ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ, ਪਾਰਟੀ ਦੇ ਖਿਲਾਫ਼ ਮੀਡੀਆ ਅਤੇ ਸੋਸ਼ਲ ਮੀਡੀਆ ’ਤੇ ਚਲ ਰਹੇ ਨਾ ਪੱਖੀ ਪ੍ਰਚਾਰ ਦਾ ਜਵਾਬ ਹਾਂ ਪੱਖੀ ਪ੍ਰਚਾਰ ਦੇ ਜਰੀਏ ਦੇ ਕੇ ਵਿਰੋਧੀਆਂ ਦੇ ਭੰਡੀ ਪ੍ਰਚਾਰ ਦਾ ਲੱਕ ਤੋੜੇਗਾ। ਇਸ ਗੱਲ ਦਾ ਫੈਸਲਾ ਅੱਜ ਪਾਰਟੀ ਦੀ ਕੋਰ ਕਮੇਟੀ ਦੀ ਦਿੱਲੀ ਦਫ਼ਤਰ ਵਿਖੇ ਹੋਈ ਮੀਟਿੰਗ ਦੌਰਾਨ ਲਿਆ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਪ੍ਰਧਾਨਗੀ ਅਤੇ ਪ੍ਰਭਾਰੀ ਬਲਵਿੰਦਰ ਸਿੰਘ ਭੁੰਦੜ ਦੀ ਸਰਪ੍ਰਸਤੀ ਹੇਠ ਹੋਈ ਮੀਟਿੰਗ ’ਚ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ, ਮੀਤ ਪ੍ਰਧਾਨ ਹਰਮਨਜੀਤ ਸਿੰਘ, ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ, ਸੀਨੀਅਰ ਆਗੂ ਅਵਤਾਰ ਸਿੰਘ ਹਿਤ, ਕੁਲਦੀਪ ਸਿੰਘ ਭੋਗਲ ਅਤੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਰਣਜੀਤ ਕੌਰ ਸਣੇ ਕਈ ਕਮੇਟੀ ਮੈਂਬਰ ਮੌਜੂਦ ਸਨ।
ਪਾਰਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਰ ਕਮੇਟੀ ਇਸ ਮਾਮਲੇ ’ਚ ਇੱਕਮੱਤ ਸੀ ਕਿ ਨਾ ਪੱਖੀ ਪ੍ਰਚਾਰ ਦਾ ਮੁਕਾਬਲਾ ਹਾਂ ਪੱਖੀ ਪ੍ਰਚਾਰ ਨਾਲ ਕੀਤਾ ਜਾਵੇ। ਨਾਲ ਹੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ’ਤੇ ਮਨਾਉਣ ਦਾ ਵੀ ਫੈਸਲਾ ਲਿਆ ਗਿਆ। ਉਨ੍ਹਾਂ ਦੱਸਿਆ ਕਿ 2019 ’ਚ ਦਿੱਲੀ ਵਿਖੇ 1 ਲੱਖ ਲੋਕਾਂ ਦੀ ਖਮਤਾ ਵਾਲੇ ਸਥਾਨ ’ਤੇ ਕਮੇਟੀ ਵੱਲੋਂ ਸਰਬ ਧਰਮ ਸੰਮੇਲਨ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਜਿਸ ’ਚ ਦੇਸ਼-ਵਿਦੇਸ਼ ਦੀ ਸੰਗਤਾਂ ਹਾਜ਼ਰੀ ਭਰਨ ਗੀਆਂ। ਇਹ ਪ੍ਰੋਗਰਾਮ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਦੇ ਮਨੁੱਖੀ, ਸਮਾਜਿਕ, ਧਾਰਮਿਕ, ਵਿਦਿਅਕ ਅਤੇ ਰਾਜਸੀ ਪੱਖ ਨੂੰ ਸਮੂਹ ਧਰਮਾਂ ਦੀ ਵਿਚਾਰਧਾਰਕ ਕਸਵੱਟੀ ’ਤੇ ਪਰਖਣ ਦਾ ਜਤਨ ਕਰੇਗਾ।
ਪਰਮਿੰਦਰ ਨੇ ਦੱਸਿਆ ਕਿ ਇਸ ਵੱਡੇ ਪ੍ਰੋਗਰਾਮ ਤੋਂ ਪਹਿਲਾਂ ਅਕਾਲੀ ਦਲ ਵੱਲੋਂ ਵੀ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਵੱਡਾ ਇਕੱਠ ਕਰਕੇ ਗੁਰੂ ਸਾਹਿਬ ਦੀ ਸਿੱਖਿਆਵਾਂ ਨੂੰ ਸੰਗਤਾਂ ਤਕ ਪਹੁੰਚਾਇਆ ਜਾਵੇਗਾ। ਇਸਦੇ ਨਾਲ ਹੀ ਸ਼ਤਾਬਦੀ ਸਮਾਗਮਾਂ ਦੀ ਤਿਆਰੀ ਸੰਬੰਧੀ ਦਿੱਲੀ ਦੇ ਸਮੂਹ 46 ਵਾਰਡਾਂ ’ਚ ਅਕਾਲੀ ਦਲ ਅਤੇ ਕਮੇਟੀ ਮੈਂਬਰਾਂ ਵੱਲੋਂ ਮੀਟਿੰਗਾਂ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। ਵਾਰਡਾਂ ’ਚ ਹੋਣ ਵਾਲੀਆਂ ਮੀਟਿੰਗਾ ਦੌਰਾਨ ਸ਼ਤਾਬਦੀ ਸਮਾਗਮਾਂ ਦਾ ਖਰੜਾ, ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਜਾਣਕਾਰੀ, ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਸੱਚ, ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਦਾ ਹਲਫ਼ਨਾਮਾ, ਬੇਅਬਦੀ ਮਾਮਲਿਆਂ ਦੀ ਜਾਂਚ ਕਰ ਰਹੇ ਡੀ.ਆਈ.ਜੀ. ਰਣਬੀਰ ਸਿੰਘ ਖਟੜਾ ਦੀ ਰਿਪੋਰਟ ਅਤੇ ਕਾਂਗਰਸ ਦੀਆਂ ਸਿੱਖ ਮਾਰੂ ਕਰਤੂਤਾਂ ਨੂੰ ਵੀ ਸੰਗਤਾਂ ਦੀ ਕੱਚਹਿਰੀ ’ਚ ਰੱਖਿਆ ਜਾਵੇਗਾ।
ਪਰਮਿੰਦਰ ਨੇ ਕਿਹਾ ਕਿ ਜਦੋਂ ਬੇਅਦਬੀ ਮਾਮਲਿਆਂ ਨੂੰ ਲੈ ਕੇ ਅਕਾਲੀ ਦਲ ਦੀ ਚੋਤਰਫ਼ਾ ਘੇਰੇਬੰਦੀ ਦੀ ