ਫ਼ਤਹਿਗੜ੍ਹ ਸਾਹਿਬ – “ਇਹ ਬਹੁਤ ਹੀ ਫਖ਼ਰ ਤੇ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਤਰਨਤਾਰਨ ਜਿ਼ਲ੍ਹੇ ਦੇ ਹਿੱਸੇ ਇਹ ਦੂਸਰੀ ਵਾਰ ਫਖ਼ਰ ਵਾਲੀ ਗੱਲ ਆਈ ਹੈ ਕਿ ਤਰਨਤਾਰਨ ਨਾਲ ਸੰਬੰਧਤ ਹਰਮਨ-ਪਿਆਰੇ ਪਹਿਲਵਾਨ ਜਸਕੰਵਰਵੀਰ ਸਿੰਘ ਗਿੱਲ ਜੋ ਕਿ ਆਪਣੀ ਪਹਿਲਵਾਨੀ ਦੇ ਜੌਹਰ ਤੁਰਕੀ ਵਿਖੇ ਦਿਖਾਉਣ ਲਈ ਗਏ ਸਨ, ਤਾਂ ਉਥੋਂ ਦੇ ਪ੍ਰਬੰਧਕਾਂ ਨੇ ਉਪਰੋਕਤ ਸ. ਗਿੱਲ ਨੂੰ ਆਪਣੇ ਕੇਸਾਂ ਉਤੇ ਸਜਾਈ ਦਸਤਾਰ ਨੂੰ ਲਾਹ ਕੇ ਖੇਡਣ ਦੇ ਹੁਕਮ ਸੁਣਾਏ ਤਾਂ ਸਿੱਖੀ ਵਿਚ ਪ੍ਰਣਾਏ ਹੋਏ ਸ. ਗਿੱਲ ਨੇ ਆਪਣੀ ਕੌਮੀ ਅਤੇ ਸ਼ਹਾਦਤਾਂ ਭਰੀ ਸੋਚ ਉਤੇ ਪਹਿਰਾ ਦਿੰਦੇ ਹੋਏ ਸਿੱਖ ਕੌਮ ਦੀ ਆਨ-ਸ਼ਾਨ ਮੰਨੀ ਜਾਂਦੀ ਦਸਤਾਰ ਨੂੰ ਲਾਹਉਣ ਦੀ ਬਜਾਇ ਖੇਡ ਖੇਡਣ ਤੋਂ ਬਿਨ੍ਹਾਂ ਹੀ ਆਪਣੇ ਪੰਜਾਬ ਵਿਚ ਵਾਪਸ ਆਉਣ ਦਾ ਫੈਸਲਾ ਕੀਤਾ । ਇਥੇ ਇਹ ਵਰਣਨ ਕਰਨਾ ਇਸ ਲਈ ਜ਼ਰੂਰੀ ਹੈ ਕਿ ਇਸੇ ਤਰਨਤਾਰਨ ਜਿ਼ਲ੍ਹੇ ਦੇ ਸਿੱਖੀ ਸੋਚ ਵਾਲੇ ਨਿਵਾਸੀਆਂ ਨੇ 1989 ਵਿਚ ਜਦੋਂ ਦਾਸ ਮੁਤੱਸਵੀਆਂ ਦੀ ਜੇਲ੍ਹ ਵਿਚ ਬੰਦੀ ਸੀ ਤਾਂ ਸਾਢੇ 4 ਲੱਖ ਵੋਟਾਂ ਨਾਲ ਐਮ.ਪੀ. ਦੀ ਸੀਟ ਤੋਂ ਜਿਤਾਕੇ ਦਾਸ ਨੂੰ ਕੇਵਲ ਪਾਰਲੀਮੈਂਟ ਵਿਚ ਹੀ ਨਹੀਂ ਭੇਜਿਆ, ਬਲਕਿ ਸਿੱਖ ਕੌਮ ਦੇ ਮਹਾਨ ਚਿੰਨ੍ਹ ‘ਸ੍ਰੀ ਸਾਹਿਬ’ ਦੀ ਆਨ-ਸ਼ਾਨ ਨੂੰ ਕਾਇਮ ਰੱਖਣ ਲਈ ਆਪਣੀਆ ਭਾਵਨਾਵਾਂ ਰਾਹੀ ਦਾਸ ਨੂੰ ਸ਼ਕਤੀ ਬਖਸੀ ਅਤੇ ਦਾਸ ਨੇ ਸ੍ਰੀ ਸਾਹਿਬ ਦੇ ਚਿੰਨ੍ਹ ਤੋਂ ਬਿਨ੍ਹਾਂ ਪਾਰਲੀਮੈਂਟ ਵਿਚ ਦਾਖਲ ਹੋਣ ਤੋਂ ਇਨਕਾਰ ਕਰਕੇ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨ ਦਾ ਮੌਕਾ ਮਿਲਿਆ । ਇਸ ਲਈ ਤਰਨਤਾਰਨ ਜਿ਼ਲ੍ਹਾ ਸਿੱਖੀ ਪੱਖੋ ਇੱਕ ਵਾਰੀ ਫਿਰ ਕੌਮਾਂਤਰੀ ਨਜ਼ਰਾਂ ਵਿਚ ਰੌਸ਼ਨਾ ਰਿਹਾ ਹੈ, ਜਿਸਦਾ ਸਾਨੂੰ ਫਖ਼ਰ ਵੀ ਹੈ ਅਤੇ ਜਸਕੰਵਰਵੀਰ ਸਿੰਘ ਗਿੱਲ ਮੁਬਾਰਕਬਾਦ ਦੇ ਹੱਕਦਾਰ ਹਨ, ਜਿਨ੍ਹਾਂ ਨੇ ਸਿੱਖੀ ਦੀ ਆਨ-ਸ਼ਾਨ ਨੂੰ ਕਾਇਮ ਰੱਖਿਆ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਜਸਕੰਵਰਵੀਰ ਸਿੰਘ ਗਿੱਲ ਵੱਲੋਂ ਨਿਭਾਈ ਗਈ ਆਪਣੇ ਕੌਮੀ ਤੇ ਸਿੱਖੀ ਵਾਲੀ ਜਿੰਮੇਵਾਰੀ ਨੂੰ ਦ੍ਰਿੜਤਾ ਨਾਲ ਪੂਰਨ ਕਰਨ ਅਤੇ ਕੌਮਾਂਤਰੀ ਪੱਧਰ ਤੇ ਸਿੱਖ ਕੌਮ ਦੀ ਆਨ-ਸ਼ਾਨ ਨੂੰ ਵਧਾਉਣ ਦੇ ਉਦਮਾਂ ਦੀ ਭਰਪੂਰ ਪ੍ਰਸ਼ੰਸ਼ਾਂ ਕਰਦੇ ਹੋਏ ਅਤੇ ਵਿਸ਼ੇਸ਼ ਤੌਰ ਤੇ ਇਸਦਾ ਸਿਹਰਾ ਤਰਨਤਾਰਨ ਜਿ਼ਲ੍ਹੇ ਨੂੰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਸਾਡੇ ਮਾਸੂਮ 7 ਅਤੇ 9 ਸਾਲ ਦੇ ਸਾਹਿਬਜ਼ਾਦਿਆਂ ਨੂੰ ਜ਼ਾਬਰ ਹੁਕਮਰਾਨਾਂ ਵੱਲੋਂ ਬਾਦਸ਼ਾਹੀਆਂ, ਸੁੰਦਰ ਰਾਣੀਆਂ ਦੇ ਡੋਲੇ ਅਤੇ ਹੋਰ ਧਨ-ਦੌਲਤਾਂ ਦੇ ਲਾਲਚ ਦਿੱਤੇ ਅਤੇ ਉਹ ਆਪਣੇ ਆਪ ਨੂੰ ਮੁਸਲਿਮ ਕਬੂਲ ਕਰ ਲੈਣ ਤਾਂ ਸਾਹਿਬਜ਼ਾਦਿਆਂ ਨੇ ਆਪਣੀ ਸਿੱਖੀ ਸੋਚ ਉਤੇ ਪਹਿਰਾ ਦਿੰਦੇ ਹੋਏ ਜ਼ਾਬਰ ਹੁਕਮਰਾਨਾਂ ਦੇ ਲਾਲਚਾਂ ਜਾਂ ਜ਼ਬਰਾਂ ਅੱਗੇ ਝੁਕਣ ਦੀ ਬਜਾਇ ਸਿੱਖੀ ਨੂੰ ਸਦਾ ਲਈ ਜਿਊਂਦਾ ਰੱਖਣ ਨੂੰ ਤਰਜੀਹ ਦਿੱਤੀ ਅਤੇ ਆਪਣੀਆ ਸ਼ਹਾਦਤਾਂ ਦਿੱਤੀਆਂ। ਇਸ ਸਿੱਖੀ ਨੂੰ ਕਾਇਮ ਕਰਨ ਲਈ ਬੀਬੀਆਂ ਨੇ ਆਪਣੇ ਮਾਸੂਮ ਬੱਚਿਆਂ ਦੇ ਟੋਟੇ ਕਰਵਾਕੇ ਗਲਾਂ ਵਿਚ ਪਵਾਏ, ਖਿਣ-ਖਿਣ ਰੋਟੀ ਤੇ ਗੁਜਾਰੇ ਕੀਤੇ, ਬੰਦ-ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਜਿਊਂਦੇ ਆਰਿਆਂ ਨਾਲ ਚੀਰੇ ਗਏ । ਇਸ ਲਈ ਜੋ ਜਸਕੰਵਰਵੀਰ ਸਿੰਘ ਗਿੱਲ ਨੇ ਆਪਣੇ ਇਤਿਹਾਸ ਉਤੇ ਪਹਿਰਾ ਦਿੰਦੇ ਹੋਏ ਸਿੱਖੀ ਨੂੰ ਕਾਇਮ ਰੱਖਿਆ ਹੈ, ਉਹ ਜਿਥੇ ਪ੍ਰਸ਼ੰਸਾਂਯੋਗ ਹੈ, ਉਥੇ ਸਮੁੱਚੀ ਸਿੱਖ ਕੌਮ ਨੂੰ ਆਪਣੇ ਇਤਿਹਾਸ ਉਤੇ ਦ੍ਰਿੜਤਾ ਨਾਲ ਪਹਿਰਾ ਦੇਣ ਅਤੇ ਉਸ ਮਹਾਨ ਇਤਿਹਾਸ ਨੂੰ ਆਪਣੀਆ ਨਜ਼ਰਾਂ ਸਾਹਮਣੇ ਰੱਖਣ ਦੀ ਵੀ ਅਗਵਾਈ ਕਰਦਾ ਹੈ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਸਿੱਖ ਕੌਮ ਆਪਣਾ ਆਜ਼ਾਦ ਘਰ ਬਣਾਉਣ ਲਈ ਜਿਥੇ ਸਿੱਖੀ ਨਿਯਮਾਂ ਉਤੇ ਪਹਿਰਾ ਦਿੰਦੀ ਹੋਈ ਅੱਗੇ ਵੱਧਦੀ ਰਹੇਗੀ, ਉਥੇ ਤਰਨਤਾਰਨ ਜਿ਼ਲ੍ਹਾ ਅਜੋਕੇ ਸਮੇਂ ਵਿਚ ਅਜਿਹੇ ਨੇਕ ਤੇ ਇਨਸਾਨੀ ਉਦਮਾਂ ਲਈ ਅਗਵਾਈ ਕਰਦਾ ਰਹੇਗਾ ।