ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੁਰੂ ਹਰਿਕ੍ਰਿਸ਼ਨ ਪ੍ਰਾਈਵੇਟ ਆਈ.ਟੀ.ਆਈ. ਤਿਲਕ ਨਗਰ ਨੇ ਦਿੱਲੀ ਦੀ ਪ੍ਰਾਈਵੇਟ 45 ਆਈ.ਟੀ. ਆਈ.ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸ਼ੋਸ਼ਲ ਮੀਡੀਆ ਤੇ ਜਾਰੀ ਸੰਦੇਸ਼ ’ਚ ਦਿੱਤੀ। ਜੀ.ਕੇ. ਨੇ ਦੱਸਿਆ ਕਿ ਕਮੇਟੀ ਦੀ ਆਈ.ਟੀ.ਆਈ. ਨੇ ਨਿਜ਼ੀ ਆਈ.ਟੀ.ਆਈ. ਦੇ ਤੌਰ ’ਤੇ ਜਿੱਥੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਉਥੇ ਹੀ ਸਰਕਾਰੀ ਅਤੇ ਨਿਜ਼ੀ ਆਈ.ਟੀ.ਆਈ. ਦੀ ਰੈਂਕ ’ਚ ਦੂਜਾ ਸਥਾਨ ਪ੍ਰਾਪਤ ਹੋਇਆ ਹੈ। ਸਾਡੇ ਤੋਂ ਪਹਿਲਾਂ ਇਸ ਸੂੁਚੀ ’ਚ ਸਰਕਾਰ ਦੀ ਪੂਸਾ ਆਈ.ਟੀ.ਆਈ. ਅੱਗੇ ਹੈ।
ਇਸ ਕਾਮਯਾਬੀ ਦਾ ਸਿਹਰਾ ਕਮੇਟੀ ਵੱਲੋਂ ਕਿੱਤਾਮੁੱਖੀ ਕੋਰਸਾਂ ਨੂੰ ਵੱਡੇ ਪੱਧਰ ’ਤੇ ਉਤਸਾਹਿਤ ਕਰਨ ਨੂੰ ਦਿੰਦੇ ਹੋਏ ਜੀ.ਕੇ. ਨੇ ਆਈ.ਟੀ.ਆਈ. ਨੂੰ 3.12 ਰੈਕਿੰਗ ਕੇਂਦਰੀ ਕੌਸ਼ਲ ਵਿਕਾਸ ਮੰਤਰਾਲੇ ਵੱਲੋਂ ਮਿਲਣ ਦੀ ਜਾਣਕਾਰੀ ਦਿੱਤੀ । ਉਨ੍ਹਾਂ ਦੱਸਿਆ ਕਿ ਕਮੇਟੀ ਦੀ ਆਈ.ਟੀ.ਆਈ. ਨੂੰ 3 ਸਟਾਰ ਮਿਲਣ ਨਾਲ ਹੁਣ ਵਿਦਿਆਰਥੀਆਂ ਦੇ ਪ੍ਰਮਾਣ ਪੱਤਰ ’ਤੇ 3 ਸਟਾਰ ਰੈਕਿੰਗ ਪ੍ਰਕਾਸ਼ਿਤ ਹੋਵੇਗੀ। ਜਿਸ ਕਰਕੇ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਚੰਗੇ ਮੌਕੇ ਪ੍ਰਾਪਤ ਹੋਣਗੇ। ਇਸਦੇ ਨਾਲ ਹੀ ਕੇਂਦਰੀ ਕੌਸ਼ਲ ਵਿਕਾਸ ਮੰਤਰਾਲੇ ਦੀ ਵੈਬਸਾਈਟ ’ਤੇ ਆਈ.ਟੀ.ਆਈ. ਦੀ ਰੈਕਿੰਗ ਪ੍ਰਕਾਸ਼ਿਤ ਹੋਵੇਗੀ। ਜਿਸਤੋਂ ਬਾਅਦ ਵਰਲਡ ਬੈਂਕ ਵੱਲੋਂ ਵੱਧਿਆ ਆਈ.ਟੀ.ਆਈ. ਨੂੰ ਦਿੱਤੀ ਜਾਣ ਵਾਲੀ ਮਾਲੀ ਸਹਾਇਤਾ ਮਿਲਣ ਦਾ ਰਾਹ ਵੀ ਪੱਧਰਾ ਹੋਵੇਗਾ। ਇਥੇ ਦੱਸ ਦੇਈਏ ਕਿ ਦਿੱਲੀ ’ਚ 19 ਸਰਕਾਰੀ ਅਤੇ 45 ਨਿਜ਼ੀ ਆਈ.ਟੀ.ਆਈ. ਹਨ। ਕਮੇਟੀ ਦੀ ਆਈ.ਟੀ.ਆਈ. ’ਚ ਕੁਲ 200 ਸੀਟਾਂ ’ਤੇ 4 ਕੋਰਸ 2 ਸਾਲ ਦੇ ਅਤੇ 2 ਕੋਰਸ 1 ਸਾਲ ਦੇ ਚਲ ਰਹੇ ਹਨ। ਜਿਸ ’ਚ ਲੜਕੀਆਂ ਲਈ ਫੀਜੀਓਥੈਰੇਪੀ ਅਤੇ ਕੰਪਿਊਟਰ ਸਿੱਖਲਾਈ ਦੇ ਕੋਰਸ ਸ਼ਾਮਲ ਹਨ।