ਕੋਲਕਾਤਾ – ਲੋਕਸਭਾ ਦੇ ਸਾਬਕਾ ਸਪੀਕਰ ਸ੍ਰੀ ਸੋਮਨਾਥ ਚੈਟਰਜੀ ਦਾ ਸੋਮਵਾਰ ਨੂੰ ਕੋਲਕਾਤਾ ਦੇ ਇੱਕ ਨਿਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ ਪਿੱਛਲੇ ਕੁਝ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਡਾਕਟਰਾਂ ਅਨੁਸਾਰ, ਐਤਵਾਰ ਸਵੇਰੇ ਡਾਇਲਿਸਿਸ ਦੇ ਦੌਰਾਨ 89 ਸਾਲਾ ਚੈਟਰਜੀ ਨੂੰ ਹਾਰਟ ਅਟੈਕ ਆਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿਗੜਦੀ ਹੀ ਗਈ। ਚੈਟਰਜੀ 10 ਵਾਰ ਲੋਕਸਭਾ ਦੇ ਸੰਸਦ ਮੈਂਬਰ ਬਣੇ ਅਤੇ ਉਹ ਮਾਕਪਾ ਦੀ ਕੇਂਦਰੀ ਕਮੇਟੀ ਦੇ ਮੈਂਬਰ ਵੀ ਸਨ। ਉਹ 1968 ਵਿੱਚ ਮਾਕਪਾ ਵਿੱਚ ਸ਼ਾਮਿਲ ਹੋਏ ਸਨ। ਉਹ 2004 ਤੋਂ 2009 ਤੱਕ ਲੋਕਸਭਾ ਦੇ ਪ੍ਰਧਾਨ ਰਹੇ।
ਸ੍ਰੀ ਸੋਮਨਾਥ ਜੀ ਦਾ ਜਨਮ 25 ਜੁਲਾਈ 1929 ਨੂੰ ਬੰਗਾਲੀ ਬ੍ਰਾਹਮਣ ਨਿਰਮਲ ਚੰਦਰ ਚੈਟਰਜੀ ਅਤੇ ਵੀਣਾਪਾਣਿ ਦੇਵੀ ਦੇ ਘਰ ਆਸਾਮ ਦੇ ਤੇਜ਼ਪੁਰ ਵਿੱਚ ਹੋਇਆ ਸੀ। ਸੋਮਨਾਥ ਨੇ ਕੋਲਕਾਤਾ ਅਤੇ ਬ੍ਰਿਟੇਨ ਤੋਂ ਸਿੱਖਿਆ ਪ੍ਰਾਪਤ ਕੀਤੀ। ਉਨ੍ਹਾਂ ਨੇ ਬ੍ਰਿਟੇਨ ਤੋਂ ਲਾਅ ਦੀ ਪੜ੍ਹਾਈ ਪ੍ਰਾਪਤ ਕਰਨ ਤੋਂ ਬਾਅਦ ਕਲਕਤਾ ਹਾਈਕੋਰਟ ਵਿੱਚ ਪ੍ਰੈਕਟਿਸ ਕੀਤੀ। ਇਸ ਤੋਂ ਬਾਅਦ ਉਹ ਰਾਜਨੀਤੀ ਵਿੱਚ ਆ ਗਏ। ਉਹ ਲੰਬੇ ਸਮੇਂ ਤੱਕ ਸੰਸਦ ਮੈਂਬਰ ਰਹਿਣ ਵਾਲੇ ਨੇਤਾਵਾਂ ਵਿੱਚ ਸ਼ਾਮਿਲ ਰਹੇ। ਉਹ ਸਿਰਫ਼ 1984 ਵਿੱਚ ਮਮਤਾ ਤੋਂ ਜਾਧਵਪੁਰ ਸੀਟ ਤੋਂ ਹਾਰੇ ਸਨ। ਸੋਮਨਾਥ 2004 ਵਿੱਚ ਵਿੱਚ ਆਮ ਸਹਿਮਤੀ ਨਾਲ ਲੋਕਸਭਾ ਸਪੀਕਰ ਬਣੇ ਸਨ ਅਤੇ ਉਹ ਇਸ ਅਹੁਦੇ ਤੇ 2009 ਤੱਕ ਰਹੇ।
ਮਾਕਪਾ ਨੇ 2008 ਵਿੱਚ ਅਮਰੀਕਾ ਨਾਲ ਐਟਮੀ ਡੀਲ ਦੇ ਮੁੱਦੇ ਤੇ ਯੂਪੀਏ ਸਰਕਾਰ ਤੋਂ ਸਮੱਰਥਨ ਵਾਪਿਸ ਲੈ ਲਿਆ ਸੀ। ਇਸ ਤੇ ਮਨਮੋਹਨ ਸਿੰਘ ਸਰਕਾਰ ਖੂਦ ਵਿਸ਼ਵਾਸ਼ ਪ੍ਰਸਤਾਵ ਲਿਆਈ ਸੀ ਤਾਂ ਕਿ ਲੋਕਸਭਾ ਵਿੱਚ ਬਹੁਮੱਤ ਸਾਬਿਤ ਕਰ ਸਕੇ। ਮਾਕਪਾ ਨੇ ਸੋਮਨਾਥ ਨੂੰ ਸਪੀਕਰ ਪਦ ਤੋਂ ਅਸਤੀਫ਼ਾ ਦੇ ਕੇ ਸਰਕਾਰ ਦੇ ਖਿਲਾਫ਼ ਵੋਟ ਦੇਣ ਲਈ ਕਿਹਾ ਪਰ ਚੈਟਰਜੀ ਨੇ ਅਸਤੀਫ਼ਾ ਦੇਣ ਤੋਂ ਇਨਕਾਰ ਕਰ ਦਿੱਤਾ। ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਬਹੁਮੱਤ ਸਾਬਿਤ ਕਰ ਦਿੱਤਾ। ਮਾਕਪਾ ਨੇ ਇਸ ਕਾਰਣ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਸੀ।