ਟਰਾਂਟੋ-ਕੈਨੇਡਾ (ਡੇਲੀ ਬਿਊਰੋ) “ਰਾਜ ਬਿਨ੍ਹਾਂ ਨਹੀਂ ਧਰਮ ਚਲੇ ਹੈਂ” ਦੇ ਮਹਾਂਵਾਕ ਅਨੁਸਾਰ ਰਾਜ ਹੀਣ ਕੌਮਾਂ ਦਾ ਧਰਮ ਸੁਰੱਖਿਅਤ ਨਹੀਂ ਰਹਿੰਦਾ। ਇਹ ਆਲਮ ਗੁਲਾਮੀ ਦੀ ਚੱਕੀ ਵਿੱਚ ਪਿੱਸ ਰਹੀ ਸਿੱਖ ਕੌਮ ਦਾ ਬਣਿਆ ਹੋਇਆ ਹੈ ਕਿ ਸਾਡੇ ਧਾਰਮਿਕ ਅਸਥਾਨਾਂ ਤੋਂ ਬਾਅਦ ਹੁਣ ਧਾਰਮਿਕ ਗ੍ਰੰਥ ਵੀ ਬੇਅਦਬੀ ਦਾ ਸਿ਼ਕਾਰ ਹੋ ਰਹੇ ਹਨ। ਉਹ ਵੀ ਸਰਕਾਰਾਂ ਆਪ ਕਰਵਾ ਰਹੀਆਂ ਹਨ। ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੇ ਸੱਚ ਉਘਾੜ ਕੇ ਸੰਸਾਰ ਦੇ ਸਾਹਮਣੇ ਰੱਖ ਦਿੱਤਾ ਹੈ ਕਿ ਵੋਟ ਰਾਜਨੀਤੀ ਕਰਦਿਆਂ ਸੂਬੇ ਦੇ ਮੁ਼ਖੀ ਪ੍ਰਕਾਸ਼ ਬਾਦਲ, ਗ੍ਰਹਿ ਮੰਤਰੀ ਸੁਖਬੀਰ ਬਾਦਲ, ਸੂਬੇ ਦੇ ਪੁਲੀਸ ਮੁਖੀ ਸੁਮੇਧ ਸੈਣੀ, ਆਈ ਜੀ ਪਰਮਜੀਤ ਸਿੰਘ ਉਮਰਾਨੰਗਲ, ਡੀ ਆਈ ਜੀ ਅਮਰ ਸਿੰਘ ਚਾਹਲ ਅਤੇ ਤਿੰਨ ਐਸ ਐਸ ਪੀ, ਐਸ ਐਸ ਮਾਨ, ਚਰਨਜੀਤ ਸ਼ਰਮਾ ਅਤੇ ਰਘਬੀਰ ਸਿੰਘ ਸਮੇਤ ਵੋਟ ਬੈਂਕ ਦੇ ਮਾਲਕ ਡੇਰੇਦਾਰ ਗੁਰਮੀਤ ਰਾਮ ਰਹੀਮ ਨੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਰਹਿਮੀ ਨਾਲ ਬੇਅਦਬੀ ਕੀਤੀ ਹੈ।
ਹੈਰਾਨੀ ਉਸ ਵੇਲੇ ਹੋਈ ਜਦੋਂ ਪੰਜਾਬ ਸੂਬੇ ਦੇ ਮੌਜੂਦਾ ਮੁਖੀ ਕੈਪਟਨ ਅਮਰਿੰਦਰ ਸਿੰਘ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਅੱਗੇ ਜਾਂਚ ਕਰਨ ਲਈ ਸਪੈਸ਼ਲ ਟੀਮ ਦਾ ਗਠਨ ਕਰਨ ਦਾ ਮਤਾ ਪੇਸ਼ ਕਰਕੇ ਪੰਜਾਬ ਅਤੇ ਵਿਦੇਸ਼ਾਂ ਦੇ ਟੈਲੀਵਿਯਨ ਨਾਲ ਜੁੜੇ ਸਿੱਖਾਂ ਦੇ ਹਿਰਦੇ ਫੇਰ ਵਲੂੰਧਰ ਦਿੱਤੇ।
