ਇਸਲਾਮਾਬਾਦ : ਪਾਕਿਸਤਾਨ ਦੀ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਸੰਸਥਾਪਕ ਮੈਂਬਰਾਂ ਵਿੱਚ ਸ਼ਾਮਿਲ ਡਾ. ਆਰਿਫ਼ ਅਲਵੀ ਨੂੰ ਮੰਗਲਵਾਰ ਨੂੰ ਦੇਸ਼ ਦਾ ਨਵਾਂ ਰਾਸ਼ਟਰਪਤੀ ਚੁਣ ਲਿਆ ਹੈ। ਅਲਵੀ ਪਾਕਿਸਤਾਨ ਪੀਪਲਜ਼ ਪਾਰਟੀ ਦੇ ਉਮੀਦਵਾਰ ਇਤਜ਼ਾਜ਼ ਅਹਿਸਨ ਅਤੇ ਪਾਕਿਸਤਾਨ ਮੁਸਲਿਮ ਲੀਗ-ਐਨ ਦੇ ਉਮੀਦਵਾਰ ਮੌਲਾਨਾ ਫਜ਼ਲ ਉਰ ਰਹਿਮਾਨ ਨੂੰ ਤਿਕੋਣੇ ਮਾਮਲੇ ਵਿੱਚ ਹਰਾ ਕੇ ਪਾਕਿਸਤਾਨ ਦੇ 13ਵੇਂ ਰਾਸ਼ਟਰਪਤੀ ਬਣੇ।
ਦੇਸ਼ ਦੀ ਨੈਸ਼ਨਲ ਅਸੈਂਬਲੀ ਅਤੇ ਸੈਨਿਟ ਵਿੱਚ ਪਈਆਂ ਕੁਲ 430 ਵੋਟਾਂ ਵਿੱਚੋਂ ਅਲਵੀ ਨੂੰ 212 ਵੋਟ ਮਿਲੇ, ਰਹਿਮਾਨ ਨੁੰ 131 ਅਤੇ ਅਹਿਸਨ ਨੂੰ 81 ਵੋਟ ਮਿਲੇ। 6 ਵੋਟ ਖਾਰਿਜ਼ ਕਰ ਦਿੱਤੇ ਗਏ। ਬਲੋਚਿਸਤਾਨ ਦੇ ਨਵੇਂ ਚੁਣੇ ਗਏ 60 ਸੰਸਦ ਮੈਂਬਰਾਂ ਵਿੱਚੋਂ 45 ਨੇ ਅਲਵੀ ਨੂੰ ਵੋਟ ਦਿੱਤੇ। ਪੀਪੀਪੀ ਦੇ ਪ੍ਰਭਾਵ ਵਾਲੀ ਸਿੰਧ ਵਿਧਾਨ ਸਭਾ ਵਿੱਚ ਅਹਿਸਨ ਨੂੰ 100 ਵੋਟ ਮਿਲੇ, ਜਦੋਂ ਕਿ ਅਲਵੀ ਨੂੰ ਇਥੇ ਕੇਵਲ 56 ਵੋਟ ਮਿਲੇ। ਰਹਿਮਾਨ ਨੂੰ ਸਿਰਫ਼ ਇੱਕ ਹੀ ਵੋਟ ਮਿਲਿਆ।
ਖ਼ੈਬਰ ਪਖਤੂਨਖਵਾ ਵਿਧਾਨ ਸਭਾ ਵਿੱਚ ਅਲਵੀ ਨੂੰ 109 ਵਿੱਚੋਂ 78 ਵੋਟ ਮਿਲੇ। ਰਹਿਮਾਨ ਨੂੰ 26 ਅਤੇ ਅਹਿਸਨ ਨੂੰ 5 ਵੋਟ ਮਿਲੇ। ਮੌਜੂਦਾ ਰਾਸ਼ਟਰਪਤੀ ਮਮਨੂਨ ਹੁਸੈਨ ਦਾ ਕਾਰਜਕਾਲ 8 ਸਿਤੰਬਰ ਨੂੰ ਸਮਾਪਤ ਹੋ ਰਿਹਾ ਹੈ।