ਫ਼ਤਹਿਗੜ੍ਹ ਸਾਹਿਬ – “ਇੰਡੀਆਂ ਦੇ ਮਰਹੂਮ ਸਾਬਕਾ ਵਜ਼ੀਰ-ਏ-ਆਜ਼ਮ ਸ੍ਰੀ ਅਟਲ ਬਿਹਾਰੀ ਵਾਜਪਾਈ ਦੇ ਇਸ ਫਾਨੀ ਦੁਨੀਆਂ ਤੋਂ ਚਲੇ ਜਾਣ ਦਾ ਭਲੇ ਹੀ ਸੁਭਾਵਿਕ ਤੌਰ ਤੇ ਸਭ ਨੂੰ ਦੁੱਖ ਹੋਣਾ ਕੁਦਰਤੀ ਹੈ, ਪਰ ਸਿੱਖ ਕੌਮ ਦਾ ਇਤਿਹਾਸ ਗਵਾਹ ਹੈ ਕਿ ਉਹ ਕਿਸੇ ਵੀ ਸਿਆਸਤਦਾਨ ਜਾਂ ਅਫ਼ਸਰਾਨ ਦੇ ਚਲੇ ਜਾਣ ਉਪਰੰਤ ਉਸਦੇ ਬੀਤੇ ਸਮੇਂ ਦੇ ਪੰਜਾਬ ਸੂਬੇ ਅਤੇ ਸਿੱਖ ਕੌਮ ਪ੍ਰਤੀ ਅਮਲਾਂ ਦੀ ਸਵੈਪੜਚੋਲ ਕਰਦੀ ਹੋਈ ਹੀ ਉਸ ਜਾਣ ਵਾਲੇ ਸੰਬੰਧੀ ਆਪਣੀ ਰਾਏ ਬਣਾਉਦੀ ਹੈ ਕਿ ਜਾਣ ਵਾਲਾ ਸ਼ਖਸ ਕਿਸ ਕਿਰਦਾਰ ਦਾ ਮਾਲਿਕ ਸੀ ਅਤੇ ਉਸਨੇ ਆਪਣੇ ਰਾਜ-ਭਾਗ ਸਮੇਂ ਪੰਜਾਬ ਸੂਬੇ ਅਤੇ ਸਿੱਖ ਕੌਮ ਜਾਂ ਘੱਟ ਗਿਣਤੀ ਕੌਮਾਂ ਨਾਲ ਕਿਹੋ ਜਿਹਾ ਵਰਤਾਅ ਤੇ ਵਿਵਹਾਰ ਕੀਤਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ ਸਾਬਕਾ ਵਜ਼ੀਰ-ਏ-ਆਜ਼ਮ ਸ੍ਰੀ ਅਟਲ ਬਿਹਾਰੀ ਵਾਜਪਾਈ ਦੀ ਹੋਏ ਦਿਹਾਂਤ ਉਤੇ ਆਪਣਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਸਮਾਜਿਕ ਤੌਰ ਤੇ ਕੌਮੀ ਭਾਵਨਾਵਾਂ ਦਾ ਇਜ਼ਹਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਿੱਖ ਕੌਮ ਆਪਣੇ ਉੱਚੇ-ਸੁੱਚੇ ਵਿਚਾਰਾਂ, ਕਦਰਾ-ਕੀਮਤਾ ਅਤੇ ਮਨੁੱਖਤਾ ਪੱਖੀ ਅਮਲਾਂ ਦੀ ਬਦੌਲਤ ਕੌਮਾਂਤਰੀ ਪੱਧਰ ਤੇ ਵਿਲੱਖਣ ਤੇ ਅਣਖੀਲੀ ਪਹਿਚਾਣ ਲੰਮੇਂ ਸਮੇਂ ਤੋਂ ਸਥਾਪਿਤ ਕਰ ਚੁੱਕੀ ਹੈ ਅਤੇ ਸ੍ਰੀ ਵਾਜਪਾਈ ਦੀ ਸਖਸ਼ੀਅਤ ਅਤੇ ਅਮਲਾਂ ਨੂੰ ਘੋਖਦੀ ਹੋਈ ਇਹ ਜਾਣਕਾਰੀ ਪ੍ਰਦਾਨ ਕਰਨਾ ਚਾਹੁੰਦੀ ਹੈ ਕਿ ਜਦੋਂ ਬਲਿਊ ਸਟਾਰ ਦਾ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਮਰਹੂਮ ਇੰਦਰਾ ਗਾਂਧੀ ਨੇ ਬਰਤਾਨੀਆ ਤੇ ਸੋਵੀਅਤ ਯੂਨੀਅਨ ਦੀਆਂ ਫ਼ੌਜਾਂ ਨਾਲ ਰਲਕੇ ਹਮਲਾ ਕੀਤਾ ਸੀ । ਉਸ ਸਮੇਂ ਜਦੋਂ 26 ਹਜ਼ਾਰ ਦੇ ਕਰੀਬ ਸਿੱਖ ਸਰਧਾਲੂ ਜਿਨ੍ਹਾਂ ਵਿਚ ਬੱਚੇ, ਬੀਬੀਆਂ, ਨੌਜ਼ਵਾਨ ਅਤੇ ਬਜੁਰਗ ਸਨ, ਉਹ ਆਪਣੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹਾਦਤ ਨੂੰ ਸਰਧਾ ਭੇਟ ਕਰਨ ਗਏ ਹੋਏ ਸਨ ਅਤੇ ਉਨ੍ਹਾਂ ਨੂੰ ਇਸ ਹਮਲੇ ਦੌਰਾਨ ਬਹੁਤ ਹੀ ਬੇਰਹਿੰਮੀ ਅਤੇ ਅਣਮਨੁੱਖੀ ਢੰਗ ਨਾਲ ਹੁਕਮਰਾਨਾਂ ਦੀਆਂ ਫ਼ੌਜਾਂ ਨੇ ਸ਼ਹੀਦ ਕਰ ਦਿੱਤਾ ਸੀ । ਉਸ ਸਮੇਂ ਸ੍ਰੀ ਵਾਜਪਾਈ, ਬੀਜੇਪੀ ਤੇ ਆਰ.ਐਸ.ਐਸ. ਨੇ ਮਰਹੂਮ ਇੰਦਰਾ ਗਾਂਧੀ ਜੋ ਸਿੱਖ ਕੌਮ ਦੀ ਕਾਤਲ ਹੈ, ਉਸ ਨੂੰ ‘ਦੁਰਗਾ ਮਾਤਾ’ ਦਾ ਖਿਤਾਬ ਦੇ ਕੇ ਸ੍ਰੀ ਵਾਜਪਾਈ ਨੇ ਬੀਜੇਪੀ ਤੇ ਆਰ.ਐਸ.ਐਸ. ਵੱਲੋਂ ਸਨਮਾਨ ਦਿੱਤਾ ਸੀ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਜੋ ਸਿੱਖਾਂ ਦੀਆਂ ਲਾਸ਼ਾਂ ਦਰਬਾਰ ਸਾਹਿਬ ਤੋਂ ਚੁੱਕੀਆ ਗਈਆ ਸਨ, ਉਸਦੀ ਜਿੰਮੇਵਾਰੀ ਸਰਕਾਰ ਵੱਲੋਂ ਭਈਆ ਨੂੰ ਇਸ ਸ਼ਰਤ ਤੇ ਦਿੱਤੀ ਗਈ ਸੀ ਕਿ ਇਨ੍ਹਾਂ ਲਾਸ਼ਾਂ ਦੇ ਸਰੀਰ ਤੇ ਜੋ ਸੋਨਾ ਪਹਿਨਿਆ ਹੋਇਆ ਹੈ ਜਾਂ ਉਨ੍ਹਾਂ ਦੀਆਂ ਜੇਬਾਂ ਵਿਚ ਧਨ ਹੈ, ਉਸਨੂੰ ਲਿਜਾਣ ਦੇ ਹੱਕਦਾਰ ਇਹ ਭਈਏ ਹੋਣਗੇ ।
ਇਸੇ ਤਰ੍ਹਾਂ 1992 ਵਿਚ ਇਨ੍ਹਾਂ ਤਾਕਤਾਂ ਨੇ ਘੱਟ ਗਿਣਤੀ ਮੁਸਲਿਮ ਕੌਮ ਦੀ ਅਯੋਧਿਆ ਵਿਚ ਸ੍ਰੀ ਬਾਬਰੀ ਮਸਜਿਦ ਨੂੰ ਢਹਿ-ਢੇਰੀ ਕੀਤਾ ਸੀ । 