ਨਿਊਯਾਰਕ/ਟਰਾਂਟੋ :- ਵਿਦੇਸ਼ਾਂ ਵਿੱਚ ਘੁੱਗ ਵੱਸਦੇ ਸਿੱਖ ਭਾਈਚਾਰਾ ਦੇ ਮਹੌਲ ਵਿੱਚ ਕੁੜੱਤਣ ਪੈਦਾ ਕਰਨ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਮਨਜੀਤ ਜੀ.ਕੇ. ਜਿ਼ੰਮੇਵਾਰ ਹੈ। ਨਿਊਯਾਰਕ ਅਤੇ ਯੂਬਾ ਸਿਟੀ ਵਿੱਚ ਵਾਪਰੀਆਂ ਘਟਨਾਵਾਂ ਜੀ.ਕੇ. ਦੀ ਗੈਰ ਜਿ਼ੰਮੇਵਾਰਨਾ ਬਿਆਨਬਾਜੀ ਦਾ ਸਿੱਟਾ ਹਨ। ਇਹ ਵਿਚਾਰ ਸਾਂਝੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ ਐਸ ਏ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਬਿਆਨ ਦਿੱਤਾ ਜਾਂਦਾ ਹੈ।
ਨਿਊਯਾਰਕ ਅਤੇ ਯੂਬਾ ਸਿਟੀ ਵਿੱਚ ਜੀ. ਕੇ. ਨੂੰ ਸ਼ੀਸ਼ਾ ਵਿਖਾਉਣ ਵਾਲੀ ਸੰਗਤ ਦਾ ਇਸ ਗੱਲੋਂ ਵੀ ਧੰਨਵਾਦ ਕਿ ਉਨ੍ਹਾਂ ਕਿਸੇ ਪੱਖੋਂ ਵੀ ਪਹਿਲਕਦਮੀ ਨਹੀਂ ਕੀਤੀ ਸਗੋਂ ਸੁਆਲ ਜੁਆਬ ਕਰਨ ਦੇ ਮਨੋਰਥ ਨਾਲ ਪੁੱਜੇ ਵੀਰਾਂ ਨੂੰ ਗਲਤ ਬਿਆਨਬਾਜ਼ੀ ਕਰਕੇ ਜੀ.ਕੇ. ਅਤੇ ਉਸਦੇ ਸਾਥੀਆਂ ਨੇ ਮਜਬੂਰ ਕੀਤਾ।
ਕੈਨੇਡਾ ਅਤੇ ਅਮਰੀਕਾ ਵਿੱਚ ਹੋਰ ਵੀ ਅਕਾਲੀ ਆਗੂ ਆਉਂਦੇ ਹਨ ਅਤੇ ਆਪਣਾ ਦੌਰਾ ਕਰਕੇ ਵਾਪਿਸ ਚਲੇ ਜਾਂਦੇ ਹਨ, ਕਿਸੇ ਨਾਲ ਕੋਈ ਤਕਰਾਰ ਨਹੀਂ ਹੋਇਆ, ਪਰ ਜੀ.ਕੇ. ਕਿਸੇ ਸਿੱਖਾਂ ਵਿੱਚ ਭਰਾ ਮਾਰੂ ਜੰਗ ਨੂੰ ਅੰਜਾਮ ਦੇਣ ਦੇ ਮਕਸਦ ਨਾਲ ਆਉਂਦਾ ਹੈ। ਇਹ ਵਿਚਾਰ ਸ੍ਰ. ਬੂਟਾ ਸਿੰਘ ਖੜੌਦ, ਕਨਵੀਨਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ ਐਸ ਏ ਨੇ ਦਿੱਤੇ।
ਨਿਊਯਾਰਕ ਅਤੇ ਯੂਬਾ ਸਿਟੀ ਵਿੱਚ ਵਾਪਰੀਆਂ ਘਟਨਾਵਾਂ ਦਾ ਜਿ਼ੰਮੇਵਾਰ ਖੁਦ ਜੀ.ਕੇ. ਹੈ ਜਿਸ ਨੇ ਆਪਣੀ ਬਿਆਨਬਾਜ਼ੀ ਵਿੱਚ ਖਾਲਿਸਤਾਨ ਦੀ ਮੁਹਿੰਮ ਖਿਲਾਫ ਘਟੀਆ ਬਿਆਨਬਾਜ਼ੀ ਕੀਤੀ ਹੈ। ਜੀ. ਕੇ.. ਵਲੋਂ ਵਰਤੇ “ਬਾਂਹ ਪਾ ਦਿਆਂਗੇ” ਵਰਗੇ ਅਨੈਤਿਕ ਲਫਜ ਉਸਦੀ ਦੁਰਦਸ਼ਾ ਦਾ ਕਾਰਨ ਬਣੇ ਹਨ। ਇਹ ਵਿਚਾਰ ਸੁਖਮਿੰਦਰ ਸਿੰਘ ਹੰਸਰਾ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਨੇ ਦਿੱਤੇ।
ਉਕਤ ਆਗੂਆਂ ਨੇ ਕਿਹਾ ਕਿ ਇਸ ਤੋਂ ਬਾਅਦ ਸੇਨ ਹੋਜ਼ੇ ਗੁਰਦੁਆਰਾ ਆਉਣ ਲਈ ਬਜਿੱਦ ਜੀ.ਕੇ. ਨੂੰ ਸੰਗਤ ਦੇ ਰੋਹ ਅੱਗੇ ਝੁੱਕਣਾ ਪਿਆ ਅਤੇ ਸੇਨ ਹੋਜ਼ੇ ਦੇ ਨਾਲ ਨਾਲ ਫਰਿਜ਼ਨੋ ਗੁਰਦੁਆਰਾ ਸਾਹਿਬ ਜਾਣ ਦੇ ਪ੍ਰੋਗਰਾਮ ਵੀ ਕੈਂਸਲ ਕਰਨੇ ਪਏ। ਵਿਦੇਸ਼ਾਂ ਵਿੱਚ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਬਾਦਲ ਦਲ ਦੇ ਸਮੂਹ ਮੈਂਬਰਾਂ ਪ੍ਰਤੀ ਸੰਗਤ ਦੇ ਮਨ੍ਹਾਂ ਅੰਦਰ ਭਾਰੀ ਰੋਹ ਹੈ। ਆਉਣ ਵਾਲੇ ਦਿਨ੍ਹਾਂ ਅੰਦਰ ਅਜਿਹੀਆਂ ਘਟਨਾਵਾਂ ਦੇ ਵਾਪਰਨ ਤੋਂ ਰੋਕਣ ਲਈ ਬਾਦਲ ਦਲ ਦਾ ਮੁਕੰਮਲ ਬਾਈਕਾਟ ਕਰਨ ਬਾਰੇ ਵਿਚਾਰਾਂ ਕੀਤੀਆਂ ਜਾਣਗੀਆਂ।
ਹੁਣ ਖਾਲਿਸਤਾਨੀ ਸਫਾਂ ਵਿੱਚ ਵਿਚਰਨ ਵਾਲੇ ਸਮੂਹ ਪੰਥਕ ਲੋਕਾਂ ਨੂੰ ਬਾਦਲ ਦਲੀਆਂ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ।