ਨਵੀਂ ਦਿੱਲੀ : ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਹੋਰਨਾਂ ਦੇ ਖ਼ਿਲਾਫ਼ ਕਾਪਸਹੇੜਾ ਥਾਣੇ ’ਚ ਮਾਨਹਾਨੀ ਦਾ ਮੁਕੱਦਮਾ ਕੋਰਟ ਦੇ ਆਦੇਸ਼ ’ਤੇ ਦਰਜ਼ ਕਰਵਾਉਣ ਦੇ ਬਾਅਦ ਕਮੇਟੀ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। ਜੀ.ਕੇ. ਨੇ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਫ਼ ਕਿਹਾ ਕਿ ਐਸੀ ਗਿੱਦੜ੍ਹ ਧਮਕੀਆਂ ਤੋਂ ਅਕਾਲੀ ਦਲ ਨਾ ਕਦੀ ਡਰਿਆ ਹੈ ਅਤੇ ਨਾ ਹੀ ਡਰੇਗਾ। ਪਹਿਲੀ ਵਾਰ ਇੱਕ ਅਪਰਾਧੀ ਕਿਸਮ ਦਾ ਵਿਅਕਤੀ ਸੱਚ ਸਾਹਮਣੇ ਲਿਆਉਣ ਵਾਲੇ ਨੂੰ ਕਾਨੂੰਨੀ ਤਰੀਕੇ ਨਾਲ ਡਰਾਉਣ ਲਈ ਪ੍ਰਪੰਚ ਰੱਚ ਰਿਹਾ ਹੈ। ਪਰ ਉਸਦੀ ਲੁੰਬੜ ਚਾਲਾਂ ਦਾ ਬਾਖੂਬੀ ਜਵਾਬ ਦੇਣ ਦੇ ਲਈ ਅਸੀਂ ਤਿਆਰ ਹਾਂ।
ਜੀ.ਕੇ. ਨੇ ਕਿਹਾ ਕਿ ਟਾਈਟਲਰ ਅਤੇ ਸੱਜਣ ਕੁਮਾਰ ਦੇ ਖਿਲਾਫ਼ ਲੜਾਈ ਨੂੰ ਅੰਜਾਮ ਤਕ ਪਹੁੰਚਾਉਣ ਤਕ ਸੰਘਰਸ਼ ਜਾਰੀ ਰਹੇਗਾ। ਐਸੀ ਐਫ.ਆਈ.ਆਰ. ਸਾਡਾ ਰਾਹ ਨਹੀਂ ਰੋਕ ਸਕਦੀ। ਟਾਈਟਲਰ ਦੇ ਖਿਲਾਫ਼ ਸਾਡੇ ਵੱਲੋਂ ਦਿੱਤੀ ਗਈ ਸ਼ਿਕਾਇਤ ’ਤੇ ਸੀ.ਬੀ.ਆਈ. ਅਤੇ ਕੜਕੜਡੂਮਾ ਕੋਰਟ ਜਾਂਚ ਕਰ ਰਹੀ ਹੈ। ਜੀ.ਕੇ. ਨੇ ਟਾਈਟਲਰ ਨੂੰ ਆਪਣੇ ਖਿਲਾਫ਼ ਵੱਡੀਆਂ ਧਾਰਾਵਾਂ ’ਚ ਕੇਸ ਦਰਜ਼ ਕਰਾਉਣ ਦੀ ਚੁਨੌਤੀ ਦਿੰਦੇ ਹੋਏ ਕਿਹਾ ਕਿ ਟਾਈਟਲਰ ਨੂੰ ਉਸਦੀ ਚਾਲ ’ਚ ਹੀ ਅਸੀਂ ਫਸਾਵਾਂਗੇ। ਕਾਂਗਰਸ ਸਰਕਾਰ ਦੀ ਤਰਜ਼ ’ਤੇ ਭਾਜਪਾ ਸਰਕਾਰ ਦੇ ਚਲਣ ਦਾ ਦਾਅਵਾ ਕਰਦੇ ਹੋਏ ਜੀ.ਕੇ. ਨੇ ਕਿਹਾ ਕਿ ਬੇਸ਼ੱਕ ਸਾਡੀ ਭਾਈਵਾਲ ਸਰਕਾਰ ਹੈ ਪਰ ਸਾਰੇ ਸਬੂਤ ਦੇਣ ਦੇ ਬਾਵਜੂਦ ਟਾਈਟਲਰ ਖਿਲਾਫ਼ 6 ਮਹੀਨੇ ਬਾਅਦ ਵੀ ਐਫ.ਆਈ.ਆਰ. ਨ ਦਰਜ ਹੋਣਾ ਬੜੇ ਸਵਾਲ ਖੜੇ ਕਰਦਾ ਹੈ। ਜੀ.ਕੇ. ਨੇ ਇੱਕ ਸਵਾਲ ਦੇ ਜਵਾਬ ’ਚ ਸਾਫ ਕਿਹਾ ਕਿ ਸਾਡੇ ਲਈ ਭਾਰਤੀ ਜਨਤਾ ਪਾਰਟੀ ਨਾਲ ਗੰਠਬੰਧਨ ਤੋਂ ਜਰੂਰੀ ਇਨਸਾਫ ਹੈ।
ਜੀ.ਕੇ. ਨੇ 1984 ਕਤਲੇਆਮ ਨੂੰ ਗੁਜਰਾਤ ਦੰਗਿਆਂ ਨਾਲ ਜੋੜਦੇ ਹੋਏ ਕਿਹਾ ਕਿ ਜੇਕਰ 1984 ਦਾ ਇਨਸਾਫ ਮਿਲ ਜਾਂਦਾ ਤਾਂ ਗੋਧਰਾ ਕਾਂਡ ਨਾ ਹੁੰਦਾ। ਜੀ.ਕੇ. ਨੇ ਐਲਾਨ ਕੀਤਾ ਕਿ ਟਾਈਟਲਰ ਖਿਲਾਫ ਕੀਤੀ ਗਈ ਪ੍ਰੈਸ ਕਾਨਫਰੰਸ ’ਚ ਮੇਰਾ ਸਹਿਯੋਗ ਕਰਨ ਵਾਲੀ ਮੇਰੀ ਸਾਰੀ ਟੀਮ ਜੇਲ ਜਾਣ ਨੂੰ ਤਿਆਰ ਹੈ। ਨਾ ਅਸੀਂ ਮੁਆਫੀ ਮੰਗਾਂਗੇ, ਨਾ ਭੱਜਾਂਗੇ ਅਤੇ ਨਾ ਹੀ ਜਮਾਨਤ ਲਵਾਂਗੇ। ਅਸੀਂ ਦੇਸ਼ ਦੀ ਕਾਨੂੰਨ ਵਿਵਸਥਾ ਨੂੰ ਦੱਸਾਂਗੇ ਕਿ ਸੈਂਕੜੇ ਸਿੱਖਾਂ ਨੂੰ ਮਾਰਨ ਦਾ ਕਬੂਲਨਾਮਾ ਕਰਨ ਵਾਲਾ ਕਥਿਤ ਕਾਤਲ ਬਾਹਰ ਬੈਠਾ ਹੈ ਤੇ ਅਸੀਂ ਇਨਸਾਫ ਦੀ ਲੜਾਈ ਲੜਨ ਕਰਕੇ ਜੇਲ ਦੇ ਅੰਦਰ ਹਾਂ। ਇਸ ਸਬੰਧ ’ਚ ਜੀ.ਕੇ. ਨੇ ਸੀਨੀਅਰ ਆਗੂ ਅਵਤਾਰ ਸਿੰਘ ਹਿਤ, ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ, ਕਾਨੂੰਨੀ ਸਲਾਹਕਾਰ ਜਸਵਿੰਦਰ ਸਿੰਘ ਜੌਲੀ, ਮੀਡੀਆ ਸਲਾਹਕਾਰ ਪਰਮਿੰਦਰ ਪਾਲ ਸਿੰਘ, ਅਕਾਲੀ ਆਗੂ ਜਸਵੰਤ ਸਿੰਘ ਬਿੱਟੂ, ਸਤਬੀਰ ਸਿੰਘ ਗਗਨ ਅਤੇ ਪੁਨਪ੍ਰੀਤ ਸਿੰਘ ਦਾ ਬਕਾਇਦਾ ਨਾਂ ਲਿਆ। ਜੀ.ਕੇ. ਨੇ ਸਵਾਲ ਕੀਤਾ ਕਿ ਜੇਕਰ ਟਾਈਟਲਰ ਖੁੱਦ ਨੂੰ ਨਿਰਦੋਸ਼ ਸਮਝਦਾ ਹੈ ਤਾਂ ਉਹ ਅਭਿਸ਼ੇਕ ਵਰਮਾ ਦੀ ਤਰ੍ਹਾਂ ਲਾਈ ਡਿਟੈਕਟਰ ਟੈਸਟ ਕਿਊਂ ਨਹੀਂ ਕਰਵਾਉਂਦਾ ? ਕਿਊਂ ਉਸਦੇ ਵਕੀਲ ਅਦਾਲਤ ’ਚ ਟਾਈਟਲਰ ਵੱਲੋਂ ਟੇਸਟ ਕਰਵਾਉਣ ਤੋਂ ਇਨਕਾਰ ਕਰਦੇ ਹਨ ?
ਕੀ ਹੈ ਮਾਮਲਾ: ਦਰਅਸਲ ਜੀ.ਕੇ. ਨੇ 5 ਫਰਵਰੀ 2018 ਨੂੰ ਪੈ੍ਰਸ ਕਾਨਫਰੰਸ ਕਰਕੇ ਟਾਈਟਲਰ ਦੇ ਮਿਤੀ 8 ਦਸੰਬਰ 2011 ਦੇ 5 ਵੀਡੀਓ ਜਾਰੀ ਕੀਤੇ ਸੀ। ਜਿਸ ’ਚ ਟਾਈਟਲਰ 100 ਸਿੱਖਾਂ ਦਾ ਕਤਲ ਕਰਨ, ਦਿੱਲੀ ਹਾਈਕੋਰਟ ’ਚ ਪਾਠਕ ਜੋੜੇ ਨੂੰ ਜੱਜ ਨਿਯੁਕਤ ਕਰਵਾਉਣ ਅਤੇ 150 ਕਰੋੜ ਦੇ ਕਾਲੇ-ਧੰਨ ਦੇ ਬਾਰੇ ਗੱਲਬਾਤ ਕਰਦੇ ਹੋਏ ਆਪਣੇ ਪੁੱਤਰ ਦੀ ਕੰਪਨੀ ਦਾ ਸਿਵਸ ਬੈਂਕ ’ਚ ਖਾਤਾ ਹੋਣ ਦਾ ਹਵਾਲਾ ਦੇ ਰਿਹਾ ਸੀ। ਪਰ ਦਿੱਲੀ ਕਮੇਟੀ ਵੱਲੋਂ ਇਨ੍ਹਾਂ ਵੀਡੀਓ ਨੂੰ ਜਾਰੀ ਕਰਨ ਦੇ ਬਾਅਦ ਟਾਈਟਲਰ ਨੇ 8 ਫਰਵਰੀ 2018 ਨੂੰ ਜੀ.ਕੇ. ਅਤੇ ਅਕਾਲੀ ਸਾਂਸਦਾਂ ਨੂੰ ਮਾਨਹਾਨੀ ਦਾ ਨੋਟਿਸ ਭੇਜਦੇ ਹੋਏ ਇਨ੍ਹਾਂ ਵੀਡੀਓ ਦੀ ਸੱਚਾਈ ਤੇ ਸਵਾਲ ਚੁੱਕਿਆ ਸੀ। ਜਿਸਦੇ ਬਾਅਦ ਜੀ.ਕੇ. ਨੇ ਟਾਈਟਲਰ ਵੱਲੋਂ ਲੈਟਰ ਹੈਡ ’ਤੇ ਕੌਮੀ ਚਿਨ੍ਹ ਦੀ ਦੁਰਵਰਤੋਂ ਦੇ ਖਿਲਾਫ ਕਾਪਸਹੇੜਾ ਥਾਣੇ ’ਚ 16 ਮਾਰਚ 2018 ਨੂੰ ਸ਼ਿਕਾਇਤ ਦਿੱਤੀ ਸੀ। ਜਿਸ ’ਤੇ ਦਿੱਲੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਟਾਈਟਲਰ ਦੇ ਖਿਲਾਫ 10 ਮਈ 2018 ਨੂੰ ਕੌਮੀ ਚਿਨ੍ਹ ਦੇ ਮਾਮਲੇ ’ਚ ਐਫ.ਆਈ.ਆਰ. ਦਰਜ ਕਰ ਦਿੱਤੀ ਸੀ।
