਛਣ ਦੀ ਕੀ ਲੋੜ ਆ” ਹਰਨਾਮ ਕੌਰ ਨੇ ਸੁਰਜੀਤ ਦੀ ਗੱਲ ਕੱਟਦੇ ਕਿਹਾ, ” ਫੈਂਸਲਾ ਤਾਂ ਮਾ ਪਿਉ ਨੇ ਕਰਨਾ ਆ।”
“ਨਹੀਂ ਬੀਜੀ, ਬੱਚਿਆਂ ਨੂੰ ਪੁੱਛਣਾ ਜ਼ਰੂਰੀ ਆ।” ਦਿਲਪ੍ਰੀਤ ਦੇ ਡੈਡੀ ਨੇ ਕਿਹਾ, “ਬੱਚਿਆਂ ਦੀ ਹਾਂ ਨਾਲ ਹੀ ਸਾਡੀ ਹਾਂ ਹੋਵੇਗੀ।”
“ਹਰਨਾਮ ਕੌਰੇ ਹੁਣ ਆਪਣੇ ਜ਼ਮਾਨੇ ਨਹੀ ਰਹੇ।” ਗਿਆਨ ਕੌਰ ਨੇ ਕਿਹਾ, “ਕਰਨ ਦੇ ਜੋ ਕਰਦੇ ਆ।”
“ਨਹੀਂ ਐਸੀ ਤਾਂ ਕੋਈ ਗੱਲ ਨਹੀਂ।” ਦਿਲਪ੍ਰੀਤ ਨੇ ਕਿਹਾ, ਠਜੋ ਤੁਸੀ ਵੱਡੇ ਕਰ ਰਹੇ ਹੋ ਮੈਂ ਤਾਂ ਉਸੇ ਵਿਚ ਰਾਜ਼ੀ ਹਾਂ, ਬਾਕੀ ਤੁਸੀ ਇਹਨਾ (ਦੀਪੀ ਵੱਲ ਇਸ਼ਾਰਾ ਕਰਦੇ ) ਨੂੰ ਪੁੱਛ ਲਉ।”
“ਇਹਦਾ ਨਾਮ ਦੀਪੀ ਆ।” ਮਿੰਦੀ ਨੇ ਉਸ ਨੂੰ ਦੱਸਿਆ।
“ਉਹ, ਅੱਛਾ ਜੀ।”
“ਏਦਾਂ ਨਾ ਕਰੀਏ, ਇਹਨਾ ਨੂੰ ਇੱਥੇ ਰਹਿਣ ਦਈਏ ਦਿਲਪ੍ਰੀਤ ਦੀ ਮੰਮੀ ਨੇ ਸਲਾਹ ਦਿੱਤੀ, “ਆਪਾਂ ਬਾਹਰ ਸਰੋਵਰ ਵਿਚ ਹੱਥ ਮੂੰਹ ਧੋ ਆਈਏ, ਇਹ ਆਪ ਹੀ ਇਕ ਦੂਜੇ ਨਾਲ ਗੱਲ ਕਰ ਲੈਣਗੇ।”
