ਅੰਮ੍ਰਿਤਸਰ – ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਗੁਰਬਾਣੀ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦਾ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਗਿਆ ਹੈ। ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਗੁਰਬਾਣੀ ਨਾਲ ਖਿਲਵਾੜ ਬਜਰ ਗੁਨਾਹ ਹੈ, ਦੋਸ਼ੀ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਉਕਤ ਮਾਮਲੇ ਨੂੰ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ‘ਚ ਵਿਚਾਰਿਆ ਜਾਵੇਗਾ ਅਤੇ ਬਣ ਦੀ ਕਾਰਵਾਈ ਹੋਵੇਗੀ।
ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਸ਼੍ਰੋਮਣੀ ਕਮੇਟੀ ਮੈਬਰਾਂ ਤੇ ਪੰਥਕ ਆਗੂਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਇਕ ਲਿਖਤੀ ਮੰਗ ਪ੍ਰਤਰ ਦਿੰਦਿਆਂ ਸੁਖੀ ਰੰਧਾਵਾ ਵਲੋਂ ਗੁਰਬਾਣੀ ਪ੍ਰਤੀ ਕੀਤੀ ਗਈ ਗੁਸਤਾਖੀ ਖਿਲਾਫ ਧਾਰਮਿਕ ਰਵਾਇਤਾਂ ਅਨੁਸਾਰ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਸ਼੍ਰੋਮਣੀ ਕਮੇਟੀ ਮੈਬਰ ਸ: ਰਜਿੰਦਰ ਸਿੰਘ ਮਹਿਤਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਮਗਵਿੰਦਰ ਸਿੰਘ ਖਾਪੜਖੇੜੀ, ਹਰਜਾਪ ਸਿੰਘ ਸੁਲਤਾਨ ਵਿੰਡ, ਅਮਰਜੀਤ ਸਿੰਘ ਬੰਡਾਲਾ, ਭਾਈ ਅਜਾਇਬ ਸਿੰਘ ਅਭਿਆਸੀ ਅਤੇ ਪ੍ਰੋ: ਸਰਚਾਂਦ ਸਿੰਘ ਨੇ ਮੰਗ ਪੱਤਰ ਵਿਚ ਕਿਹਾ ਕਿ ਜੇਲ੍ਹ ਮੰਤਰੀ ਅਤੇ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਪ੍ਰੈਸ ਕਾਨਫਰੰਸ ਦੌਰਾਨ ਗੁਰਬਣੀ ਨਾਲ ਖਿਲਵਾੜ ਕੀਤਾ ਹੈ। ਉਹਨਾਂ ਆਪਣੇ ਰਾਜਸੀ ਸਵਾਰਥ ਲਈ ਗੁਰੂ ਸਾਹਿਬਾਨ ਦੀ ਬਖਸ਼ਿਸ਼ ਕੀਤੀ ਧੁਰ ਕੀ ਬਾਣੀ ”( ਅੰਗ 356 ) ਆਸਾ ਮਹਲਾ 1 । ਆਪਿ ਕਰੇ ਸਚੁ ਅਲਖ ਅਪਾਰੁ। ਹਉ ਪਾਪੀ ਤੂੰ ਬਖਸਣਹਾਰੁ ” ਨਾਲ ਛੇੜ ਛਾੜ ਕਰਕੇ ਉਲਟਾਉਦਿਆਂ ”ਮੈਂ ਪਾਪੀ ਬਾਦਲ ਤੂੰ ਬਖਸ਼ਣ ਹਾਰ” ਕਹਿ ਕੇ ਬਜਰ ਪਾਪ ਕੀਤਾ ਹੈ। ਜਿਸ ਨਾਲ ਸਿੱਖ ਹਿਰਦਿਆਂ ਨੂੰ ਅਸਿਹ ਠੇਸ ਪਹੁਚੀ ਹੈ। ਉਹਨਾਂ ਕਿਹਾ ਕਿ ਜਦ ਰਾਮ ਰਾਏ ਨੇ ਗੁਰੂ ਪੁੱਤਰ ਹੁੰਦਿਆਂ ਔਰੰਗਜੇਬ ਦੇ ਦਰਬਾਰ ‘ਚ ਗੁਰਬਾਣੀ ਦੀ ਤੁੱਕ ਬਦਲੀ ਤਾਂ ਗੁਰੂ ਸਾਹਿਬ ਨੇ ਉਸ ਨੂੰ ਮੁੜ ਆਪਣੇ ਮੱਥੇ ਤੱਕ ਨਾ ਲਗਣ ਦਿਤਾ। ਇਸ ਲਈ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਕੀਤੀ ਗਈ ਬਜਰ ਪਾਪ ਲਈ ਉਸ ਖਿਲਾਫ ਰਵਾਇਤ ਅਨੁਸਾਰ ਕਾਰਵਾਈ ਕੀਤੀ ਜਾਵੇ। ਆਗੂਆਂ ਨੇ ਕਿਹਾ ਕਿ ਸੁਖੀ ਰੰਧਾਵਾ ਦਿਮਾਗੀ ਤਵਾਜਨ ਵਿਘੜ ਚੁਕਿਆ ਹੈ। ਦੁੱਖ ਦੀ ਗੱਲ ਹੈ ਕਿ ਸਿਆਸਤ ਅਤੇ ਸਤਾ ਦਾ ਨਸ਼ਾ ਸਿਰ ਚੜ ਕੇ ਬੋਲ ਰਿਹਾ ਹੈ ਅਤੇ ਗੁਰਬਾਣੀ ਦਾ ਸਤਿਕਾਰ ਗਵਾ ਰਿਹਾ ਹੈ। ਮੰਦ ਭਾਵਨਾ ਨਾਲ ਗੁਰਬਾਣੀ ਤੁਕ ਵਿਗਾੜਨੀ ਗੱਲਤ ਹੈ। ਵਿਧਾਇਕ ਸੁਖਪਾਲ ਭੁਲਰ ਵੀ ਅਰਦਾਸ ਦੀ ਮਹਿਮਾ ਦਾ ਨਿਰਾਦਰ ਕਰਦਿਆਂ ਅਜਿਹੀ ਹੀ ਗੱਲਤੀ ਕੀਤੀ ਹੈ। ਹਕੂਮਤ ਦੇ ਨਸ਼ੇ ‘ਚ ਚੂਰ ਅਜਿਹੇ ਲੋਕਾਂ ਨੂੰ ਠਲ੍ਹ ਪਾਉਣੀ ਜਰੂਰੀ ਹੈ। ਜਿਸ ਲਈ ਉਹ ਜਥੇਦਾਰ ਸਾਹਿਬ ਨੁੰ ਬੇਨਤੀ ਕਰਦੇ ਹਨ ਕਿ ਉਹ ਅਜਿਹੇ ਲੋਕਾਂ ਨੂੰ ਤੁਰੰਤ ਸੰਮਨ ਕਰੇ ਤੇ ਕਾਰਵਾਈ ਕਰੇ।