ਇਸਲਾਮਾਬਾਦ – ਕ੍ਰਿਕਟਰ ਤੋਂ ਰਾਜਨੀਤੀ ਵਿੱਚ ਆਏ ਇਮਰਾਨ ਖਾਨ ਨੇ ਸ਼ਨਿਚਰਵਾਰ ਨੂੰ ਇੱਕ ਖਾਸ ਸਮਾਗਮ ਦੌਰਾਨ ਪਾਕਿਸਤਾਨ ਦੇ 22ਵੇਂ ਪ੍ਰਧਾਨਮੰਤਰੀ ਦੇ ਰੂਪ ਵਿੱਚ ਸਹੁੰ ਚੁੱਕੀ। ਉਨ੍ਹਾਂ ਦੇ ਇਸ ਸਹੁੰ ਚੁੱਕ ਸਮਾਗਮ ਵਿੱਚ ਪੰਜਾਬ ਤੋਂ ਨਵਜੋਤ ਸਿੰਘ ਸਿੱਧੂ ਵੀ ਸ਼ਾਮਿਲ ਹੋਏ। ਸਿੱਧੂ ਦੇ ਇਲਾਵਾ ਪਾਕਿਸਤਾਨ ਦੇ ਵੀ ਹੋਰ ਵੱਡੇ ਨੇਤਾ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ। ਇਮਰਾਨ ਖਾਨ ਦੀ ਤੀਸਰੀ ਪਤਨੀ ਬੁਸ਼ਰਾ ਮੇਨਕਾ ਵੀ ਉਸ ਸਮੇਂ ਮੌਜੂਦ ਸੀ।
ਇਮਰਾਨ ਖਾਨ ਨੇ ਪ੍ਰਧਾਨਮੰਤਰੀ ਚੁਣੇ ਜਾਣ ਤੋਂ ਬਾਅਦ ਉਨ੍ਹਾਂ ਲੋਕਾਂ ਦੇ ਖਿਲਾਫ਼ ਕਾਰਵਾਈ ਕਰਨ ਦਾ ਵਾਅਦਾ ਕੀਤਾ ਹੈ ਜਿਨ੍ਹਾਂ ਨੇ ਦੇਸ਼ ਨੂੰ ਲੁਟਿਆ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਦੇ ਛੋਟੇ ਭਰਾ ਅਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਦੇ ਪ੍ਰਧਾਨ ਸ਼ਾਹਬਾਜ਼ ਦੀ ਪੈਐਮ ਦੇ ਅਹੁਦੇ ਦੀ ਉਮੀਦਵਾਰੀ ਨੂੰ ਲੈ ਕੇ ਵੀ ਵਿਰੋਧੀ ਦਲਾਂ ਵਿੱਚ ਵੀ ਸਾਫ਼ ਤੌਰ ਤੇ ਦਰਾਰ ਵਿਖਾਈ ਦੇ ਰਹੀ ਸੀ। ਬਿਲਾਵਲ ਭੁਟੋ ਦੀ ਅਗਵਾਈ ਵਾਲੀ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਨੇ 54 ਸੰਸਦ ਮੈਂਬਰ ਹੋਣ ਦੇ ਬਾਵਜੂਦ ਮੱਤਦਾਨ ਵਿੱਚ ਹਿੱਸਾ ਨਹੀਂ ਲਿਆ।
ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਚੇਅਰਮੈਨ 65 ਸਾਲਾ ਇਮਰਾਨ ਖਾਨ ਨੂੰ 176 ਵੋਟ ਮਿਲੇ, ਜਦੋਂ ਕਿ ਵਿਰੋਧੀ ਧਿਰ ਦੇ ਸ਼ਾਹਬਾਜ਼ ਨੂੰ 96 ਵੋਟ ਮਿਲੇ। ਸੰਸਦ ਵਿੱਚ ਉਸ ਸਮੇਂ ਅਜੀਬ ਸਥਿਤੀ ਪੈਦਾ ਹੋ ਗਈ ਜਦੋਂ ਨਤੀਜਿਆਂ ਦੇ ਐਲਾਨ ਦੇ ਸਮੇਂ ਵਿਰੋਧੀ ਦਲ ਦੇ ਸੰਸਦ ਮੈਂਬਰਾਂ ਨੇ ਚੋਰ-ਚੋਰ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਨਾਅਰੇ ਲਗਾਉਣ ਵਾਲੇ ਨਵਾਜ਼ ਸ਼ਰੀਫ਼ ਦੇ ਸਮੱਰਥਕ ਸਨ ਅਤੇ ਉਨ੍ਹਾਂ ਨੇ ਸਾਬਕਾ ਪੀਐਮ ਦੇ ਪੋਸਟਰ ਫੜੇ ਹੋਏ ਸਨ। ਇਸ ਹੰਗਾਮੇ ਕਾਰਣ ਸਪੀਕਰ ਕੈਸਰ ਨੂੰ 15 ਮਿੰਟ ਦੇ ਲਈ ਕਾਰਵਾਈ ਰੋਕਣੀ ਪਈ।