ਹਰਨਾਮ ਕੌਰ ਭਾਵੇ ਇਸ ਗੱਲ ਨਾਲ ਸਹਿਮਤ ਨਹੀਂ ਸੀ, ਪਰ ਫਿਰ ਵੀ ਸਰਿਆਂ ਦੇ ਨਾਲ ਸਰੋਵਰ ਵੱਲ ਨੂੰ ਤੁਰ ਪਈ। ਉਹਨਾ ਦੇ ਜਾਣ ਦੀ ਦੇਰ ਹੀ ਸੀ ਕਿ ਦੀਪੀ ਇਕਦਮ ਬੋਲੀ, “ਕਿੰਨੇ ਬੇਈਮਾਨ ਨਿਕਲੇ ਤੁਸੀ ਇੰਨੇ ਚਲਾਕ, ਮੈਨੂੰ ਭਾਫ ਨਹੀ ਲੱਗਣ ਦਿੱਤੀ ਵਿਚਲੇ ਭੇਦ ਦੀ, ਮੈਂ ਵੀ ਸੋਚਾਂ ਕਿ ਮੇਰੇ ਰਿਸ਼ਤੇ ਬਾਰੇ ਹਜ਼ੂਰ ਨੂੰ ਪ੍ਰਵਾਹ ਕਿਉਂ ਨਹੀਂ।”
“ਮੈ ਵੀ ਤਾਂ ਦੇਖਣਾ ਸੀ ਕਿ ਸਰਕਾਰਾਂ ਮੈਨੂੰ ਕਿੰਨਾ ਕੁ ਚਾਹੁੰਦੀਆਂ ਨੇ।”
“ਇਸ ਦਾ ਮਤਲਬ ਤੁਸੀ ਮੇਰਾ ਇਮਤਿਹਾਨ ਲੈ ਰਹੇ ਸੀ।”
“ਕੋਈ ਵੀ ਡਿਗਰੀ ਲੈਣ ਲਈ ਇਮਤਿਹਾਨ ਤਾਂ ਦੇਣਾ ਹੀ ਪੈਂਦਾ ਹੈ।”
“ਜਿਸ ਦਿਨ ਦੀ ਰਿਸ਼ਤੇ ਬਾਰੇ ਗੱਲ ਹੋ ਰਹੀ ਸੀ ਤਾਂ ਉਸ ਦਿਨ ਤੋਂ ਮੇਰਾ ਸੋਚ ਸੋਚ ਕੇ ਬੁਰਾ ਹਾਲ ਹੋ ਗਿਆ, ਤੁਹਾਡੇ ਭਾਅਦਾ ਇਮਤਿਹਾਨ ਸੀ। ‘ ਮਰ ਮਰ ਬੁੱਢੀ ਗੀਤ ਗਾਵੇ ਲੋਕਾਂ ਭਾਣੇ ਵਿਆਹ’।”
“ਚਲੋ ਜੇ ਮਿਹਨਤ ਕੀਤੀ ਤਾਂ ਪਾਸ ਵੀ ਹੋ ਗਏ।” ਦਿਲਪ੍ਰੀਤ ਨੇ ਹੱਸਦੇ ਹੋਏ ਕਿਹਾ, “ਸ਼ੁਕਰ ਕਰੀਏ ਬਾਬੇ ਦਾ ਜਿਸ ਨੇ ਸਾਡੀ ਮੁਹੱਬਤ ਨੂੰ ਫੁੱਲ ਲਾਏ।”
“ਉਸ ਦਿਨ, ਜਦੋਂ ਮੈਂ ਤੁਹਾਡੇ ਪਿੰਡ ਬਾਰੇ ਪੁੱਛਿਆ ਸੀ ਤਾਂਹੀਉਂ ਤੁਸੀ ਮੈਨੂੰ ਟਾਲ ਗਏ ਸੀ।”
“ਮੈਨੂੰ ਤਾਂ ਬਹੁਤ ਦੇਰ ਪਹਿਲਾਂ ਪਤਾ ਲਗ ਗਿਆ ਸੀ ਕਿ ਮੇਰੇ ਰਿਸ਼ਤੇ ਦੀ ਗੱਲ ਤੁਹਾਡੇ ਨਾਲ ਹੀ ਚੱਲ ਰਹੀ ਏ।”
