ਮਾਂ, ਮਾਂ ਹੁੰਦੀ ਹੈ , ਗੋਰੀ ਹੋਵੇ ਜਾਂ ਕਾਲੀ ,
ਠੰਢੜੀ ਛਾਂ ਹੁੰਦੀ ਹੈ ।
ਮਾਂ, ਮਾਂ ਹੁੰਦੀ ਹੈ ।
ਦੇ ਕੇ ਜਨਮ ਮਾਂ ਏਹ ਦੁਨੀਆਂ ਦਿਖਾਉਂਦੀ ਹੈ,
ਮੋਹ ,ਮਮਤਾ ਦਾ ਪਹਿਲਾ ਪਾਠ ਪੜਾਉਂਦੀ ਹੈ,
ਬੱਚਾ ਕਰੇ ਜੇ ਜਿੱਦ, ਨਾ ਬੁੱਲੀਂ ਏਦੇ ਨਾਂਹ ਹੁੰਦੀ ਹੈ,
ਮਾਂ, ਮਾਂ ਹੁੰਦੀ ਹੈ ।
ਸੁੱਕੀ ਥਾਂ ਤੇ ਪਾਵੇ ਬੱਚਾ, ਗਿੱਲੀ ਥਾਂ ਤੇ ਸੌਦੀ ਹੈ,
ਰਾਤਾਂ ਨੂੰ ਉਠ ਉਠ, ਬੱਚੇ ਨੂੰ ਦੁੱਧ ਪਿਆਉਂਦੀ ਹੈ,
ਕਦੇ ਨਾ ਸੋਚੇ ਸੁੱਤੀ ਕਿਹੜੀ ਥਾਂ ਹੁੰਦੀ ਹੈ,
ਮਾਂ, ਮਾਂ ਹੁੰਦੀ ਹੈ ।
ਬੱਚਿਆ ਦੀ ਖ਼ੁਸ਼ੀ ਲਈ ਨਿੱਤ ਅਰਦਾਸਾਂ ਕਰਦੀ ਹੈ,
ਆਵੇ ਕੋਈ ਦੁੱਖ ਤਾਂ ਰੱਬ ਬਣ ਕੇ ਖੜਦੀ ਹੈ,
ਤਾਂ ਹੀ ਤਾਂ ਸਿਰੋਂ ਦੂਰ ਹਰ ਬਲਾ ਹੁੰਦੀ ਹੈ ।
ਮਾਂ, ਮਾਂ ਹੁੰਦੀ ਹੈ ।
ਆਪਣੀਆਂ ਖੁਸ਼ੀਆਂ ਔਲਾਦ ਦੇ ਨਾਂਵੇਂ ਕਰ ਦੇਵੇ,
ਸੜ ਜਾਵੇ ਖ਼ੁਦ ਧੁੱਪੇ ਬੱਚਿਆਂ ਨੂੰ ਛਾਂਵਾ ਕਰ ਦੇਵੇ,
ਤਾਂਹੀਓਂ ਰੱਬ ਦਾ ਦੂਜਾ ਏਹ ਨਾਂ ਹੁੰਦੀ ਹੈ,
ਮਾਂ, ਮਾਂ ਹੁੰਦੀ ਹੈ ।
ਹਰ ਕੋਈ ਮਤਲਬੀ ਏਥੇ, ਗੁਰਬਾਜ ਏਹ ਜੱਗ ਕੇਹਾ,
ਨਿਰਸੁਆਰਥ ਨਾ ਵੇਖਿਆ ਮੈਂ, ਅਜੇ ਤੀਕ ਕੋਈ ਮਾਂ ਜੇਹਾ,
ਸਾਥ ਨਾ ਛੱਡੇ ਮਰਦੇ ਦਮ ਤੱਕ, ਐਸੀ ਬਾਂਹ ਹੁੰਦੀ ਹੈ,
ਮਾਂ, ਮਾਂ ਹੁੰਦੀ ਹੈ ।
ਗੋਰੀ ਹੋਵੇ ਜਾਂ ਕਾਲੀ, ਠੰਢੜੀ ਛਾਂ ਹੁੰਦੀ ਹੈ ।
ਮਾਂ, ਮਾਂ ਹੁੰਦੀ ਹੈ ।