ਪਰਮਜੀਤ ਸਿੰਘ ਬਾਗੜੀਆ,
ਲੁਧਿਆਣਾ ਸ਼ਹਿਰ ਦਾ ਦਿਲ ਮੰਨਿਆ ਜਾਂਦਾ ਘੰਟਾ ਘਰ ਵੱਖ ਵੱਖ ਤਰ੍ਹਾਂ ਦੀ ਖਰੀਦਦਾਰੀ ਦਾ ਕੇਂਦਰ ਰਿਹਾ ਹੈ ਇਸਦੇ ਨਾਲ ਹੀ ਇਥੇ ਵੱਖਰੀ ਤਰ੍ਹਾਂ ਦੀ ਖਰੀਦਦਾਰੀ ਵੀ ਜੋਰਾਂ ‘ਤੇ ਰਹੀ ਹੈ ਉਹ ਹੈ ਸਾਹਿਤਕ ਅਤੇ ਨਿਊਜ਼ ਮੈਟੀਰੀਅਲ ਭਾਵ ਅਖਬਾਰਾਂ ਅਤੇ ਮੈਗਜੀਨ ਰਸਾਲਿਆਂ ਦੇ ਨਾਲ ਨਾਲ ਆਮ ਜਾਣਕਾਰੀ ਨਾਲ ਸਬੰਧਤ ਪ੍ਰਕਾਸ਼ਤ ਸਮੱਗਰੀ ਦੀ ਖਰੀਦਦਾਰੀ। ਘੰਟਾ ਘਰ ਦੇ ਇਕ ਪਾਸੇ ਲਹੌਰ ਬੁਕ ਸ਼ਾਪ ਅਤੇ ਚੌੜੇ ਬਜਾਰ ਵਾਲੇ ਪਾਸੇ ਲਾਇਲ ਬੁੱਕ ਡਿਪੂ ਅਤੇ ਨਾਲ ਹੀ ਸਕੂਲਾਂ ਕਾਲਜਾਂ ਦੇ ਵਿਦਿਆਕ ਸਲੇਬਸ ਸਬੰਧੀ ਪੁਸਤਕਾਂ ਦਾ ਵਿੱਕਰੀ ਕੇਂਦਰ ਕਿਤਾਬ ਬਜਾਰ ਹੈ।
ਘੰਟਾ ਘਰ ਦੇ ਨਜਦੀਕ ਹੀ ਹੈ ਅਖਬਾਰਾਂ ਅਤੇ ਮੈਗਜੀਨ ਰਸਾਲਿਆਂ ਦੀ ਪੁਰਾਣੀ ਦੁਕਾਨ ਮਹਿੰਦਰਾ ਨਿਊਜ ਏਜੰਸੀ ਜਿੱਥੋ ਲੱਗਭਗ ਅੱਧਾ ਪੰਜਾਬ ਆਮ ਜਾਣਕਾਰੀ ਦੀਆਂ ਪੁਸਤਕਾਂ ਅਤੇ ਵੱਖ ਵੱਖ ਭਾਸ਼ਾਵਾਂ ਦੇ ਮੈਗਜੀਨ ਰਸਾਲੇ ਖਰੀਦਦਾ। ਇਸ ਦੁਕਾਨ ‘ਤੇ ਹਰ ਵੇਲੇ ਪਾਠਕਾਂ ਦੀ ਰੌਣਕ ਲੱਗੀ ਰਹਿੰਦੀ ਪਰ ਹੁਣ ਇਹ ਦੁਕਾਨ ਇਕ ਉਜਾੜ ਜਿਹਾ ਦ੍ਰਿਸ਼ ਪੇਸ਼ ਕਰਦੀ ਹੈ। ਕਤਾਰਾਂ ਬੰਨ੍ਹ ਕੇ ਲਾਏ ਮੈਗਜੀਨ ਹੁਣ ਨਹੀਂ ਦਿਸਦੇ। ਮੈਂ ਇਸ ਦੁਕਾਨ ‘ਤੇ ਕੋਈ 28 ਕੁ ਸਾਲਾਂ ਦਾ ਗਾਹਕ ਹਾਂ। ਕੁਝ ਚਿਰ ਬਾਅਦ ਚੱਕਰ ਲੱਗਾ ਹੋਣ ਕਰਕੇ ਦੁਕਾਨ ਦਾ ਵਿਰਾਨ ਦ੍ਰਿਸ਼ ਵੇਖ ਕੇ ਮੈਂ ਇਸਦੇ ਮਾਲਕ ਨੂੰ ਪੁੱਛੇ ਬਿਨ੍ਹਾਂ ਨਹੀਂ ਰਹਿ ਸਕਿਆ। ਮਹਿੰਦਰਾ ਪਰਿਵਾਰ ਦੀ ਦੂਜੀ ਪੀੜ੍ਹੀ ਵਿਚੋਂ ਨੌਜਵਾਨ ਵਿਨੈ ਮਹਿੰਦਰਾ ਨੇ ਦੱਸਿਆ ਕਿ ਅਖਬਾਰਾਂ ਦੀ ਇਹ ਏਜੰਸੀ ਮੇਰੇ ਪਿਤਾ ਸਵ. ਰਾਮ ਗੋਪਾਲ ਮਹਿੰਦਰਾ ਅਤੇ ਚਾਚਾ ਕ੍ਰਿਸ਼ਨ ਗੋਪਾਲ ਮਹਿੰਦਰਾ ਨੇ ਕੋਈ 40 ਸਾਲ ਪਹਿਲਾਂ ਸ਼ੁਰੂ ਕੀਤੀ ਸੀ। 1984 ਵਿਚ ਟ੍ਰਿਬਿਊਨ ਅਖਬਾਰ ਸਮੂਹ ਦੀ ਏਜੰਸੀ ਲੈਣ ਨਾਲ ਕਾਰੋਬਾਰ ਵਿਚ ਚੋਖਾ ਵਾਧਾ ਹੋਇਆ ਫਿਰ ਕੇਵਲ ਟੀਵੀ ਨੇ ਸਾਡੇ ਕਾਰੋਬਾਰ ਨੂੰ ਥੋੜੀ ਸੱਟ ਮਾਰੀ ਪਰ ਮੋਬਾਇਲ ਇੰਟਰਨੈੱਟ ਨੇ ਤਾਂ ਪ੍ਰਿਟਿੰਗ ਕਾਰੋਬਾਰ ਤਬਾਹ ਕਰਕੇ ਹੀ ਰੱਖ ਦਿੱਤਾ। ਉਨਹਾਂ ਦੱਸਿਆ ਕਿ ਅਖਬਾਰਾਂ ਦੇ ਨਾਲ ਨਾਲ ਵੱਖ ਵੱਖ ਭਾਸ਼ਾਵਾਂ ਦੇ ਮੈਗਜੀਨ ਰਸਾਲਿਆਂ ਦੀ ਹਮੇਸ਼ਾਂ ਹੀ ਭਾਰੀ ਮੰਗ ਰਹੀ ਹੈ। ਸਾਹਿਤਕ ਰਸਾਲੇ ਅਤੇ ਚਲੰਤ ਮੁੱਦਿਆਂ ਬਾਬਤ ਮੈਗਜੀਨ ਖੂਬ ਵਿਕਦੇ ਰਹੇ। ਇਥੋਂ ਤੱਕ ਕਿ ਦੁਕਾਨ ਦੱਕਣੀ ਭਾਸਾਈ ਰਸਾਲਿਆ ਦਾ ਕੇਂਦਰ ਵੀ ਮੰਨੀ ਜਾਂਦੀ ਸੀ ਜਿੱਥੇ ਤਾਮਿਲ, ਤੇਲਗੂ, ਕੰਨੜ ਅਤੇ ਮਲਿਆਲੀ ਭਾਸ਼ਾ ਦੇ ਮੈਗਜੀਨ ਚੋਖੀ ਗਿਣਤੀ ਵਿਚ ਵਿਕਦੇ ਰਹੇ ਹਨ। ਨਾਲ ਟ੍ਰੈਵਲ, ਇੰਟੀਰੀਅਰ ਡੈਕੋਰੇਸ਼ਨ, ਜੋਤਸ਼ ਸਾਸਤਰ, ਆਟੋਵਾਹਨ ਅਤੇ ਬਾਲ ਸਾਹਿਤ ਅਤੇ ਬਾਲ ਮਨੋਰੰਜਨ ਦੇ ਮੈਗਜੀਨਾਂ ਦੀ ਮੰਗ ਵੀ ਬਹੁਤ ਹੁੰਦੀ ਸੀ । ਪਰ ਹੁਣ ਇੰਟਰਨੈੱਟ ਦੀ ਸਹੂਲਤ ਵਾਲੀ ਨਵੀਂ ਪੀੜ੍ਹੀ ਖਬਰਾਂ ਅਤੇ ਆਮ ਜਾਣਕਾਰੀ ਪ੍ਰਾਪਤ ਕਰਨ ਦੇ ਰਵਾਇਤੀ ਸ੍ਰੋਤ ਤੋਂ ਮੁੱਖ ਮੋੜ ਗਈ ਹੈ। ਅੰਗਰੇਜੀ ,ਹਿੰਦੀ ਦੇ ਨਾਲ ਨਾਲ ਪੰਜਾਬੀ ਭਾਸਾਂ ਦੇ ਮੈਗਜੀਨ-ਰਸਾਲਿਆ ਦੀ ਵਿੱਕਰੀ ਨੂੰ ਵੀ ਵੱਡੀ ਢਾਅ ਲੱਗੀ ਹੈ ਸਿਰਫ ਜੇ ਥੋੜਾ ਬਚਿਆ ਹੈ ਉਹ ਹਨ ਮੁਕਾਬਲਾ ਪ੍ਰਖਿਆਵਾਂ ਸਬੰਧੀ ਪ੍ਰਕਾਸ਼ਨਾਵਾਂ ਦਾ ਕਾਰੋਬਾਰ । ਕਦੇ ਪੰਜਾਬੀ ਨਾਲ ਸਬੰਧਤ ਦੋ ਦਰਜਨ ਤੋਂ ਵੱਧ ਰਸਾਲੇ ਏਥੇ ਵਿੱਕਰੀ ਲਈ ਆਉਂਦੇ ਅਤੇ ਆਪਣੇ ਆਪਣੇ ਪਾਠਕਾਂ ਦੀ ਭੁੱਖ ਪੂਰੀ ਕਰਦੇ ਪਰ ਅੱਜ ਮੈਨੂੰ ਪੰਜਾਬੀ ਦਾ ਸਿਰਫ ਇਕ ਮੈਗਜੀਨ ਹੀ ਨਜਰੀਂ ਪਿਆ। ਕਦੇ ਏਥੇ ਅਮ੍ਰਿਤਾ ਪ੍ਰੀਤਮ ਦੇ ‘ਨਾਗਮਣੀ’, ਰਾਮਸਰੂਪ ਅਖਣੀ ਦਾ ‘ਕਹਾਣੀ ਪੰਜਾਬ’, ‘ਪੰਜ ਦਰਿਆ’, ‘ਪ੍ਰੀਤ ਲੜੀ’ ‘ਪੰਜਾਬੀ ਡਾਈਜੈਸਟ’ ਅਤੇ ਖੱਬੇ ਪੱਖੀ ਵਿਚਾਰਧਾਰਾ ਦੇ ਰਸਾਲਿਆ ਦੀ ਚੜ੍ਹਤ ਹੁੰਦੀ ਸੀ। ਪਰ ਹੁਣ ਇਹ ਸਭ ਬੀਤੇ ਜਮਾਨੇ ਦੀ ਗੱਲ ਹੋ ਗਈ। ਦੇਸ਼ ਦਾ ਸਭ ਤੋਂ ਵੱਡਾ ਪਬਲਿਸਿ਼ਗ ਹਾਊਸ ਮਨੋਰਮਾ ਪਬਲੀਕੇਸ਼ਨ ਵੀ ਆਪਣੀ ਹੋਂਦ ਲਈ ਸੰਘਰਸ਼ ਕਰ ਰਿਹਾ ਹੈ। ਪ੍ਰਕਾਸ਼ਨ ਕੰਪਨੀਆਂ ਆਪਣੀਆਂ ਕਿਤਾਬਾਂ ਤੇ ਮੈਗਜੀਨ ਅੱਧ ਮੁੱਲ ਉਪਰ ਸਿੱਧੇ ਪਾਂਠਕਾਂ ਦੇ ਘਰ ਭੇਜ ਰਹੀਆਂ ਹਨ ਅਜਿਹੇ ਹਾਲਾਤ ਵਿਚ ਇਨ੍ਹਾਂ ਦੀ ਪ੍ਰਚੂਨ ਵਿੱਕਰੀ ਸੰਭਵ ਹੀ ਨਹੀ। ਮਹਿੰਦਰਾ ਪਰਿਵਾਰ ਨੇ ਵੀ ਆਪਣੇ ਪੁਰਾਤਨ ਕਾਰੋਬਾਰ ਨੂੰ ਖਤਮ ਹੁੰਦਾ ਵੇਖ ਇਸੇ ਦੁਕਾਨ ਵਿਚ ਦੁੱਧ ਦੀ ਏਜੰਸੀ ਖੋਲ੍ਹ ਲਈ ਹੈ। ਸਚਮੁੱਚ ਕਦੇ ਪਾਠਕਾਂ ਦੇ ਰੌਣਕ ਮੇਲੇ ਵਾਲੀ ਦੁਕਾਨ ਹੁਣ ਵੀਰਾਨ ਜਿਹੀ ਨਜਰ ਆਉਂਦੀ ਹੈ।
ਪਰਮਜੀਤ ਸਿੰਘ ਬਾਗੜੀਆ
ਪਿੰਡ ਪਾਂਗਲੀਆਂ, ਡਾ: ਹੀਰਾਂ
ਜਿਲ੍ਹਾ ਲੁਧਿਆਣਾ-141112
ਮੋਬ 98147 65705
ਫੋਟੋ ਕੈਪਸ਼ਨ:ਮਹਿੰਦਰਾ ਨਿਊਜ ਏਜੰਸੀ ਦਾ ਵੀਰਾਨ ਜਿਹਾ ਦ੍ਰਿਸ਼ ।