“ਪਰ, ਮੇਰੇ ਕੋਲੋਂ ਕਿਉਂ ਲੁਕਾ ਰੱਖਿਆ।”
“ਜਿੰਨੀ ਖੁਸ਼ ਤੂੰ ਅੱਜ ਹੈਂ, ਉਹ ਇਸ ਸਰਪ੍ਰਾਈਜ਼ ਕਰਕੇ ਹੀ ਹੈ।”
ਇਹ ਗੱਲ ਸੁੱਣ ਕੇ ਥੋੜੀ ਦੇਰ ਦੀਪੀ ਚੁੱਪ ਰਹੀ, ਫਿਰ ਕੁਝ ਸੋਚ ਕੇ ਬੋਲੀ, “ਸੱਚ-ਮੁੱਚ ਹੀ ਆਪਾਂ ਨੂੰ ਗੁਰੂ ਮਹਾਰਾਜ ਦਾ ਸ਼ੁਕਰ ਕਰਨਾ ਚਾਹੀਦਾ ਹੈ, ਕਿੰਨੀ ਅਸਾਨੀ ਨਾਲ ਪਿਆਰ ਦੀ ਮੰਜ਼ਿਲ ਮਿਲ ਗਈ ਹੈ, ਕਈਆਂ ਨੂੰ ਤਾਂ ਸਾਰੀ ਉਮਰ ਹੀ ਨਸੀਬ ਨਹੀ ਹੁੰਦੀ।”
“ਦੇਖਿਆ, ਮੈਂ ਰੋਲ ਕਿਵੇ ਪਲੇਅ ਕੀਤਾ, ਘਰ ਦੇ ਵੀ ਰਾਜ਼ੀ ਤੇ ਆਪਾਂ ਵੀ।”
ਉਹ ਆਪਣੀਆਂ ਗੱਲਾਂ ਕਰਨ ਵਿਚ ਮਗਨ ਸਨ, ਹੋਰ ਵੀ ਕਈ ਲੋਕ ਤੰਬੂ ਵਿਚ ਆ ਰਹੇ ਸਨ। ਕਈ ਜ਼ਨਾਨੀਆਂ ਉਹਨਾਂ ਵੱਲ ਦੇਖ ਰਹੀਆਂ ਸਨ। ਮੁੰਡੇ ਕੁੜੀ ਦਾ ਇਕੱਲਿਆਂ ਗੱਲਾਂ ਕਰਨੀਆਂ ਉਹਨਾ ਨੂੰ ਚੁਭਦਾ ਸੀ। ਪਰ ਛੇਤੀ ਹੀ ਮਿੰਦੀ ਬਾਕੀਆਂ ਨੂੰ ਨਾਲ ਲਈ ਆ ਗਈ। ਉਹਨਾਂ ਨੂੰ ਆਉਂਦਿਆ ਦੇਖ ਦੀਪੀ ਤੇ ਦਿਲਪ੍ਰੀਤ ਉਹਨਾ ਦੇ ਸਾਹਮਣੇ ਫਿਰ ਅਜਨਬੀ ਬਣ ਗਏ। ਮਿੰਦੀ ਨੇ ਗੱਲ ਸ਼ੁਰੂ ਕੀਤੀ, “ਦੀਪੀ, ਹੁਣ ਤੂੰ ਦੱਸ ਤੇਰੀ ਕੀ ਸਲਾਹ ਆ?”
“ਭੂਆ ਜੀ, ਮੇਰੀ ਸਲਾਹ ਤੁਹਾਡੇ ਨਾਲ ਹੀ ਹੈ।” ਦੀਪੀ ਨੇ ਪਹਿਲੀ ਵਾਰੀ ਇੰਨੇ ਪਿਆਰ ਨਾਲ ਭੂਆ ਜੀ ਕਿਹਾ ਕਿ ਮਿੰਦੀ ਵੀ ਹੈਰਾਨ ਹੋ ਗਈ।
“ਚਲੋ ਫਿਰ ਤਾਂ ਵਧਾਈਆਂ ਹੋ ਜਾਣ।” ਦਿਲਪ੍ਰੀਤ ਦੇ ਡੈਡੀ ਨੇ ਆਪਣੀ ਪਤਨੀ ਨੂੰ ਕਿਹਾ, “ਹੁਣ ਤੂੰ ਪਿਅਰ ਦੇ ਕੁੜੀ ਨੂੰ।”
“ਨਹੀ ਪਹਿਲਾਂ ਅਸੀ ਮੁੰਡੇ ਨੂੰ ਪਿਆਰ ਦਿੰਦੇ ਹਾਂ।” ਸੁਰਜੀਤ ਨੇ ਕਿਹਾ, “ਫਿਰ ਤੁਸੀਂ ਦਿਉ।”
ਦੋਹਾਂ ਧਿਰਾਂ ਨੇ ਸੋ ਸੋ ਦਾ ਨੋਟ ਮੁੰਡੇ ਕੁੜੀ ਦੇ ਹੱਥ ਫੜਾ ਦਿੱਤਾ।
“ਮੰਗਣੀ ਦਾ ਦਿਨ ਵੀ ਹੁਣੇ ਹੀ ਤਹਿ ਕਰ ਲਵੋ।” ਹਰਨਾਮ ਕੌਰ ਨੇ ਸਲਾਹ ਦਿੱਤੀ।
ਹਰਜਿੰਦਰ ਸਿੰਘ ਨੇ ਕਿਹਾ, “ਅਸੀਂ ਵਾਧੂ ਦੇ ਰਿਵਾਜ਼ਾਂ ਵਿਚ ਯਕੀਨ ਨਹੀਂ ਰੱਖਦੇ।”
“ਤੁਹਾਡੀ ਗੱਲ ਭਾਵੇਂ ਠੀਕ ਹੈ।” ਮੁਖਤਿਆਰ ਨੇ ਕਿਹਾ, “ਪਰ ਜਿਹੜਾ ਮੰਗਣੀ ਦਾ ਵਿਹਾਰ ਬਣਿਆ ਹੈ, ਉਹ ਤਾਂ ਕਰਨਾ ਹੀ ਹੈ।”
“ਵਿਹਾਰ ਵੀ ਤਾਂ ਆਪਾਂ ਲੋਕਾਂ ਨੇ ਹੀ ਬਣਾਏ ਹਨ।” ਹਰਜਿੰਦਰ ਸਿੰਘ ਨੇ ਫਿਰ ਕਿਹਾ, “ਰੋਕ, ਠਾਕਾ, ਮੰਗਣੀ ਐਵੇਂ ਫਜੂਲ ਦੀਆਂ ਗੱਲਾਂ ਨੇ।”
“ਕੋਈ ਨਹੀ ਮੰਗਣੀ ਬਾਰੇ ਵਿਆਹ ਦੇ ਲਾਗੇ ਜਾ ਕੇ ਸੋਚ ਲਵਾਂਗੇ।” ਮਿੰਦੀ ਨੇ ਵਚੋਲਿਆਂ ਵਾਲੀ ਗੱਲ ਕੀਤੀ, “ਇਹ ਰਿਵਾਜ਼ ਛੱਡ ਵੀ ਤਾਂ ਨਹੀਂ ਹੁੰਦੇ।”
ਗੱਲਾਂ ਕਰਦੇ ਲੰਗਰ ਹਾਲ ਵੱਲ ਨੂੰ ਚੱਲ ਪਏ। ਇਕੱਠਿਆਂ ਬੈਠ ਕੇ ਲੰਗਰ ਛਕਿਆ। ਇਸ ਦੌਰਾਨ ਦੀਪੀ ਅਤੇ ਦਿਲਪ੍ਰੀਤ ਨੇ ਕਈ ਵਾਰੀ ਇਕ ਦੂਜੇ ਨਾਲ ਨਜ਼ਰਾ ਮਿਲਾਈਆਂ, ਪਰ ਕਿਸੇ ਨੂੰ ਪਤਾ ਨਹੀ ਲੱਗਣ ਦਿੱਤਾ, ਛੇਤੀ ਹੀ ਦੋਨੋ ਪ੍ਰੀਵਾਰ ਇਕ ਦੂਜੇ ਤੋਂ ਵਿਦਾ ਲੈ ਕੇ ਆਪਣੇ ਆਪਣ ਟਿਕਾਣਿਆ ਵੱਲ ਪਰਤ ਗਏ।