ਨਵੀਂ ਦਿੱਲੀ : ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਫਤਹਿ ਨਗਰ ਅਤੇ ਤਿਲਕ ਨਗਰ ’ਚ ਪੜ੍ਹਦੇ ਵਿਦਿਆਰਥੀਆਂ ਲਈ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ, ਫਤਹਿ ਨਗਰ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਗੁਰਦੁਆਰੇ ਦੇ ਪ੍ਰਧਾਨ ਰਜਿੰਦਰ ਪਾਲ ਸਿੰਘ ਅਤੇ ਜਨਰਲ ਸਕੱਤਰ ਮਨਮੋਹਨ ਸਿੰਘ ਨੇ ਉਕਤ ਸਕੂਲਾਂ ਦੀ 12ਵੀਂ ਜਮਾਤ ਨੂੰ 90 ਫੀਸਦੀ ਅੰਕ ਲੈ ਕੇ ਪਾਸ ਕਰਨ ਵਾਲੇ ਵਿਦਿਆਰਥੀਆਂ ਦੀ ਅਗਲੀ ਸਾਰੀ ਸਿੱਖਿਆ ਦਾ ਖਰਚਾ ਗੁਰਦੁਆਰਾ ਫਤਹਿ ਨਗਰ ਕਮੇਟੀ ਵੱਲੋਂ ਚੁੱਕਣ ਦੀ ਗੱਲ ਕਹੀ ਹੈ। ਫਤਹਿ ਨਗਰ ਸਕੂਲ ਦੇ ਬੱਚਿਆਂ ਵੱਲੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅੱਜ ਗੁਰਦੁਆਰਾ ਸਾਹਿਬ ਵਿਖੇ ਮਨਾਇਆ ਗਿਆ। ਜਿਥੇ ਸਕੂਲੀ ਬੱਚਿਆਂ ਨੇ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਜਨਰਲ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ ਨੇ ਇਸ ਮੌਕੇ ਬੱਚਿਆਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦੇ ਹੋਏ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਕੀਤੇ ਗਏ ਐਲਾਨ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਹੋਣਹਾਰ ਵਿਦਿਆਰਥੀਆਂ ਲਈ ਉੱਚੇਰੀ ਸਿੱਖਿਆ ਦੇ ਬੂਹੇ ਖੋਲ੍ਹ ਕੇ ਗੁਰਦੁਆਰਾ ਪ੍ਰਬੰਧਕਾਂ ਨੇ ਮਿਸਾਲ ਕਾਇਮ ਕੀਤੀ ਹੈ। ਦੇਸ਼-ਵਿਦੇਸ਼ ਦੀ ਸੰਗਤ ਇਥੇ ਗੁਰੂ ਸਾਹਿਬ ਅੱਗੇ ਨੱਤਮਸਤਕ ਹੋਣ ਲਈ ਆਉਂਦੀਆਂ ਹਨ। ਇਸ ਲਈ ਅਜਿਹੇ ਐਲਾਨ ਸੰਗਤਾਂ ਦੇ ਗੁਰੂ ਘਰ ਪ੍ਰਤੀ ਵਿਸ਼ਵਾਸ ’ਚ ਵਾਧਾ ਕਰਨ ਦੇ ਸਹਾਈ ਹੋਣਗੇ। ਦਿੱਲੀ ਕਮੇਟੀ ਦੇ ਮੈਂਬਰ ਚਮਨ ਸਿੰਘ ਨੇ ਬੱਚਿਆਂ ਨੂੰ ਗੁਰ ਇਤਿਹਾਸ ਦੀ ਜਾਣਕਾਰੀ ਦਿੱਤੀ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਜੂਨੀਅਰ ਮੀਤ ਪ੍ਰਧਾਨ ਅਮਰਪਾਲ ਸਿੰਘ, ਮੀਤ ਪ੍ਰਧਾਨ ਜਗਮੋਹਨ ਸਿੰਘ ਆਨੰਦ ਅਤੇ ਸੁਰਿੰਦਰ ਸਿੰਘ ਤੇ ਗੁਰਮੀਤ ਸਿੰਘ ਜੱਗੀ ਮੌਜੂਦ ਸਨ।