ਨਵੀਂ ਦਿੱਲੀ- ਬੀਜੇਪੀ ਦੇ ਮਹਾਂਰਾਸ਼ਟਰ ਦੇ ਵਿਧਾਇਕ ਰਾਮ ਕਦਮ ਮੂਰਖਤਾ ਵਾਲਾ ਬਿਆਨ ਦੇ ਕੇ ਆਪਣੇ ਆਪ ਲਈ ਨਵੀਂ ਮੁਸੀਬਤ ਖੜ੍ਹੀ ਕਰ ਲਈ ਹੈ। ਘਾਟਕੋਪਰ ਵਿਧਾਨ ਸਭਾ ਖੇਤਰ ਵਿੱਚ ‘ਦਹੀਂ ਹਾਂਡੀ’ ਸਮਾਗਮ ਦੌਰਾਨ ਨੌਜਵਾਨਾਂ ਨੂੰ ਕਿਹਾ ਕਿ ਜੇ ਉਨ੍ਹਾਂ ਨੂੰ ਕੋਈ ਲੜਕੀ ਪਸੰਦ ਹੈ ਤਾਂ ਉਹ ਉਸਨੂੰ ‘ਅਗਵਾ’ ਵੀ ਕਰ ਸਕਦੇ ਹਨ। ਬੇਸ਼ੱਕ ਉਹ ਲੜਕੀ ਉਸ ਲੜਕੇ ਨਾਲ ਨਾਲ ਰਿਸ਼ਤਾ ਬਣਾਉਣ ਤੋਂ ਮਨ੍ਹਾਂ ਕਰ ਚੁੱਕੀ ਹੋਵੇ।
ਬੀਜੇਪੀ ਵਿਧਾਇਕ ਰਾਮ ਕਦਮ ਇੱਕ ਵੀਡੀਓ ਕਲਿਪ ਵਿੱਚ ਨੌਜਵਾਨਾਂ ਨੂੰ ਕਹਿ ਰਹੇ ਹਨ, ‘ ਆਪ ਲੋਕ ਮੈਨੂੰ ਕਿਸੇ ਵੀ ਸਿਲਸਿਲੇ ਵਿੱਚ ਮਿਲ ਸਕਦੇ ਹੋ।’ ਫਿਰ ਉਨ੍ਹਾਂ ਨੇ ਕਿਹਾ ਕਿ ਕੁਝ ਨੌਜਵਾਨਾਂ ਨੇ ਮੈਨੂੰ ਬੇਨਤੀ ਕੀਤੀ ਹੈ ਕਿ ਲੜਕੀਆਂ ਵੱਲੋਂ ਠੁਕਰਾਏ ਜਾਣ ਦੇ ਮਾਮਲੇ ਵਿੱਚ ਉਨ੍ਹਾਂ ਦੀ ਮੱਦਦ ਕੀਤੀ ਜਾਵੇ।
ਇਸ ਤੋਂ ਬਾਅਦ ਕਦਮ ਕਹਿੰਦੇ ਹਨ, ‘ ਮੈਂ 100 ਫੀਸਦੀ ਤੁਹਾਡੀ ਮੱਦਦ ਕਰਾਂਗਾ। ਤੁਸੀਂ ਆਪਣੇ ਪਰਿਵਾਰ ਦੇ ਨਾਲ ਮੇਰੇ ਕੋਲ ਆ ਜਾਵੋ। ਜੇ ਉਹ ਵੀ ਤੁਹਾਡੇ ਨਾਲ ਸਹਿਮੱਤ ਹੋਣਗੇ ਤਾਂ ਮੈਂ ਤੁਹਾਡੀ ਸਹਾਇਤਾ ਕਰਾਂਗਾ। ਆਪ ਨਾਲ ਸਬੰਧਿਤ ਲੜਕੀ ਨੂੰ ਅਗਵਾ ਕਰਕੇ ਸ਼ਾਦੀ ਦੇ ਲਈ ਆਪ ਨੂੰ ਸੌਂਪ ਦੇਵਾਂਗਾ।’ ਰਾਮ ਕਦਮ ਵੀਡੀਓ ਵਿੱਚ ਉਥੇ ਮੌਜੂਦ ਜਨਤਾ ਦੀ ਭੀੜ ਨੂੰ ਆਪਣਾ ਮੋਬਾਇਲ ਨੰਬਰ ਸਾਂਝਾ ਕਰਨ ਲਈ ਵੀ ਕਹਿੰਦੇ ਸੁਣਾਈ ਦੇ ਰਹੇ ਹਨ।
ਰਾਮ ਕਦਮ ਦੇ ਇਸ ਵਿਵਾਦਤ ਬਿਆਨ ਦੀ ਸੱਭ ਪਾਸਿਆਂ ਤੋਂ ਸਖਤ ਆਲੋਚਨਾ ਹੋ ਰਹੀ ਹੈ। ਐਨਸੀਪੀ ਨੇ ਇਸ ਬਾਰੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਸ ਬਿਆਨ ਨਾਲ ਸਤਾਧਾਰੀ ਪਾਰਟੀ ਦਾ ਰਾਵਣ ਵਰਗਾ ਚਿਹਰਾ ਸਾਹਮਣੇ ਆ ਗਿਆ ਹੈ।