ਮਹਿਤਾ ਚੌਕ / ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸ਼ਹੀਦੀ ਗੈਲਰੀ ਡਾਉਟ ਕਾਮ ਵੈਬ ਸਾਈਟ ਲਾਂਚ ਕੀਤੀ ਹੈ। ਇਹ ਵੈਬ ਸਾਈਟ ਸ਼ਹੀਦੀ ਗੈਲਰੀ ਸੰਬੰਧੀ ਸੰਗਤ ਨੂੰ ਵਧੇਰੇ ਜਾਣਕਾਰੀ ਦੇਣ ਦੇ ਮਕਸਦ ਨਾਲ ਬਣਾਈ ਗਈ ਹੈ। ਸ਼ਹੀਦੀ ਗੈਲਰੀ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਜੂਨ ’84 ਦੌਰਾਨ ਭਾਰਤੀ ਫ਼ੌਜ ਦੇ ਹਮਲੇ ਦਾ ਮੁਕਾਬਲਾ ਕਰਦਿਆਂ ਸ਼ਹੀਦੀਆਂ ਪਾ ਗਏ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਸਾਥੀ ਸਿੰਘਾਂ ਦੀ ਯਾਦ ‘ਚ ਉਸਾਰੇ ਗਏ ਗੁਰਦਵਾਰਾ ਯਾਦਗਾਰ ਸ਼ਹੀਦਾਂ ਦੀ ਜ਼ਮੀਨਦੋਜ਼ ਹਾਲ ਵਿਖੇ ਬਣਾਈ ਜਾ ਰਹੀ। ਇਸ ਵੈਬ ਸਾਈਟ ‘ਚ ਦਮਦਮੀ ਟਕਸਾਲ ਦੀਆਂ ਪ੍ਰਚਾਰ ਸਰਗਰਮੀਆਂ ਨੂੰ ਵੀ ਜਗਾ ਦਿਤੀ ਗਈ ਹੈ। ਅਤੇ ਜੂਨ ’84 ਦੇ ਹਮਲੇ ਦੌਰਾਨ ਸ੍ਰੀ ਦਰਬਾਰ ਸਾਹਿਬ ਸਮੂਹ ‘ਚ ਸ਼ਹੀਦ ਹੋਏ 894 ਨਾਵਾਂ ਦੀ ਪ੍ਰਾਪਤ ਸੂਚੀ ਤੋਂ ਇਲਾਵਾ ਹੁਣ ਤਕ ਪ੍ਰਾਪਤ 300 ਦੇ ਕਰੀਬ ਸ਼ਹੀਦਾਂ ਦੀਆਂ ਤਸਵੀਰਾਂ ਸ਼ਾਮਿਲ ਕੀਤੀਆਂ ਗਈਆਂ ਹਨ। ਉਨ੍ਹਾਂ ਦਸਿਆ ਕਿ ਬਾਕੀ ਸ਼ਹੀਦਾਂ ਦੀਆਂ ਤਸਵੀਰਾਂ ਇਕੱਤਰ ਕਰਨ ਦਾ ਕਾਰਜ ਤੇਜ਼ੀ ਜਾਰੀ ਹੈ। ਇਸ ਸਬੰਧੀ ਵੱਖ ਵੱਖ ਸਿੰਘ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹਨ। ਉਨ੍ਹਾਂ ਦਸਿਆ ਕਿ ਰਵਾਇਤੀ ਅਤੇ ਆਧੁਨਿਕਤਾ ਦੇ ਸੁਮੇਲ ਵਾਲੀ ਸ਼ਹੀਦੀ ਗੈਲਰੀ ਦਾ ਨਿਰਮਾਣ ਜਲਦ ਤੋਂ ਜਲਦ ਮੁਕੰਮਲ ਕਰ ਲਿਆ ਜਾਵੇਗਾ। ਇਸ ਮੌਕੇ ਦਮਦਮੀ ਟਕਸਾਲ ਮੁਖੀ ਨੇ ਹਰਿਆਣਾ ਦੇ ਹਿਸਾਰ ਵਿਖੇ ਸਿੱਖ ਪਰਿਵਾਰ ‘ਤੇ ਗੁੰਡਿਆਂ ਵਲੋਂ ਕੀਤਾ ਗਿਆ ਜਾਨ ਲੇਵਾ ਹਮਲਾ ਅਤੇ ਨੰਗੇ ਨਾਚ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਪੀੜਤਾਂ ਖ਼ਿਲਾਫ਼ ਹੀ ਪਰਚਾ ਕਰਦਿਆਂ ਮੁਲਜ਼ਮਾਂ ਨੂੰ ਬਚਾਉਣ ‘ਚ ਲਗੇ ਪੁਲੀਸ ਪ੍ਰਸ਼ਾਸਨ ਨੂੰ ਵੀ ਆੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਸਿਖ ਪਰਿਵਾਰ ਦੀ ਮਾਰਕੁਟਾਈ ਕਰਨ ਵਾਲਿਆਂ ਵਲੋਂ ਗਰਭਵਤੀ ਸਿਖ ਔਰਤ ਦੀ ਮਾਰ ਕੁਟ ਰਾਹੀਂ ਕਰੂਰ ਵਰਤਾਰੇ ਨੂੰ ਅੰਜਾਮ ਦੇਣਾ ਅਣਮਨੁੱਖੀ ਕਾਰਾ ਹੈ। ਉਨ੍ਹਾਂ ਕਿਹਾ ਕਿ ਸਿਖ ਪਰਿਵਾਰ ‘ਤੇ ਗੁੰਡਿਆਂ ਵਲੋਂ ਕੀਤਾ ਗਿਆ ਜਾਨ ਲੇਵਾ ਹਮਲਾ ਅਤੇ ਕਕਾਰਾਂ ਦੀ ਬੇਅਦਬੀ ਨੂੰ ਲੈ ਕੇ ਸਿੱਖ ਕੌਮ ‘ਚ ਭਾਰੀ ਰੋਸ ਹੈ। ਉਹਨਾ ਹਰਿਆਣਾ ਸਰਕਾਰ ਨੂੰ ਪੀੜਤ ਪਰਿਵਾਰ ਨੂੰ ਹਰ ਹਾਲ ‘ਚ ਇਨਸਾਫ਼ ਦਿਵਾਉਣ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ। ਉਨ੍ਹਾਂ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਭਾਰਤ ਵਿਚ ਸਿੱਖ ਕਿਤੇ ਵੀ ਸੁਰੱਖਿਅਤ ਨਹੀਂ ਰਿਹਾ ਹੈ, ਸਿਲਾਂਗ ਹੋਵੇ ਜਾਂ ਹਿਸਾਰ ਜਾਂ ਫਿਰ ਖਾਜੂਵਾਲਾ ਬੀਕਾਨੇਰ ਰਾਜਸਥਾਨ ਥਾਂ ਥਾਂ ਸਿੱਖਾਂ ਨੂੰ ਸੋਚੀ ਸਮਝੀ ਸਾਜ਼ਿਸ਼ ਤਹਿਤ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਭਾਰਤ ਵਿਚ ਨਿਤ ਸਿੱਖਾਂ ਨਾਲ ਦੂਜੇ ਦਰਜੇ ਦੇ ਸ਼ਹਿਰੀਆਂ ਵਾਲਾ ਵਰਤਾਰਾ ਹੋ ਰਿਹਾ ਹੈ, ਜਿਸ ਲਈ ਸਰਕਾਰਾਂ ਜ਼ਿੰਮੇਵਾਰ ਹਨ। ਉਨ੍ਹਾਂ ਸਿੱਖਾਂ ‘ਤੇ ਹੋ ਰਹੇ ਹਮਲਿਆਂ ਨੂੰ ਠਲ ਪਾਉਣ ਲਈ ਪੰਥ ਨੂੰ ਇਕ ਮੁੱਠ ਹੋਣ ਦੀ ਅਪੀਲ ਕੀਤੀ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਖ਼ਾਲਸਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਭਾਈ ਜਸਪਾਲ ਸਿੰਘ ਸਿੱਧੂ ਮੁੰਬਈ, ਜਥੇ: ਸੁਖਦੇਵ ਸਿੰਘ ਅਨੰਦਪੁਰ, ਭਾਈ ਚਮਕੌਰ ਸਿੰਘ ਅਤੇ ਪ੍ਰੋ: ਸਰਚਾਂਦ ਸਿੰਘ ਵੀ ਮੌਜੂਦ ਸਨ।
ਹਿਸਾਰ ‘ਚ ਸਿੱਖ ਪਰਿਵਾਰ ‘ਤੇ ਜਾਨ ਲੇਵਾ ਹਮਲਾ ਸਰਕਾਰਾਂ ਦਾ ਸਿੱਖਾਂ ਦੀ ਸੁਰੱਖਿਆ ਪ੍ਰਤੀ ਪਰਵਾਹ ਨਾ ਹੋਣ ਦਾ ਸਬੂਤ : ਬਾਬਾ ਹਰਨਾਮ ਸਿੰਘ ਖ਼ਾਲਸਾ
This entry was posted in ਪੰਜਾਬ.