ਸ਼ਾਹਕੋਟ/ਮਲਸੀਆਂ,(ਏ.ਐੱਸ. ਸਚਦੇਵਾ) – ਸ਼ਾਹਕੋਟ ਸ਼ਹਿਰ ਨੂੰ ਸਬ ਡਵੀਜ਼ਨ ਦਾ ਦਰਜ਼ਾ ਮਿਲਿਆ ਅੱਜ ਭਾਵੇਂ ਕਾਫੀ ਅਰਸਾ ਹੋ ਚੁੱਕਾ ਹੈ, ਪਰ ਸ਼ਾਹਕੋਟ ਦੇ ਲੋਕ ਅੱਜ ਵੀ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਪਿੱਛਲੇ ਲੰਮੇ ਸਮੇਂ ਤੋਂ ਸ਼ਾਹਕੋਟ ਸ਼ਹਿਰ ਵਿੱਚੋਂ ਦੀ ਲੰਘਦੇ ਜਲੰਧਰ-ਮੋਗਾ ਮੁੱਖ ਮਾਰਗ ਨੇ ਛੱਪੜ ਦਾ ਰੂਪ ਧਾਰਨ ਕੀਤਾ ਗਿਆ ਸੀ, ਪਰ ਹੁਣ ਪਿੱਛਲੇ ਕੁੱਝ ਦਿਨਾਂ ਤੋਂ ਬਰਸਾਤ ਪੈਣ ਕਾਰਨ ਸੜਕ ਨੇ ਨਹਿਰ ਦਾ ਰੂਪ ਧਾਰਨ ਕਰ ਲਿਆ ਹੈ, ਜਿਸ ਦਾ ਮੁੱਖ ਕਾਰਨ ਸੀਵਰੇਜ਼ ਦੇ ਪਾਣੀ ਦੀ ਸਹੀ ਢੰਗ ਨਾਲ ਨਿਕਾਸੀ ਨਾ ਹੋਣਾ ਸਾਹਮਣੇ ਆ ਰਿਹਾ ਹੈ। ਸੜਕ ਦੀ ਖਸਤਾਂ ਹਾਲਤ ਕਾਰਨ ਮੁੱਖ ਮਾਰਗ ’ਤੇ ਕਈ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਹਨ, ਪਰ ਪ੍ਰਸਾਸ਼ਨ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕ ਰਹੀ, ਜਿਸ ਕਾਰਨ ਸ਼ਾਹਕੋਟ ਸ਼ਹਿਰ ਦੇ ਲੋਕ ਸੰਤਾਂਪ ਹੰਢਾ ਰਹੇ ਹਨ। ਜਾਣਕਾਰੀ ਅਨੁਸਾਰ ਜਲੰਧਰ-ਮੋਗਾ ਮੁੱਖ ਮਾਰਗ ਤੋਂ ਰੋਜ਼ਾਨਾਂ ਹਜ਼ਾਰਾਂ ਵਾਹਨ ਲੰਘਦੇ ਹਨ ਅਤੇ ਸੜਕ ਦੇ ਆਸ-ਪਾਸ ਕਈ ਸਰਕਾਰੀ ਅਤੇ ਨਿੱਜੀ ਬੈਂਕ ਵੀ ਹਨ। ਪਿੱਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਸ਼ਾਹਕੋਟ ਸ਼ਹਿਰ ਵਾਸੀਆਂ ਦੀ ਮੰਗ ਨੂੰ ਪੂਰਾ ਕਰਦਿਆ ਸੀਵਰੇਜ਼ ਪਵਾਇਆ ਗਿਆ ਸੀ, ਪਰ ਸੀਵਰੇਜ਼ ਅਜੇ ਪੂਰੀ ਤਰਾਂ ਚਾਲੂ ਵੀ ਨਹੀਂ ਸੀ ਹੋਇਆ ਕਿ ਸੀਵਰੇਜ਼ ਨੇ ਸ਼ਹਿਰ ਵਾਸੀਆਂ ਲਈ ਅਨੇਕਾਂ ਹੀ ਸਮੱਸਿਆਵਾਂ ਖੜ੍ਹੀਆ ਕਰ ਦਿੱਤੀ। ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਨਾ ਹੋਣ ਕਾਰਨ ਮੋਗਾ ਰੋਡ ਸ਼ਾਹਕੋਟ ਵਿਖੇ ਪਾਣੀ ਖੜ੍ਹਾ ਹੋਣ ਕਾਰਨ ਸੜਕ ਬੁਰੀ ਤਰਾਂ ਨਾਲ ਟੁੱਟ ਚੁੱਕੀ ਹੈ ਅਤੇ ਸੜਕ ਵਿੱਚ ਵੱਡੇ-ਵੱਡੇ ਟੋਏ ਪੈਣ ਕਾਰਨ ਰਾਹਗੀਰਾਂ ਦਾ ਲੰਘਣਾ ਵੀ ਮੁਸ਼ਕਲ ਬਣਿਆ ਹੋਇਆ ਹੈ। ਸੜਕ ਦੀ ਖਸਤਾ ਹਾਲਤ ਹੋਣ ਕਾਰਨ ਸੜਕ ਵਿੱਚ ਪਏ ਵੱਡੇ-ਵੱਡੇ ਟੋਇਆ ਵਿੱਚ ਅਕਸਰ ਹੀ ਪਾਣੀ ਭਰਿਆ ਰਹਿੰਦਾ ਹੈ, ਜਿਸ ਕਾਰਨ ਆਸ-ਪਾਸ ਦੇ ਦੁਕਾਨਦਾਰਾਂ ਦਾ ਕੰਮ ਵੀ ਠੱਪ ਹੋਇਆ ਪਿਆ ਹੈ ਕਿਉਂਕਿ ਪਾਣੀ ਭਰਨ ਕਾਰਨ ਬਰਸਾਤਾਂ ਦੇ ਦਿਨਾਂ ਵਿੱਚ ਸੜਕ ਦੀ ਹਾਲਤ ਬੇਹੱਦ ਤਰਸਯੋਗ ਹੋ ਗਈ ਹੈ ਅਤੇ ਦੋ ਪਹੀਆ ਵਾਹਨ ਦਾ ਲੰਘਣਾ ਦਾ ਬੇਹੱਦ ਮੁਸ਼ਕਲ ਹੈ ਤੇ ਗਾਹਕ ਵੀ ਮੋਗਾ ਰੋਡ ਨਜ਼ਦੀਕ ਪੈਂਦੀਆਂ ਦੁਕਾਨਾਂ ਵਿੱਚ ਆਉਣ ਤੋਂ ਡਰਦੇ ਹਨ। ਜਦ ਵੀ ਕੋਈ ਵੱਡਾ ਵਾਹਨ ਸੜਕ ਤੋਂ ਲੰਘਦਾ ਹੈ ਤਾਂ ਝੀਲ ਨੂਮਾ ਇਸ ਦਾ ਸੜਕ ਦਾ ਪਾਣੀ ਦੁਕਾਨਾਂ ਵਿੱਚ ਫੜ੍ਹ ਜਾਂਦਾ ਹੈ, ਜਿਸ ਨਾਲ ਦੁਕਾਨਦਾਰਾਂ ਦਾ ਵੀ ਭਾਰੀ ਨੁਕਸਾਨ ਹੋ ਰਿਹਾ ਹੈ। ਇਸ ਸਬੰਧੀ ਕਾਮਰੇਡ ਵਰਿੰਦਰਪਾਲ ਸਿੰਘ ਕਾਲਾ, ਪਰਮਿੰਦਰ ਸਿੰਘ ਸਾਹਲਾਪੁਰ, ਜਥੇਦਾਰ ਸੁਲੱਖਣ ਸਿੰਘ ਨਿਮਾਜੀਪੁਰ ਨੇ ਦੱਸਿਆ ਕਿ ਹਲਕਾ ਸ਼ਾਹਕੋਟ ਦੇ ਲੋਕ ਅੱਜ ਵੀ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ, ਪਰ ਨਾ ਕਿਸੇ ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਸਮੇਂ ਦੌਰਾਨ ਸ਼ਾਹਕੋਟ ਸ਼ਹਿਰ ਦੀ ਸਾਰ ਲਈ ਅਤੇ ਹੁਣ ਕਾਂਗਰਸ ਸਰਕਾਰ ਬਣੇ ਵੀ ਕਾਫੀ ਸਮਾਂ ਹੋ ਗਿਆ ਹੈ, ਪਰ ਕਾਂਗਰਸ ਸਰਕਾਰ ਵੱਲੋਂ ਵੀ ਚੋਣਾਂ ਸਮੇਂ ਲੋਕਾਂ ਨਾਲ ਕੀਤੇ ਗਏ ਵਾਅਦਿਆ ਨੂੰ ਪੂਰਾ ਨਹੀਂ ਕੀਤਾ ਗਿਆ। ਉਨਾਂ ਕਿਹਾ ਕਿ ਸੜਕ ਦੀ ਖਸਤਾ ਹਾਲਤ ਕਾਰਨ ਸਕੂਲਾਂ ਨੂੰ ਜਾਣ ਵਾਲੇ ਬੱਚਿਆਂ ਨੂੰ ਵੀ ਭਾਰੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ ਅਤੇ ਇਸ ਸੜਕ ’ਤੇ ਅਕਸਰ ਹੀ ਹਾਦਸੇ ਵਾਪਰ ਰਹੇ ਹਨ। ਉਨਾਂ ਸਰਕਾਰ ਅਤੇ ਪ੍ਰਸਾਸ਼ਨ ਪਾਸੋਂ ਮੰਗ ਕੀਤੀ ਕਿ ਸ਼ਾਹਕੋਟ-ਮੋਗਾ ਮੁੱਖ ਮਾਰਗ ਦੀ ਖਸਤਾ ਹੱਲ ਵੱਲ ਖਾਸ ਧਿਆਨ ਦਿੱਤਾ ਜਾਵੇ ਅਤੇ ਇਸ ਸੜਕ ਕਾਰਨ ਲੋਕਾਂ ਨੂੰ ਆ ਰਹੀ ਸਮੱਸਿਆ ਦਾ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇ।
ਸਰਕਾਰਾਂ ਦੀ ਲਾਪਰਵਾਹੀ ਕਾਰਨ ਸ਼ਾਹਕੋਟ ਸ਼ਹਿਰ ਅੱਜ ਵੀ ਅਨੇਕਾਂ ਬੁਨਿਆਦੀ ਸਹੂਲਤਾਂ ਤੋਂ ਵਾਂਝਾ
This entry was posted in ਪੰਜਾਬ.