ਤੇਰੀ ਕਲਮ ਜੋ ਆਖ ਸੁਣਾਉਂਦੀ,
ਦੁਨੀਆਂ ਓਹੀ ਰਾਗ ਹੈ ਗਾਉਂਦੀ।
ਇੱਕ ਅਵਾਜ਼ ਜ਼ਮੀਰ ਦੀ ਸੁਣ ਕੇ,
ਖੋਲ੍ਹਦੇ ਸੱਚ ਗਿਆਨ ਦਾ ਤਾਲਾ…
ਲਿਖਣ ਵਾਲਿਆ ਲਿਖ ਦੇਵੀਂ ਕੁਝ,
ਦੁਨੀਆਂ ਬਦਲਣ ਵਾਲਾ…
ਲਿਖੀਂ ਕੁਝ ਕੌਮੀ ਯੋਧਿਆਂ ਬਾਰੇ,
ਜ਼ਿੰਦਗੀ ਮੁੱਕ ਗਈ ਨਾ ਜੋ ਹਾਰੇ।
ਲਿਖ ਧੀਆਂ ਭੈਣਾਂ ਲਈ ਕੁਝ ਚੰਗਾ,
ਬੰਦ ਕਰਦੇ ਮੂੰਹ, ਜੋ ਬੋਲਣ ਮੰਦਾ।
ਦੱਸੀਂ ਕਿੰਝ ਰੁਲਦੀਆਂ ਫਿਰਦੀਆਂ ਮਾਵਾਂ,
ਵੱਢ ਕੇ ਬੋਹਡ਼, ਭਾਲਦੇ ਛਾਵਾਂ।
ਲਿਖੀਂ ਕੁਝ ਸਾਧ ਲਾਣਿਆਂ ਉੱਤੇ,
ਲੋਕੀਂ ਜਾਗ ਪੈਣਗੇ ਸੁੱਤੇ।
ਬੱਸ ਇੱਕ ਧਰਮ ਹੀ ਐਸਾ ਧੰਦਾ,
ਜਿੱਥੇ ਕਦੇ ਨਾਂ ਪੈਂਦਾ ਮੰਦਾ।
ਮੂੰਹ ਵਿੱਚ ਸਿਗਰਟ, ਕਰ ਬੇਈਮਾਨੀ,
ਆਏ ਮਸਤ, ਲੈ ਗਏ ਜਵਾਨੀ।
ਬੰਦ ਕਰ ਝੂਠੇ ਰੱਬੀ ਦਿਲਾਸੇ,
ਮੂਲ ਪਛਾਣ, ਉੱਗਣਗੇ ਹਾਸੇ।
ਕੁਦਰਤ ਤੇਰੇ ਰੰਗ ਨਿਆਰੇ,
ਤੂੰ ਹੀ ਤੂੰ ਹੈਂ ਪਾਸੇ ਚਾਰੇ।
ਜੱਖਲਾਂ ਵਾਲਾ ਤੇਰੇ ਸਹਾਰੇ,
ਬੁਣਦਾ ਤਰਕ-ਨਿਯਮ ਦੀ ਮਾਲਾ…
ਲਿਖਣ ਵਾਲਿਆ ਲਿਖ ਦੇਵੀਂ ਕੁਝ,
ਦੁਨੀਆਂ ਬਦਲਣ ਵਾਲਾ…