ਇਸ ਵਿੱਚਕਾਰ 23 ਮਾਰਚ 2018 ਦੀ ਸ਼ਾਮ ਨੂੰ ਜੀ.ਕੇ. ਦੇ ਘਰ ’ਤੇ ਇੱਕ ਵਾਰ ਫਿਰ ਲਿਫਾਫਾ ਆਉਂਦਾ ਹੈ। ਜਿਸ ’ਚ 5 ਪੁਰਾਣੀ ਵੀਡੀਓ ’ਚ ਟਾਈਟਲਰ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਧੁੰਧਲੇ ਚਿਹਰੇ ਦੀ ਥਾਂ ਸਾਫ ਵੀਡੀਓ ਅਤੇ ਉਸ ਵਿਅਕਤੀ ਦਾ ਨਾਂ ਅਤੇ ਮੋਬਾਇਲ ਨੰਬਰ ਪੱਤਰ ਵਿਚ ਲਿਖਿਆ ਹੁੰਦਾ ਹੈ। 24 ਮਾਰਚ ਨੂੰ ਸਵੇਰੇ ਜੀ.ਕੇ. ਅਮੁੱਕ ਵਿਅਕਤੀ ਰਵਿੰਦਰ ਸਿੰਘ ਚੌਹਾਨ ਨਾਲ ਗੱਲਬਾਤ ਕਰਕੇ ਵੀਡੀਓ ’ਚ ਨਜ਼ਰ ਆ ਰਹੇ ਚਿਹਰੇ ਦੇ ਬਾਰੇ ’ਚ ਜਾਣਕਾਰੀ ਪ੍ਰਾਪਤ ਕਰਕੇ ਚੌਹਾਨ ਨੂੰ ਮਿਲਣ ਲਈ ਕਮੇਟੀ ਦਫਤਰ ਬੁਲਾਉਂਦੇ ਹਨ। ਜਿਥੇ ਆ ਕੇ ਚੌਹਾਨ ਇਨ੍ਹਾਂ ਵੀਡੀਓ ਦੀ ਸੱਚਾਈ ਦੀ ਪੁਸ਼ਟੀ ਕਰਦਾ ਹੋਇਆ ਲੋੜ ਪੈਣ ’ਤੇ ਆਪਣੀ ਗਵਾਹੀ ਕੋਰਟ ’ਚ ਰੱਖਣ ਦੀ ਪੇਸ਼ਕਸ਼ ਕਰਦਾ ਹੈ। ਜਿਸਦੇ ਬਾਅਦ 26 ਮਾਰਚ ਨੂੰ ਜੀ.ਕੇ. ਇੱਕ ਵਾਰ ਫਿਰ 5 ਵੀਡੀਓ ਮੀਡੀਆ ਦੇ ਸਾਹਮਣੇ ਰੱਖਦੇ ਹਨ। ਹੁਣ ਇਨ੍ਹਾਂ ਵੀਡੀਓ ਨਾਲ ਛੇੜਛਾੜ ਦਾ ਆਰੋਪ ਲਗਾਕੇ ਟਾਈਟਲਰ ਨੇ 3 ਅਗਸਤ ਨੂੰ ਕਾਪਸਹੇੜਾ ਥਾਣੇ ’ਚ ਜੀ.ਕੇ. ਅਤੇ ਹੋਰਨਾਂ ਦੇ ਖਿਲਾਫ ਧਾਰਾ 469/34 ਦੇ ਤਹਿਤ ਐਫ.ਆਈ.ਆਰ. ਦਰਜ ਕਰਵਾਈ ਹੈ।