ਸ਼ਾਹਕੋਟ/ਮਲਸੀਆਂ, (ਏ.ਐੱਸ. ਸਚਦੇਵਾ) – ਮਲਸੀਆਂ-ਲੋਹੀਆ ਰੋਡ ’ਤੇ ਪਿੰਡ ਰੂਪੇਵਾਲ ਅੱਡੇ ਨਜ਼ਦੀਕ ਸ਼ੁੱਕਰਵਾਰ ਸ਼ਾਮ ਇੱਕ ਮੋਟਰਸਾਈਕਲ ਅੱਗੇ ਅਚਾਨਕ ਅਵਾਰਾ ਪਸ਼ੂ ਆਉਣ ਕਾਰਨ ਮੋਟਰਸਾਈਕਲ ਸਵਾਰ ਇੱਕ ਹੌਲਦਾਰ ਸਮੇਤ ਦੋ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਹੌਲਦਾਰ ਸੁਖਦੇਵ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਰੂਪੇਵਾਲ (ਸ਼ਾਹਕੋਟ) ਅਤੇ ਹੋਮਗਾਰਡ ਮੁਲਾਜ਼ਮ ਗੁਲਜ਼ਾਰੀ ਲਾਲ ਪੁੱਤਰ ਜੀਤ ਸਿੰਘ ਵਾਸੀ ਪਿੰਡ ਚੱਕ ਚੇਲਾ (ਲੋਹੀਆ) ਦੋਵੇਂ ਨਕੋਦਰ ਵਿਖੇ ਡਿਊਟੀ ਕਰਦੇ ਸਨ, ਹੌਲਦਾਰ ਸੁਖਦੇਵ ਸਿੰਘ ਥਾਣਾ ਸਦਰ ਨਕੋਦਰ ਵਿਖੇ ਤਾਇਨਾਤ ਸੀ, ਜਦਕਿ ਹੋਮਗਾਰਡ ਮੁਲਾਜ਼ਮ ਗੁਲਜ਼ਾਰੀ ਲਾਲ ਥਾਣਾ ਸਿਟੀ ਨਕੋਦਰ ਵਿੱਚ ਤਾਇਨਾਤ ਸੀ। ਬੀਤੀ ਸ਼ਾਮ ਕਰੀਬ 7:30 ਵਜੇ ਉੱਕਤ ਦੋਵੇਂ ਮੁਲਾਜ਼ਮ ਆਪਣੇ ਪਲਸਰ ਮੋਟਰਸਾਈਕਲ ’ਤੇ ਨਕੋਦਰ ਵਿਖੇ ਡਿਊਟੀ ’ਤੇ ਜਾ ਰਹੇ ਸਨ ਕਿ ਮਲਸੀਆਂ-ਲੋਹੀਆ ਰੋਡ ’ਤੇ ਅੱਡਾ ਰੂਪੇਵਾਲ ਨਜ਼ਦੀਕ ਇੱਕ ਅਵਾਰਾ ਪਸ਼ੂ ਅਚਾਨਕ ਉਨਾਂ ਦੇ ਮੋਟਰਸਾਈਕਲ ਅੱਗੇ ਆ ਗਿਆ, ਜਿਸ ਕਾਰਨ ਮੋਟਰਸਾਈਕਲ ਬੇਕਾਬੂ ਹੋ ਗਿਆ ਅਤੇ ਦੋਵੇਂ ਮੁਲਾਜ਼ਮ ਬੁਰੀ ਤਰਾਂ ਨਾਲ ਸੜਕ ’ਤੇ ਡਿੱਗ ਪਏ ਤੇ ਗੰਭੀਰ ਜਖਮੀ ਹੋ ਗਏ। ਜਖਮੀਆਂ ਨੂੰ ਦੇਖ ਰਾਹਗੀਰਾਂ ਨੇ ਮਲਸੀਆਂ ਚੌਂਕੀ ਦੀ ਪੁਲਿਸ ਨੂੰ ਸੂਚਿਤ ਕੀਤਾ ਤਾਂ ਚੌਂਕੀ ਇੰਚਾਰਜ਼ ਏ.ਐੱਸ.ਆਈ. ਮਨਜੀਤ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ, ਜਿਨਾਂ ਜਖਮੀਆਂ ਨੂੰ ਇਲਾਜ਼ ਲਈ ਗਲੋਬਲ ਹਸਪਤਾਲ ਜਲੰਧਰ ਲੈ ਗਏ, ਪਰ ਦੋਵੇਂ ਮੁਲਾਜ਼ਮ ਜਖਮਾਂ ਦੀ ਤਾਬ ਨਾ ਸਹਾਰਦੇ ਹੋਏ ਰਸਤੇ ਵਿੱਚ ਵੀ ਦਮ ਤੋੜ ਗਏ, ਜਿਨਾਂ ਨੂੰ ਹਸਪਤਾਲ ਪਹੁੰਚਣ ’ਤੇ ਡਾਕਟਰੀ ਟੀਮ ਨੇ ਮਿ੍ਤਕ ਘੋਸ਼ਿਤ ਕਰ ਦਿੱਤਾ। ਚੌਂਕੀ ਇੰਚਾਰਜ਼ ਏ.ਐੱਸ.ਆਈ. ਮਨਜੀਤ ਸਿੰਘ ਨੇ ਦੱਸਿਆ ਕਿ ਮਿ੍ਤਕ ਹੋਲਦਾਰ ਸੁਖਦੇਵ ਸਿੰਘ ਦੇ ਭਰਾ ਲਖਬੀਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ 174 ਦੀ ਕਾਰਵਾਈ ਕਰਨ ਉਪਰੰਤ ਦੋਵੇਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ਾਂ ਮਿ੍ਤਕਾਂ ਦੇ ਵਾਰਿਸਾਂ ਨੂੰ ਸੌਪ ਦਿੱਤੀਆਂ ਗਈਆਂ ਹਨ। ਉਹਨਾਂ ਦੱਸਿਆ ਕਿ ਸ. ਦਿਲਬਾਗ ਸਿੰਘ ਡੀ.ਐੱਸ.ਪੀ. ਸ਼ਾਹਕੋਟ ਦੀ ਹਾਜ਼ਰੀ ਵਿੱਚ ਦੋਵੇਂ ਮੁਲਾਜ਼ਮਾਂ ਦੀਆਂ ਮਿ੍ਤਕ ਦੇਹਾਂ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।
ਮੋਟਰਸਾਈਕਲ ਅੱਗੇ ਅਵਾਰਾ ਪਸ਼ੂ ਆਉਣ ਕਾਰਨ ਪੰਜਾਬ ਪੁਲਿਸ ਦੇ ਹੌਲਦਾਰ ਸਮੇਤ ਦੋ ਮੁਲਾਜ਼ਮਾਂ ਦੀ ਮੌਤ
This entry was posted in ਪੰਜਾਬ.