1999 ਵਿਚ ਜਦੋਂ ਸ੍ਰੀ ਵਾਜਪਾਈ ਇੰਡੀਆਂ ਦੇ ਵਜ਼ੀਰ-ਏ-ਆਜ਼ਮ ਬਣ ਗਏ ਤਾਂ ਉਸ ਸਮੇਂ 2002 ਵਿਚ ਸ੍ਰੀ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੇ 2000 ਮੁਸਲਮਾਨਾਂ ਦਾ ਅਣਮਨੁੱਖੀ ਢੰਗਾਂ ਨਾਲ ਕਤਲੇਆਮ ਹੀ ਨਹੀਂ ਕੀਤਾ, ਬਲਕਿ ਮੁਸਲਿਮ ਬੀਬੀਆਂ ਨਾਲ ਵੱਡੇ ਪੱਧਰ ਤੇ ਜ਼ਬਰ-ਜ਼ਨਾਹ ਕਰਵਾਏ ਅਤੇ ਇਸ ਜ਼ਬਰ-ਜਨਾਹ ਦੀਆਂ ਵੀਡੀਓਜ ਵੀ ਬਣਵਾਈਆ । ਉਸ ਸਮੇਂ ਸ੍ਰੀ ਵਾਜਪਾਈ ਦਾ ਬਤੌਰ ਵਜ਼ੀਰ-ਏ-ਆਜ਼ਮ ਹਿੰਦ ਇਹ ਫਰਜ ਸੀ ਕਿ ਉਹ ਇਸ ਹੋਏ ਅਣਮਨੁੱਖੀ ਵਰਤਾਰੇ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਵਾਉਦੇ ਅਤੇ ਕਾਨੂੰਨ ਅਨੁਸਾਰ ਸਜ਼ਾਵਾਂ ਦਿਵਾਉਦੇ । ਸ੍ਰੀ ਵਾਜਪਾਈ ਨੇ ਕਾਨੂੰਨੀ ਤੇ ਇਖ਼ਲਾਕੀ ਤੌਰ ਤੇ ਮੁਸਲਿਮ ਕਾਤਲਾਂ ਵਿਰੁੱਧ ਐਕਸ਼ਨ ਕਿਉਂ ਨਾ ਕੀਤਾ ? ਨਿਮਨ ਦਿੱਤੀ ਜਾ ਰਹੀ ਫੋਟੋਗ੍ਰਾਫ਼ 9 ਦਸੰਬਰ 2003 ਦੀ ਹੈ, ਉਸ ਸਮੇਂ ਸ੍ਰੀ ਵਾਜਪਾਈ ਵਜ਼ੀਰ-ਏ-ਆਜ਼ਮ ਸਨ ਅਤੇ ਸ੍ਰੀ ਅਡਵਾਨੀ ਗ੍ਰਹਿ ਵਜ਼ੀਰ ਸਨ ਤੇ ਸ੍ਰੀ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ ।
ਇਸ ਫੋਟੋ ਵਿਚ ਸ੍ਰੀ ਵਾਜਪਾਈ ਅਤੇ ਸ੍ਰੀ ਨਰਿੰਦਰ ਮੋਦੀ ਤਾਂ ਗੰਭੀਰ ਦਿਖਾਈ ਦੇ ਰਹੇ ਹਨ, ਲੇਕਿਨ ਸ੍ਰੀ ਅਡਵਾਨੀ ਖੁਸ਼ ਨਜ਼ਰ ਆ ਰਹੇ ਹਨ । ਜਿਸਦਾ ਮਤਲਬ ਹੈ ਕਿ ਗੁਜਰਾਤ ਕਤਲੇਆਮ ਹਿੰਦੂ ਮਜ਼੍ਹਬ ਨੂੰ ਮਜ਼ਬੂਤ ਕਰਨ ਲਈ ਯੋਜਨਾਬੰਧ ਢੰਗ ਨਾਲ ਕੀਤਾ ਗਿਆ । ਸ੍ਰੀ ਅਡਵਾਨੀ ਨੇ ਬਲਿਊ ਸਟਾਰ ਹਮਲੇ ਸਮੇਂ ਇਹ ਕਿਹਾ ਸੀ ਕਿ ਇਹ ਹਮਲਾ 6 ਮਹੀਨੇ ਪਹਿਲਾ ਹੋਣਾ ਚਾਹੀਦਾ ਸੀ ਅਤੇ ਇਹ ਵੀ ਆਪਣੇ ਵੱਲੋਂ ਲਿਖੀ ਕਿਤਾਬ ‘ਮਾਈ ਕੰਟਰੀ, ਮਾਈ ਲਾਈਫ’ ਵਿਚ ਪ੍ਰਵਾਨ ਕੀਤਾ ਹੈ ਕਿ ਬਲਿਊ ਸਟਾਰ ਦਾ ਹਮਲਾ ਅਸੀਂ ਕਰਵਾਇਆ ਹੈ । ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸ੍ਰੀ ਵਾਜਪਾਈ ਦੀ ਸਖਸ਼ੀਅਤ ਨੂੰ ਜਿਵੇਂ ਸਭ ਵਰਗ ਮਸੀਹਾ ਬਣਾਉਣ ਵਿਚ ਲੱਗੇ ਹੋਏ ਹਨ, ਉਨ੍ਹਾਂ ਨੇ 1984 ਦੇ ਕਤਲੇਆਮ ਸੰਬੰਧੀ ਜਿੰਮੇਵਾਰੀ ਨਿਭਾਉਦੇ ਹੋਏ ਸਿੱਖ ਕੌਮ ਦੇ ਕਾਤਲਾਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਿਉਂ ਨਾ ਕੀਤਾ ? ਅਸੀਂ ਇਸ ਵਿਚਾਰਾਂ ਰਾਹੀ ਸ੍ਰੀ ਵਾਜਪਾਈ ਦੀ ਹਿੰਦੂ ਸਖਸ਼ੀਅਤ ਦਾ ਕੌਮੀਅਤ ਪੱਧਰ ਤੇ ਨਿਰਪੱਖਤਾ ਨਾਲ ਪ੍ਰੜਚੋਲ ਕਰ ਰਹੇ ਹਾਂ ਅਤੇ ਇਹ ਕੌਮੀ ਜ਼ਜਬਾਤ ਹਨ ਅਤੇ ਇਸ ਤੋਂ ਇਹ ਵੀ ਸਪੱਸਟ ਹੁੰਦਾ ਹੈ ਕਿ ਹਿੰਦੂ-ਹਿੰਦੂ ਹਨ, ਮੁਸਲਮਾਨ-ਮੁਸਲਮਾਨ ਹਨ ਅਤੇ ਸਿੱਖ-ਸਿੱਖ ਹਨ । ਸਭ ਨੂੰ ਆਪਣੀ ਕੌਮੀਅਤ ਪਿਆਰੀ ਹੈ । ਹਿੰਦੂ ਕੌਮੀਅਤ ਦੇ ਬਿਨ੍ਹਾਂ ਤੇ ਸ੍ਰੀ ਵਾਜਪਾਈ ਦੇ ਸਿੱਖਾਂ ਪ੍ਰਤੀ ਵਿਚਾਰਾਂ ਨੂੰ ਬਿਲਕੁਲ ਉਜਾਗਰ ਨਹੀਂ ਕੀਤਾ ਜਾ ਰਿਹਾ । ਜਦੋਂ ਮੈਂ 1999 ਵਿਚ ਮੈਂਬਰ ਪਾਰਲੀਮੈਂਟ ਸੀ, ਤਾਂ ਪਾਰਲੀਮੈਂਟ ਵਿਚ ਹਮੇਸ਼ਾਂ ਇਕ ਆਲ ਪਾਰਟੀ ਦੀ ਇਕ ਕਮੇਟੀ ਹੁੰਦੀ ਹੈ ਜੋ ਸੰਕਟ ਸਮੇਂ ਸਾਰੀਆ ਪਾਰਟੀਆ ਨੂੰ ਬੁਲਾਕੇ ਵਿਚਾਰ ਲਏ ਜਾਂਦੇ ਹਨ । ਸ੍ਰੀ ਵਾਜਪਾਈ ਆਪਣੀ ਸੀਟ ਤੇ ਬੈਠੇ ਸਨ । ਪਾਰਲੀਮੈਂਟ ਵਿਚ ਮੈਂ ਉਨ੍ਹਾਂ ਕੋਲ ਜਾ ਕੇ ਕਿਹਾ ਕਿ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹੈ । ਸਾਨੂੰ ਇਨ੍ਹਾਂ ਸਿਆਸੀ ਕਮੇਟੀ ਵਿਚ ਨਹੀਂ ਪਾਇਆ ਗਿਆ, ਤਾਂ ਉਨ੍ਹਾਂ ਦਾ ਜੁਆਬ ਸੀ ਕਿ ਤੁਹਾਡੇ ਕੋਲ ਤਾਂ ਕੇਵਲ ਇਕ ਹੀ ਸੀਟ ਹੈ ਫਿਰ ਮੈਂ ਉਨ੍ਹਾਂ ਨੂੰ 1984 ਦੇ ਉਸ ਸਮੇਂ ਦੀ ਯਾਦ ਦਿਵਾਉਦੇ ਹੋਏ ਕਿਹਾ ਕਿ ਜਦੋਂ ਬੀਜੇਪੀ-ਆਰ.ਐਸ.ਐਸ. ਕੋਲ ਪਾਰਲੀਮੈਟ ਵਿਚ ਦੋ ਹੀ ਸੀਟਾਂ ਸਨ ਤਾਂ ਉਹ ਕੋਈ ਜੁਆਬ ਨਾ ਦੇ ਸਕੇ ਚੁੱਪ ਰਹੇ ।