ਤਿਰੂਅਨੰਤਪੁਰਮ – ਕੇਰਲ ਵਿੱਚ ਭਾਰੀ ਵਰਖਾ ਅਤੇ ਭਿਆਨਕ ਹੜ੍ਹਾਂ ਨੇ ਹੁਣ ਤੱਕ 357 ਲੋਕਾਂ ਦੀ ਜਾਨ ਲੈ ਲਈ ਹੈ। ਸਿਰਫ਼ ਵੀਰਵਾਰ ਵਾਲੇ ਦਿਨ ਹੀ 106 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਹੈ। ਇੱਕ ਸਰਕਾਰੀ ਸਰਵੇ ਅਨੁਸਾਰ ਸਾਢੇੇ ਤਿੰਨ ਲੱਖ ਦੇ ਕਰੀਬ ਲੋਕ ਬੇਘਰ ਹੋ ਗਏ ਹਨ ਅਤੇ ਇਹ ਲੋਕ ਰਾਜ ਸਰਕਾਰ ਵੱਲੋਂ ਬਣਾਏ ਗਏ 2000 ਤੋਂ ਵੱਧ ਰਾਹਤ ਕੈਂਪਾਂ ਵਿੱਚ ਰਹਿਣ ਨੂੰ ਮਜ਼ਬੂਰ ਹਨ। ਹੜ੍ਹਾਂ ਨਾਲ ਪ੍ਰਭਾਵਿਤ 13 ਜਿਲ੍ਹਿਆਂ ਵਿੱਚ ਸਥਿਤੀ ਚਿੰਤਾਜਨਕ ਬਣੀ ਹੋਈ ਹੈ।
ਕੇਂਦਰ ਸਰਕਾਰ ਨੇ ਕੇਰਲ ਦੇ ਲਈ ਤੁਰੰਤ ਰਾਹਤ ਦੇ ਤੌਰ ਤੇ 500 ਕਰੋੜ ਜਾਰੀ ਕੀਤੇ ਹਨ। ਕੇਰਲ ਸਰਕਾਰ ਨੇ ਕੇਂਦਰ ਸਰਕਾਰ ਤੋਂ 2000 ਹਜ਼ਾਰ ਕਰੋੜ ਮੰਗੇ ਸਨ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕੇਰਲ ਵਿੱਚ ਆਏ ਹੜ੍ਹਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਰਾਸ਼ਟਰੀ ਬਿਪਤਾ ਘੋਸਿ਼ਤ ਕੀਤਾ ਜਾਣਾ ਚਾਹੀਦਾ ਹੈ। ਸੈਨਾ ਹੜ੍ਹਾਂ ਵਿੱਚ ਫਸੇ ਲੋਕਾਂ ਨੂੰ ਬਚਾਉਣ ਲਈ ਮੱਦਦ ਵਿੱਚ ਲਗੀ ਹੋਈ ਹੈ। ਹੈਲੀਕਾਪਟਰਾਂ ਦੁਆਰਾ ਮਹਿਲਾਵਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਸਥਾਨਕ ਮਛਿਆਰੇ ਵੀ ਆਪਣੀਆਂ ਕਿਸ਼ਤੀਆਂ ਰਾਹੀਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਵਿੱਚ ਸਹਾਇਤਾ ਕਰ ਰਹੇ ਹਨ।
ਰਾਜ ਦੇ ਮੁੱਖਮੰਤਰੀ ਪਿਨਰਾਈ ਦਾ ਕਹਿਣਾ ਹੈ ਕਿ ਅਜਿਹੀ ਤਬਾਹੀ ਪਿੱਛਲੇ 100 ਸਾਲਾਂ ਵਿੱਚ ਵੀ ਨਹੀਂ ਵੇਖੀ ਗਈ।
ਦੱਖਣ ਰੇਲਵੇ ਨੇ ਤਿੰਨ ਸਪੈਸ਼ਲ ਟਰੇਨਾਂ ਵਿੱਚ ਪੀਣ ਵਾਲਾ ਪਾਣੀ ਭਰ ਕੇ ਪ੍ਰਭਾਵਿਤ ਖੇਤਰਾਂ ਵਿੱਚ ਭੇਜਿਆ ਹੈ। ਮਹਿਲਾ ਅਤੇ ਬਾਲ ਵਿਕਾਸ ਵਿਭਾਗ ਨੇ 100 ਮੀਟ੍ਰਿਕ ਟਨ ਤਿਆਰ ਖਾਣੇ ਦੇ ਪੈਕਟ ਹੜ੍ਹਾਂ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਭੇਜੇ ਹਨ।
ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ 5 ਕਰੋੜ ਦੀ ਰਾਸ਼ੀ ਮੁੱਖਮੰਤਰੀ ਰਾਹਤ ਕੋਸ਼ ਵਿੱਚੋਂ ਅਤੇ 5 ਕਰੋੜ ਰੁਪੈ ਦੀ ਖਾਦ-ਸਮੱਗਰੀ ਅਤੇ ਹੋਰ ਸਾਮਾਨ ਦੇ ਰੂਪ ਵਿੱਚ ਭੇਜਿਆ ਜਾਵੇਗਾ। ਤਿਲੰਗਾਨ ਸੂਬੇ ਨੇ ਵੀ 25 ਕਰੋੜ ਰੁਪੈ ਦੀ ਮੱਦਦ ਦੇਣ ਦਾ ਐਲਾਨ ਕੀਤਾ ਹੈ।