ਨਿਊਯਾਰਕ – ਅਮਰੀਕਾ ਦੇ 350 ਤੋਂ ਵੱਧ ਅਖ਼ਬਾਰਾਂ ਨੇ ਵੀਰਵਾਰ ਨੂੰ ਸੰਪਾਦਕੀ ਲਿਖ ਕੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਮੀਡੀਆ ਦੇ ਖਿਲਾਫ਼ ਦਿੱਤੇ ਜਾ ਰਹੇ ਬਿਆਨਾਂ ਦੀ ਨਿੰਦਿਆ ਕੀਤੀ। ਟਰੰਪ ਵੱਲੋਂ ਬਹੁਤ ਸਾਰੇ ਮੀਡੀਆ ਸੰਗਠਨਾਂ ਨੂੰ ਅਮਰੀਕੀ ਜਨਤਾ ਦਾ ਦੁਸ਼ਮਣ ਦੱਸਿਆ ਜਾ ਰਿਹਾ ਹੈ। ‘ਬੋਸਟਨ ਗਲੋਬ’ ਅਤੇ ‘ਨਿਊਯਾਰਕ ਟਾਈਮਜ਼’ ਸਮੇਤ 350 ਤੋਂ ਵੱਧ ਛੋਟੇ-ਵੱਡੇ ਅਖ਼ਬਾਰਾਂ ਨੇ ਇਸ ਟਰੰਪ ਵਿਰੋਧੀ ਮੁਹਿੰਮ ਵਿੱਚ ਭਾਗ ਲਿਆ। ਇਨ੍ਹਾਂ ਅਖ਼ਬਾਰਾਂ ਨੇ ਪ੍ਰੈਸ ਦੀ ਆਜ਼ਾਦੀ ਦੀ ਰੱਖਿਆ ਕਰਨ ਦਾ ਵਾਅਦਾ ਵੀ ਕੀਤਾ।
ਬੋਸਟਨ ਗਲੋਬ ਨੇ ਵੀ ਆਪਣੇ ਐਡੀਟੋਰੀਅਲ ਵਿੱਚ ਰਾਸ਼ਟਰਪਤੀ ਟਰੰਪ ਤੇ ਆਰੋਪ ਲਗਾਇਆ ਹੈ, ‘ਉਹ ਪ੍ਰੈਸ ਦੀ ਆਜ਼ਾਦੀ ਤੇ ਲਗਾਤਾਰ ਹਮਲਾ ਕਰ ਰਹੇ ਹਨ। ਅਮਰੀਕਾ ਦੀ ਮਹਾਨਤਾ ਸੱਚ ਬੋਲਣ ਦੇ ਲਈ ਪ੍ਰੈਸ ਦੀ ਆਜ਼ਾਦੀ ਦੀ ਭੂਮਿਕਾ ਹੈ। ਅਮਰੀਕੀ ਹੋਣ ਦੇ ਨਾਤੇ ਪ੍ਰੈਸ ਤੇ ਲੋਕਾਂ ਦਾ ਦੁਸ਼ਮਣ ਹੋਣ ਦਾ ਠੱਪਾ ਲਗਾਉਣਾ ਖਤਰਨਾਕ ਹੈ।’ਟਰੰਪ ਆਪਣੇ ਵਿਰੁੱਧ ਲਗਣ ਵਾਲੀਆਂ ਖ਼ਬਰਾਂ ਦੀ ਅਕਸਰ ਆਲੋਚਨਾ ਕਰਦੇ ਰਹਿੰਦੇ ਹਨ। ਇੱਥੋਂ ਤੱਕ ਕੇ ਉਹ ਕਈ ਵਾਰ ਇਨ੍ਹਾਂ ਨੂੰ ਫੇਕ ਨਿਊਜ਼ ਤੱਕ ਕਹਿ ਚੁੱਕੇ ਹਨ।
ਨਿਊਯਾਰਕ ਟਾਈਮਜ਼ ਨੇ ਵੀ ਲਿਖਿਆ ਹੈ, ‘ਕਿਸੇ ਖ਼ਬਰ ਨੂੰ ਘੱਟ ਜਾਂ ਵੱਧ ਮਹੱਤਵ ਦੇਣ ਜਾਂ ਕਿਸੇ ਖ਼ਬਰ ਵਿੱਚ ਗੱਲਤੀ ਹੋਣ ਦੀ ਨਿੰਦਿਆ ਕਰਨ ਦਾ ਅਧਿਕਾਰ ਹੈ। ਸੰਪਾਦਕ ਅਤੇ ਪੱਤਰਕਾਰ ਵੀ ਇਨਸਾਨ ਹਨ ਅਤੇ ਗੱਲਤੀ ਕਰ ਸਕਦੇ ਹਨ। ਇਨ੍ਹਾਂ ਨੂੰ ਸੁਧਾਰਨਾ ਸਾਡਾ ਮੁੱਖ ਕੰਮ ਹੈ, ਪਰ ਇਹ ਜਿਦ ਕਰਨਾ ਕਿ ਸੱਚ ਜਿਸ ਨੂੰ ਤੁਸੀਂ ਪਸੰਦ ਨਹੀਂ ਕਰਦੇ, ਉਹ ਫੇਕ ਨਿਊਜ਼ ਹੈ,ਇਹ ਲੋਕਤੰਤਰ ਦੇ ਲਈ ਖਤਰਨਾਕ ਹੈ। ਰਿਪੋਰਟਰਾਂ ਨੂੰ ਲੋਕਾਂ ਦਾ ਦੁਸ਼ਮਣ ਦੱਸਣਾ ਵੀ ਖਤਰਨਾਕ ਹੈ।’