ਫ਼ਤਹਿਗੜ੍ਹ ਸਾਹਿਬ – “ਬਹੁਤ ਦੁੱਖ ਅਤੇ ਅਫ਼ਸੋਸ ਵਾਲੇ ਗੈਰ-ਇਨਸਾਨੀ ਅਤੇ ਗੈਰ-ਕਾਨੂੰਨੀ ਅਮਲ ਪੁਲਿਸ ਅਧਿਕਾਰੀਆਂ ਵੱਲੋਂ ਬੀਤੇ ਸਮੇਂ ਵਿਚ ਹੁੰਦੇ ਰਹੇ ਹਨ ਅਤੇ ਅੱਜ ਵੀ ਪੁਲਿਸ ਦੀਆਂ ਅਜਿਹੀਆ ਦਹਿਸਤਗਰਦੀ ਕਾਰਵਾਈਆ ਨਿਰੰਤਰ ਜਾਰੀ ਹਨ । ਸਨੌਰ ਵਿਖੇ ਨਿਰਦੋਸ਼ 7 ਨੌਜ਼ਵਾਨਾਂ ਉਤੇ ਥਾਣੇਦਾਰ ਅਤੇ ਹੋਰ ਮੁਲਾਜ਼ਮਾਂ ਨੇ ਜੋ ਕਹਿਰ ਢਾਹਿਆ, ਇਹ ਪੁਲਿਸ ਦੀ ਦਹਿਸਤਗਰਦੀ ਦੀ ਪ੍ਰਤੱਖ ਮਿਸਾਲ ਹੈ । ਜਿਸ ਵਿਰੁੱਧ ਨਿਰਪੱਖਤਾ ਨਾਲ ਜਾਂਚ ਕਰਦੇ ਹੋਏ ਸੰਬੰਧਤ ਸਮੁੱਚੇ ਦੋਸ਼ੀ ਪੁਲਿਸ ਅਧਿਕਾਰੀਆ ਵਿਰੁੱਧ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ। ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਮੁਤੱਸਵੀ ਹੁਕਮਰਾਨਾਂ ਦੇ ਪ੍ਰਭਾਵ ਹੇਠ ਮੁਤੱਸਵੀ ਸੋਚ ਅਧੀਨ ਬਹੁਤੀ ਪ੍ਰੈਸ ਅਤੇ ਮੀਡੀਆ ਬੀਤੇ ਸਮੇਂ ਵਿਚ ਜਦੋਂ ਪੰਜਾਬ ਵਿਚ ਕੋਈ ਕਾਨੂੰਨ ਨਾਮ ਦੀ ਚੀਜ਼ ਨਹੀਂ ਸੀ ਅਤੇ ਪੁਲਿਸ ਅਧਿਕਾਰੀਆ ਨੂੰ ਸਿੱਖ ਨੌਜ਼ਵਾਨੀ ਉਤੇ ਜ਼ਬਰ-ਜੁਲਮ ਢਾਹੁਣ ਦੀ ਪੂਰੀ ਖੁੱਲ੍ਹ ਸੀ, ਉਸ ਸਮੇਂ ਵੀ ਪੰਜਾਬ ਵਿਚ ਦਹਿਸਤਗਰਦੀ ਦਾ ਮਾਹੌਲ ਬਣਾਉਣ ਲਈ ਅਜਿਹੇ ਪੁਲਿਸ ਅਧਿਕਾਰੀ ਅਤੇ ਅਫ਼ਸਰਸ਼ਾਹੀ ਹੀ ਜਿੰਮੇਵਾਰ ਸੀ । ਅੱਜ ਵੀ ਜੋ ਪਟਿਆਲਾ ਦੇ ਸਨੌਰ ਇਲਾਕੇ ਵਿਚ ਦੁੱਖਦਾਇਕ ਘਟਨਾ ਵਾਪਰੀ ਹੈ, ਇਹ ਪੁਲਿਸ ਦੇ ਜ਼ਬਰ-ਜੁਲਮ ਦੀ ਮੂੰਹ ਬੋਲਦੀ ਤਸਵੀਰ ਹੈ, ਜਿਸ ਨੂੰ ਸਿੱਖ ਕੌਮ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਬਿਲਕੁਲ ਸਹਿਣ ਨਹੀਂ ਕਰੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਨੌਰ ਵਿਖੇ 7 ਨਿਰਦੋਸ਼ ਸਿੱਖ ਨੌਜ਼ਵਾਨਾਂ ਉਤੇ ਪੁਲਿਸ ਅਧਿਕਾਰੀਆਂ ਵੱਲੋਂ ਬਿਨ੍ਹਾਂ ਵਜਹ ਢਾਹੇ ਕਹਿਰ ਅਤੇ ਪੁਲਿਸ ਦਹਿਸਤਗਰਦੀ ਦੀ ਜੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਸੰਬੰਧਤ ਦੋਸ਼ੀ ਅਧਿਕਾਰੀਆਂ ਵਿਰੁੱਧ ਤੁਰੰਤ ਇਮਾਨਦਾਰੀ ਨਾਲ ਕਾਰਵਾਈ ਕਰਨ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵਿਚ ਸੈਂਟਰ ਦੀਆਂ ਹਕੂਮਤਾਂ ਅਤੇ ਪੰਜਾਬ ਸੂਬੇ ਉਤੇ ਰਾਜ ਕਰਨ ਵਾਲੇ ਹੁਕਮਰਾਨਾਂ ਨੇ ਆਪਣੇ ਸੌੜੇ ਸਿਆਸੀ ਅਤੇ ਮਾਲੀ ਹਿੱਤਾ ਦੀ ਪੂਰਤੀ ਲਈ ਇਕ ਡੂੰਘੀ ਸਾਜਿ਼ਸ ਤਹਿਤ ਪੰਜਾਬ ਸੂਬੇ ਦੇ ਅਮਨ-ਚੈਨ ਨੂੰ ਪਹਿਲਾ ਲਾਬੂ ਲਗਾਇਆ, ਫਿਰ ਨਿਰਦੋਸ਼ ਸਿੱਖ ਨੌਜ਼ਵਾਨੀ ਨੂੰ ਪੰਜਾਬ ਦਾ ਮਾਹੌਲ ਵਿਗਾੜਨ ਦਾ ਝੂਠਾ ਦੋਸ਼ ਲਗਾਕੇ ਸਿੱਖ ਨੌਜ਼ਵਾਨੀ ਦਾ ਵੱਡੀ ਗਿਣਤੀ ਵਿਚ ਘਾਣ ਵੀ ਕੀਤਾ ਅਤੇ ਸਰਬੱਤ ਦਾ ਭਲਾ ਮੰਗਣ ਵਾਲੀ, ਮਜ਼ਲੂਮ ਦੀ ਰਾਖੀ ਕਰਨ ਵਾਲੀ, ਲੋੜਵੰਦਾਂ ਦੀ ਸਹਾਇਤਾ ਕਰਨ ਵਾਲੀ ਸਿੱਖ ਕੌਮ ਨੂੰ ਸਮੁੱਚੇ ਸੰਸਾਰ ਵਿਚ ਬਦਨਾਮ ਕਰਨ ਦੀ ਕੋਸਿ਼ਸ਼ ਕੀਤੀ । ਜਦੋਂਕਿ ਅਜਿਹਾ ਗੰਧਲਾ ਮਾਹੌਲ ਬਣਾਉਣ ਵਿਚ ਸਿੱਖ ਕੌਮ ਦਾ ਕੋਈ ਰਤੀਭਰ ਵੀ ਦੋਸ਼ ਜਾਂ ਕਸੂਰ ਨਹੀਂ ਸੀ । ਕੇਵਲ ਵੋਟਾਂ ਦੀ ਸਿਆਸਤ ਨੂੰ ਮੁੱਖ ਰੱਖਕੇ ਹੁਕਮਰਾਨਾਂ ਨੇ ਇਨਸਾਨੀਅਤ ਅਤੇ ਅਮਨ-ਚੈਨ ਦੇ ਮੁੱਖ ਮੁੱਦੇ ਨਾਲ ਖਿਲਵਾੜ ਕੀਤੀ । ਅੱਜ ਵੀ ਇਹ ਪੰਜਾਬ ਦੀ ਪੁਲਿਸ ਉਨ੍ਹਾਂ ਗੈਰ-ਇਨਸਾਨੀ ਅਤੇ ਗੈਰ-ਕਾਨੂੰਨੀ ਕਾਰਵਾਈਆ ਵਿਚ ਮਸਰੂਫ ਹੋ ਕੇ ਸਿਆਸਤਦਾਨਾਂ ਅਤੇ ਹੁਕਮਰਾਨਾਂ ਦੀਆਂ ਇਛਾਵਾ ਦੀ ਪੂਰਤੀ ਕਰਨ ਦੇ ਨਾਲ-ਨਾਲ, ਵੀਘੇ-ਟੇਡੇ ਢੰਗਾਂ ਰਾਹੀ ਜ਼ਾਇਦਾਦਾਂ, ਧਨ-ਦੌਲਤਾ ਦੇ ਭੰਡਾਰ ਇਕੱਤਰ ਕਰਨ ਵਿਚ ਲੱਗੀ ਹੋਈ ਹੈ । ਪੰਜਾਬ ਪੁਲਿਸ ਤੇ ਕੋਈ ਵੀ ਕਾਨੂੰਨ ਦਾ ਕੁੰਡਾ ਅਮਲੀ ਰੂਪ ਵਿਚ ਲਾਗੂ ਹੁੰਦਾ ਨਹੀਂ ਦਿਸ ਰਿਹਾ । ਇਹੀ ਵਜਹ ਹੈ ਪਿੰਡਾਂ ਅਤੇ ਸ਼ਹਿਰਾਂ ਵਿਚ ਆਮ ਜਨਤਾ ਪੁਲਿਸ ਦੀਆਂ ਅਜਿਹੀਆ ਗੈਰ-ਇਨਸਾਨੀ ਕਾਰਵਾਈਆ ਤੋਂ ਪੀੜਤ ਹੈ । ਇਸ ਵਿਚ ਵੱਡੇ ਸਿਆਸਤਦਾਨ ਵੀ ਆਪਣੇ ਦੋਸ਼ਾਂ ਤੋਂ ਨਹੀਂ ਬਚ ਸਕਦੇ । ਜੋ ਅਜਿਹੀਆ ਕਾਰਵਾਈਆ ਲਈ ਪੁਲਿਸ ਦੀ ਸਰਪ੍ਰਸਤੀ ਵੀ ਕਰਦੇ ਹਨ ਅਤੇ ਉਨ੍ਹਾਂ ਤੋਂ ਗੈਰ-ਕਾਨੂੰਨੀ ਕੰਮ ਵੀ ਲੈਦੇ ਹਨ ।
ਸ. ਮਾਨ ਨੇ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਗੁਰੂ ਸਾਹਿਬਾਨ ਜੀ ਦੀ ਵੱਡਮੁੱਲੀ ਸੋਚ ‘ਭੈ ਕਹੁ ਕੋ ਦੈਤਿ ਨਾਹਿ, ਨਾ ਭੈ ਮਾਨਤਿ ਆਨਿ’ ਉਤੇ ਦ੍ਰਿੜਤਾ ਨਾਲ ਪਹਿਰਾ ਦੇਣ ਅਤੇ ਹਰ ਤਰ੍ਹਾਂ ਦੀ ਸਰਕਾਰੀ ਦਹਿਸਤਗਰਦੀ, ਅਫ਼ਸਰਸ਼ਾਹੀ ਦੀਆਂ ਮਨਮਾਨੀਆ, ਗੈਰ-ਇਨਸਾਨੀ ਕਾਰਵਾਈਆ ਵਿਰੁੱਧ ਸਮੂਹਿਕ ਤੌਰ ਤੇ ਉੱਠ ਖੜ੍ਹੇ ਹੋਣ ਅਤੇ ਆਉਣ ਵਾਲੇ ਸਮੇਂ ਵਿਚ ਅਜਿਹੀ ਦਹਿਸਤਗਰਦੀ ਫੈਲਾਉਣ ਵਾਲੀ ਅਫ਼ਸਰਸ਼ਾਹੀ ਅਤੇ ਸਿਆਸਤਦਾਨਾਂ ਨੂੰ ਰਾਜ ਭਾਗ ਤੋਂ ਦੂਰ ਰੱਖਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮਨੁੱਖਤਾ ਪੱਖੀ ਵੱਡਮੁੱਲੀ ਸੋਚ ਨੂੰ ਲੈਕੇ ਹੀ ਬਰਾਬਰਤਾ ਦੇ ਆਧਾਰ ਤੇ ਅਮਨਮਈ ਸੋਚ ਅਧੀਨ ‘ਖ਼ਾਲਿਸਤਾਨ’ ਆਜ਼ਾਦ ਬਾਦਸ਼ਾਹੀ ਸਿੱਖ ਰਾਜ ਕਾਇਮ ਕਰਨ ਲਈ ਜਮਹੂਰੀਅਤ ਅਤੇ ਅਮਨਮਈ ਤਰੀਕੇ ਸੰਘਰਸ਼ ਕਰ ਰਿਹਾ ਹੈ, ਜਿਸ ਵਿਚ ਹਰ ਵਰਗ ਨਾਲ ਸੰਬੰਧਤ ਉਹ ਪ੍ਰਾਣੀ ਜੋ ਇਥੇ ਸਦਾ ਲਈ ਅਮਨ-ਚੈਨ ਅਤੇ ਜਮਹੂਰੀਅਤ ਦਾ ਬੋਲਬਾਲਾ ਕਰਨਾ ਚਾਹੁੰਦਾ ਹੈ, ਉਹ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਉਸ ਦੀਆਂ ਨੀਤੀਆ ਨੂੰ ਸਹਿਯੋਗ ਕਰਨ, ਉਥੇ ਮੁਤੱਸਵੀ ਪ੍ਰੈਸ, ਮੀਡੀਆ ਅਤੇ ਹੁਕਮਰਾਨਾਂ ਵੱਲੋਂ ਜੋ ਗੈਰ-ਦਲੀਲ ਢੰਗ ਨਾਲ ਅੱਜ ਵੀ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਕੇ ਤਸੱਦਦ ਢਾਹੁਣ ਅਤੇ ਸਿੱਖ ਕੌਮ ਨੂੰ ਬਦਨਾਮ ਕਰਨ ਦੀਆਂ ਸਾਜਿ਼ਸਾਂ ਹੋ ਰਹੀਆ ਹਨ, ਉਨ੍ਹਾਂ ਦਾ ਬਾਦਲੀਲ ਢੰਗ ਨਾਲ ਜੁਆਬ ਵੀ ਦੇਣ ਅਤੇ ਅਗਲੀ ਕੌਮੀ ਮੰਜਿ਼ਲ ਦੀ ਪ੍ਰਾਪਤੀ ਲਈ ਤਿਆਰ-ਬਰ-ਤਿਆਰ ਰਹਿਣ । ਸ. ਮਾਨ ਨੇ ਬਰਗਾੜੀ ਮੋਰਚੇ ਵਿਚ ਸਹਿਯੋਗ ਦੇਣ ਵਾਲੀਆ ਸੰਗਤਾਂ, ਪੰਜਾਬੀਆਂ ਅਤੇ ਉਹ ਹਰ ਵਰਗ ਦਾ ਤਹਿ ਦਿਲੋਂ ਧੰਨਵਾਦ ਕੀਤਾ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਪਮਾਨਿਤ ਕਰਨ ਵਾਲੇ ਦੋਸ਼ੀਆ ਅਤੇ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਨੂੰ ਸ਼ਹੀਦ ਕਰਨ ਵਾਲੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਅਤੇ ਜੇਲ੍ਹਾਂ ਵਿਚ ਬੰਦੀ ਸਿੰਘਾਂ ਨੂੰ ਬਾਇੱਜ਼ਤ ਰਿਹਾਅ ਕਰਵਾਉਣ ਦੇ ਕੌਮੀ ਮਿਸ਼ਨ ਲਈ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਹਿਯੋਗ ਦੇ ਰਹੇ ਹਨ ਅਤੇ ਰੋਜ਼ਾਨਾ ਹੀ ਹਜ਼ਾਰਾਂ ਦੀ ਗਿਣਤੀ ਵਿਚ ਉਥੇ ਪਹੁੰਚਕੇ ਇਸ ਕੌਮੀ ਆਵਾਜ਼ ਨੂੰ ਹੋਰ ਮਜ਼ਬੂਤ ਕਰ ਰਹੇ ਹਨ ਅਤੇ ਸਰਕਾਰ ਨੂੰ ਇਨਸਾਫ਼ ਦੇਣ ਲਈ ਮਜ਼ਬੂਰ ਕਰ ਰਹੇ ਹਨ ।