ਕੈਲਗਰੀ: ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਆਪਣੀ ਹਰ ਇਕੱਤਰਤਾ ਵਿੱਚ, ਆਪਣੇ ਮੈਂਬਰਾਂ ਨੂੰ, ਹਰ ਪਹਿਲੂ ਤੇ ਨਵੀਂ ਤੋਂ ਨਵੀਂ ਜਾਣਜਾਰੀ ਦੇਣ ਲਈ ਵਚਨਬੱਧ ਹੈ। ਇਸੇ ਤਹਿਤ ਬਹੁਤ ਸਾਰੇ ਚਲੰਤ ਮਾਮਲਿਆਂ ਤੇ ਵਿਚਾਰ ਵਟਾਂਦਰੇ ਜਾਂ ਲੈਕਚਰ ਕਰਵਾਏ ਜਾਂਦੇ ਹਨ। ‘ਬਾਕੀ ਦੀਆਂ ਗੱਲਾਂ ਛੱਡੋ- ਪਹਿਲਾਂ ਸਿਹਤ ਜਰੂਰੀ ਏ’ ਤੇ ਅਮਲ ਕਰਦਿਆਂ ਹੋਇਆਂ ਇਸ ਵਾਰੀ, ਪਹਿਲੀ ਸਤੰਬਰ ਨੂੰ ਵੀ ਇੱਕ ਅਜੇਹਾ ਪ੍ਰੋਗਰਾਮ ਉਲੀਕਿਆ ਗਿਆ।
ਇਸ ਸੰਸਥਾ ਵਲੋਂ, ਮੈਂਬਰਾਂ ਦੇ ਮਨੋਰੰਜਨ ਦਾ ਧਿਆਨ ਰੱਖਦੇ ਹੋਏ, ਸਤੰਬਰ ਦੇ ਪਹਿਲੇ ਸ਼ਨੀਵਾਰ, ਪਰੇਰੀ ਵਿੰਡ ਪਾਰਕ ਦੀ ਰਮਣੀਕ ਜਗ੍ਹਾ ਤੇ, ਸਭ ਨੂੰ ਪਿਕਨਿਕ ਮਨਾਉਣ ਲਈ ਸੱਦਾ ਦਿੱਤਾ ਗਿਆ। ਠੰਢੀ ਹਵਾ ਦੇ ਬਾਵਜੂਦ ਸਭ ਭੈਣਾਂ, ਆਪਣੇ ਹੱਥੀਂ ਵੰਨ-ਸੁਵੰਨੇ ਪਕਵਾਨ ਬਣਾ ਕੇ, ਬਾਰਾਂ ਕੁ ਵਜੇ, ਪਾਰਕ ਵਿੱਚ ਪਬਲਿਕ ਲਈ ਬਣੇ ਸ਼ੈੱਡ ਵਿੱਚ, ਹੁੰਮ-ਹੁੰਮਾ ਕੇ ਪਹੁੰਚ ਗਈਆਂ। ਪ੍ਰਬੰਧਕਾਂ ਵਲੋਂ, ਇਸ ਪਿਕਨਿਕ ਤੇ- ਇੱਕ ਯੋਗਾ ਇੰਨਸਟਰੱਕਟਰ ਲੜਕੀ ਰਛਪਾਲ ਕੌਰ ਅਤੇ ਜਵਾਨ ਪੀੜ੍ਹੀ ਦੀ ਤਰਜ਼ਮਾਨੀ ਕਰਦੀ- ਡਾਕਟਰ ਪੂਨਮ ਕੌਰ ਨੂੰ ਵੀ ਸੱਦਾ ਦਿੱਤਾ ਗਿਆ ਸੀ। ਗੁਰਦੀਸ਼ ਕੌਰ ਗਰੇਵਾਲ ਨੇ ਇਹਨਾਂ ਦੋਹਾਂ ਦੀ ਜਾਣ ਪਛਾਣ ਕਰਵਾਈ।
ਰਛਪਾਲ ਨੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ, ਸਾਰੇ ਮੈਂਬਰਾਂ ਨੂੰ ਯੋਗਾ ਦੇ ਮਹੱਤਵ ਤੇ ਲੋੜ ਤੋਂ ਇਲਾਵਾ- ਸਾਹ ਪ੍ਰਕ੍ਰਿਆ ਨੂੰ ਬੈਲੈਂਸ ਕਰਕੇ, ਰੋਗਾਂ ਤੋਂ ਬਚਣ ਦੇ ਤਰੀਕੇ ਵੀ ਦਸੇ। ਡਾ. ਪੂਨਮ ਨੇ ਵੀ ਮਨੁੱਖੀ ਸਰੀਰ ਤੇ ਉਸ ਦੀ ਦਿਮਾਗੀ ਬਣਤਰ ਨੂੰ, ਮੈਡੀਕਲ ਸਾਇੰਸ ਰਾਹੀਂ ਬਿਆਨ ਕਰਨ ਵਿੱਚ ਉਸ ਦਾ ਸਾਥ ਦਿੱਤਾ। ਇਸ ਯੋਗਾ ਮਾਹਿਰ ਨੇ, ਸੀਨੀਅਰਰਜ਼ ਨੂੰ ਦਰਪੇਸ਼ ਸਮੱਸਿਆਵਾਂ ਜਿਵੇਂ- ਐਸਡਿਟੀ ਦੀ ਸਮੱਸਿਆ, ਗੈਸ ਦਾ ਬਨਣਾ, ਨੀਂਦ ਘੱਟ ਆਉਣਾ, ਯਾਦ ਸ਼ਕਤੀ ਦਾ ਘਟਣਾ ਆਦਿ ਲਈ- ਵਿਸ਼ੇਸ਼ ਮੁਦਰਾਵਾਂ, ਆਸਨ ਤੇ ਐਕੂਪ੍ਰੈਸ਼ਰ ਪੁਆਇੰਟਸ ਦਬਾਉਣ ਦੀ ਪ੍ਰੈਕਟਿਸ ਕਰਵਾਈ। ਉਹਨਾਂ ਕਿਹਾ ਕਿ- ਧਿਆਨ ਦੀ ਪ੍ਰੈਕਟਿਸ ਰਾਹੀਂ ਕੋਈ ਬੰਦਾ ਆਪਣੀ ਦਿਮਾਗੀ ਸ਼ਕਤੀ, ਆਮ ਨਾਲੋਂ ਦਸ ਗੁਣਾ ਵਧਾ ਸਕਦਾ ਹੈ। ਉਸ ਨੇ ਆਪਣੇ ਨਿੱਜੀ ਤਜਰਬੇ ਸਾਂਝੇ ਕਰਦੇ ਹੋਏ ਕਿਹਾ ਕਿ- ਸਾਢੇ ਸਤਾਰਾਂ ਸਾਲ ਦੀ ਉਮਰ ਵਿੱਚ ਯੋਗਾ ਜੁਆਇੰਨ ਕਰਨ ਬਾਅਦ, ਉਸ ਦਾ ਦਿਮਾਗ ਇੰਨਾ ਤੇਜ਼ ਹੋ ਗਿਆ ਕਿ- ਕਾਲਜ ਲਾਇਬ੍ਰੇਰੀ ਦੀ ਇੱਕ ਵਾਰ ਪੜ੍ਹੀ ਹੋਈ ਕਿਤਾਬ ਦੇ, ਬੰਦ ਪਈ ਹੋਣ ਤੇ ਵੀ ਉਹ ਦੱਸ ਸਕਦੀ ਸੀ ਕਿ- ਕਿਤਾਬ ਦੇ ਕਿੰਨੇ ਸਫੇ ਤੇ ਕੀ ਲਿਖਿਆ ਹੈ? ਉਸ ਨੇ ਇਹ ਵੀ ਇੱਛਾ ਜ਼ਾਹਿਰ ਕੀਤੀ ਕਿ- ਉਹ ਕੈਲਗਰੀ ਨਿਵਾਸੀਆਂ ਦੇ ਬੱਚਿਆਂ ਨੂੰ ‘ਕਿਡਜ਼ ਯੋਗਾ’ ਰਾਹੀਂ ਤੰਦਰੁਸਤ ਤੇ ਤੇਜ਼ ਦਿਮਾਗ ਵਾਲੇ ਬਨਾਉਣਾ ਚਾਹੁੰਦੀ ਹੈ। ਸਭ ਮੈਂਬਰਾਂ ਨੇ ਭਰਪੂਰ ਤਾੜੀਆਂ ਨਾਲ ਉਸ ਦੇ ਇਸ ਵਿਚਾਰ ਦਾ ਸੁਆਗਤ ਕੀਤਾ। ਸਭਾ ਦੇ ਪ੍ਰਧਾਨ ਡਾ ਬਲਵਿੰਦਰ ਕੌਰ ਬਰਾੜ, ਕੋ-ਆਰਡੀਨੇਟਰ ਗੁਰਚਰਨ ਥਿੰਦ ਤੇ ਸੈਕਟਰੀ ਗੁਰਦੀਸ਼ ਗਰੇਵਾਲ ਵਲੋਂ ਰਛਪਾਲ ਕੌਰ ਦਾ ਵੋਲੰਟੀਅਰ ਸੇਵਾਵਾਂ ਦੇਣ ਲਈ ਅਤੇ ਡਾ. ਪੂਨਮ ਦਾ, ਸਭਾ ਦੀ ਪਿਕਨਿਕ ਦਾ ਹਿੱਸਾ ਬਨਣ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਨਾਲ ਹੀ, ਅੱਠ ਸਤੰਬਰ ਤੋਂ ਸਭਾ ਦੀ ਹਫਤਾਵਾਰ ਰੈਗੂਲਰ ਯੋਗਾ ਕਲਾਸ ਸ਼ੁਰੂ ਹੋਣ ਦੀ, ਅਤੇ 15 ਸਤੰਬਰ ਨੂੰ ਮਾਸਿਕ ਮੀਟਿੰਗ ਹੋਣ ਦੀ, ਸੂਚਨਾ ਵੀ ਸਾਂਝੀ ਕੀਤੀ ਗਈ।
ਉਸ ਤੋਂ ਬਾਅਦ ਸਭ ਨੇ, ਘਰਾਂ ਤੋਂ ਲਿਆਂਦੇ ਪਕਵਾਨ- ਸਾਗ, ਮਿੱਸੀਆਂ ਰੋਟੀਆਂ, ਪੂੜੇ, ਖੀਰ, ਮਿੱਠੇ ਚੌਲ, ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ, ਸਲਾਦ, ਰਾਇਤਾ, ਪਰੌਂਠੇ ਆਦਿ ਦਾ ਲੰਚ ਕਰਨ ਬਾਅਦ- ਵੈਜੀ ਰੋਲਜ਼, ਸਮੋਸੇ, ਬੇਸਣ, ਰਸਗੁੱਲੇ, ਜਲੇਬੀਆਂ ਦਾ ਵੀ ਚਾਹ ਨਾਲ ਆਨੰਦ ਮਾਣਿਆਂ। ਹੁਣ ਤੱਕ ਮੌਸਮ ਬਹੁਤ ਖੁਸ਼ਗਵਾਰ ਹੋ ਗਿਆ ਸੀ। ਤੁਸੀਂ ਜਾਣਦੇ ਹੀ ਹੋ ਕਿ- ਪੰਜਾਬਣਾਂ ਜਦ ਕਿਸੇ ਖੁਲ੍ਹੇ-ਡੁਲ੍ਹੇ ਮਹੌਲ ‘ਚ ਵਿਚਰਦੀਆਂ ਹਨ ਤਾਂ ਉਹ ਆਪਣਾ ਸ਼ੌਕ ਜਰੂਰ ਪੁਰਾ ਕਰਦੀਆਂ ਹਨ। ਸੋ ਹੁਣ ਭੈਣਾਂ ਨੇ ਗਿੱਧੇ ਦਾ ਪਿੜ ਲਾ ਲਿਆ। ਇੱਕ ਡੇੜ ਘੰਟਾ ਸਭ ਪੰਜਾਬਣਾਂ ਨੇ ਤਰ੍ਹਾਂ ਤਰ੍ਹਾਂ ਦੀਆਂ ਬੋਲੀਆਂ- ‘ਗਿੱਧੇ ਵਿੱਚ ਪਾਉਣ ਭੜਥੂ, ਮਾਝੇ ਮਾਲਵੇ ਦੁਆਬੇ ਦੀਆਂ ਜੱਟੀਆਂ’, ‘ਆ ਕੇ ਤੱਕ ਲੈ ਨੀ ਬੁੱਢੇ ਹੋਏ ਜਵਾਨ..’ ‘ਤੈਨੂੰ ਧੁੱਪ ਲਗਦੀ, ਸੜੇ ਕਾਲਜਾ ਮੇਰਾ’ ‘ਪੜ੍ਹੀ ਨਾਰ ਉਮਰ ਦਾ ਗਹਿਣਾ ਮੁੰਡਿਓ’ ‘ਅੱਡੀ ਵੱਜੂ ਤਾਂ ਧਮਕਾਂ ਪੈਣਗੀਆਂ’ ਆਦਿ ਪਾ ਕੇ ਖੂਬ ਰੰਗ ਬੰਨ੍ਹਿਆਂ। ਤਿੰਨ ਘੰਟੇ ਕੁਦਰਤ ਦੀ ਗੋਦ ਦਾ ਭਰਪੂਰ ਆਨੰਦ ਮਾਨਣ ਤੋਂ ਬਾਅਦ, ਸਭਾ ਦੇ ਮੈਂਬਰਾਂ ਨੇ ਅਜੇਹੇ ਸਾਰਥਕ ਪ੍ਰੋਗਰਾਮ ਉਲੀਕਣ ਲਈ, ਕਾਰਜਕਾਰੀ ਕਮੇਟੀ ਦਾ ਧੰਨਵਾਦ ਕਰਦਿਆਂ ਹੋਇਆਂ, ਅੱਗੋਂ ਵੀ ਅਜੇਹੇ ਉਪਰਾਲੇ ਕਰਨ ਦਾ ਸੁਝਾਅ ਦਿੱਤਾ। ਸੋ ਇਸ ਤਰ੍ਹਾਂ ਇਹ ਪਿਕਨਿਕ ਵੀ ਲਾਹੇਵੰਦ ਹੋ ਨਿਬੜੀ। ਵਧੇਰੇ ਜਾਣਕਾਰੀ ਲਈ- ਬਲਵਿੰਦਰ ਕੌਰ ਬਰਾੜ 403-590-9629, ਗੁਰਚਰਨ ਥਿੰਦ 403-402-9635 ਜਾਂ ਗੁਰਦੀਸ਼ ਕੌਰ ਗਰੇਵਾਲ ਨਾਲ 403-404-1450 ਤੇ ਸੰਪਰਕ ਕੀਤਾ ਜਾ ਸਕਦਾ ਹੈ।