ਬਰਗਾੜੀ ਇਨਸਾਫ ਮੋਰਚੇ ਦੀ ਮੁੱਖ ਮੰਗ ਤੇ ਅਮਲ ਕਰਦਿਆਂ ਪੰਜਾਬ ਸਰਕਾਰ ਨੂੰ ਤੁਰੰਤ ਪ੍ਰਕਾਸ਼ ਬਾਦਲ, ਸੁਖਬੀਰ ਬਾਦਲ, ਸੁਮੇਧ ਸੈਣੀ, ਉਮਰਾਨੰਗਲ ਅਤੇ ਗੁਰਮੀਤ ਰਾਮ ਰਹੀਮ ਖਿਲਾਫ ਕੇਸ ਦਰਜ ਕਰਕੇ ਗ੍ਰਿਫਤਾਰੀਆਂ ਕਰਨੀਆਂ ਚਾਹੀਦੀਆਂ ਹਨ। ਉਕਤ ਬਿਆਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਅਤੇ ਪਰਮਿੰਦਰ ਸਿੰਘ ਪਾਂਗਲੀ ਨੇ ਸਾਂਝੇ ਤੌਰ ਤੇ ਦਿੱਤੇ। ਉਕਤ ਆਗੂਆਂ ਨੇ ਕਿਹਾ ਕਿ ਲੋਕਤੰਤਰਤਾ ਵਿੱਚ ਜਦੋਂ ਨਿਆਂਪ੍ਰਣਾਲੀ ਦੇ ਕਿਸੇ ਸੀਨੀਅਰ ਮੈਂਬਰ ਨੇ ਪੜਤਾਲੀਆ ਰਿਪੋਰਟ ਤਿਆਰ ਕਰਕੇ ਸਰਕਾਰ ਨੂੰ ਪੇਸ਼ ਕਰ ਦਿੱਤੀ ਤਾਂ ਸਰਕਾਰ ਕੋਲ ਉਸ ਉਪਰ ਅਮਲ ਕਰਨ ਤੋਂ ਬਿਨ੍ਹਾਂ ਹੋਰ ਕੋਈ ਰਾਹ ਨਹੀਂ ਹੁੰਦਾ ਜਦਕਿ ਪੰਜਾਬ ਸਰਕਾਰ ਇਹ ਫਾਇਲ ਕਦੇ ਸੀ ਬੀ ਆਈ ਨੂੰ ਮੁੜ ਪੜਤਾਲ ਕਰਨ ਲਈ ਸੌਂਪਣ ਦੀ ਗੱਲ ਕਰਦੀ ਹੈ ਅਤੇ ਕਦੇ ਸਪੇਸ਼ਲ ਇਨਵੈਸਟੀਗੇਸ਼ਨ ਟੀਮ ਬਣਾ ਕੇ ਵਕਤ ਟਪਾਉਣ ਦੀ ਰਾਜਨੀਤੀ ਕਰ ਰਹੀ ਹੈ। ਹੰਸਰਾ ਨੇ ਕਿਹਾ ਕਿ ਅਗਰ ਕੈਪਟਨ ਸਰਕਾਰ ਤੁਰੰਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਪਾਏ ਗਏ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਨਹੀਂ ਕਰਦੀ ਤਾਂ ਦੇਸ਼ ਵਿਦੇਸ਼ ਵਿੱਚ ਬਾਦਲ ਦੇ ਪੁਤਲਿਆਂ ਦੇ ਨਾਲ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਪੁਤਲੇ ਫੂਕਣੇ ਸ਼ੁਰੂ ਹੋ ਜਾਣਗੇ।