ਸੈਂਡੀਆਗੋ – ਭਾਰਤੀਆਂ ਵੱਲੋਂ ਅਮਰੀਕਾ ਦੇ ਸੈਂਡੀਆਗੋ ਸ਼ਹਿਰ ਵਿਚ ਆਜ਼ਾਦੀ ਦਾ 72ਵਾਂ ਦਿਵਸ ਸ਼ਰਧਾ ਪੂਰਵਕ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਜਿਹੜੇ ਭਾਰਤੀ ਸੈਂਡੀਆਗੋ ਦੇ ਲੋਹਾਈਆ ਇਲਾਕੇ ਵਿਚ ਲੋਬਲ ਪਾਰਕ ਟਾਸਕਾਨਾ ਡਰਾਈਵ ਦੇ ਨਜ਼ਦੀਕ ਰਹਿੰਦੇ ਹਨ, ਉਨ੍ਹਾਂ ਦੇ ਮਾਪਿਆਂ ਨੇ ਭਾਰਤ ਦੀ ਆਜ਼ਾਦੀ ਦਾ ਦਿਵਸ ਇਥੇ ਨੋਬਲ ਪਾਰਕ ਵਿਚ ਪਰਿਵਾਰਾਂ ਸਮੇਤ ਮਨਾਇਆ। ਇਸ ਗੱਲ ਦਾ ਪ੍ਰਗਟਾਵਾ ਉਜਾਗਰ ਸਿੰਘ ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਨੇ ਕਰਦਿਆਂ ਕਿਹਾ ਕਿ ਇਸ ਮੌਕੇ ਤੇ ਬੁਲਾਰਿਆਂ ਨੇ ਆਜ਼ਾਦੀ ਦੀਆਂ ਬਰਕਤਾਂ ਬਾਰੇ ਬੋਲਦਿਆਂ ਕਿਹਾ ਕਿ ਭਾਵੇਂ ਭਾਰਤ ਨੇ ਕਾਫੀ ਤਰੱਕੀ ਕਰ ਲਈ ਹੈ ਪ੍ਰੰਤੂ ਅਜੇ ਵੀ ਭਾਰਤੀਆਂ ਨੂੰ ਹੋਰ ਵਿਸਥਾਰ ਨਾਲ ਸਹੂਲਤਾਂ ਦੇਣ ਦੀ ਲੋੜ ਹੈ ਤਾਂ ਜੋ ਉਹ ਦੇਸ ਦਾ ਨਾਮ ਸੰਸਾਰ ਵਿਚ ਹੋਰ ਵਧੇਰੇ ਚਮਕਾ ਸਕਣ। ਉਨ੍ਹਾਂ ਅੱਗੋਂ ਕਿਹਾ ਕਿ ਇਹ ਭਾਰਤ ਦੇ ਵਿਕਾਸ ਦੀ ਨਿਸ਼ਾਨੀ ਦਾ ਪ੍ਰਤੀਕ ਹੈ ਕਿ ਅੱਜ ਦਿਨ ਪੜ੍ਹੇ ਲਿਖੇ ਭਾਰਤੀ ਡਾਕਟਰ, ਇੰਜਿਨੀਅਰ ਅਤੇ ਵਿਗਿਆਨੀ ਅਮਰੀਕਾ ਵਿਚ ਪਹੁੰਚਕੇ ਨਾਮਣਾ ਖੱਟ ਰਹੇ ਹਨ , ਜਿਸ ਨਾਲ ਭਾਰਤ ਦਾ ਨਾਮ ਰੌਸ਼ਨ ਹੋ ਰਿਹਾ ਹੈ। ਆਈ ਟੀ ਦੇ ਖੇਤਰ ਵਿਚ ਭਾਰਤੀ ਇੰਜਿਨੀਅਰ ਅਮਰੀਕਾ ਦੀਆਂ ਵੱਡੀਆਂ ਕੰਪਨੀਆਂ ਵਿਚ ਸ਼ੋਭਾ ਵਧਾ ਰਹੇ ਹਨ। ਇਸ ਮੌਕੇ ਤੇ ਸਭਿਆਚਾਰਕ ਪ੍ਰੋਗਰਾਮ ਵੀ ਆਯੋਜਤ ਕੀਤਾ ਗਿਆ, ਜਿਸ ਵਿਚ ਦੇਸ਼ ਭਗਤੀ ਦੇ ਗੀਤ ਗਾਏ ਗਏ। ਸਮਾਗਮ ਦੇ ਸ਼ੁਰੂ ਅਤੇ ਅਖ਼ੀਰ ਵਿਚ ਕੌਮੀ ਗੀਤ ਦਾ ਗਾਇਨ ਕੀਤਾ ਗਿਆ। ਸਾਰੇ ਪਰਿਵਾਰਾਂ ਨੇ ਰਲਕੇ ਰਾਤ ਦਾ ਖਾਣਾ ਵੀ ਖਾਧਾ।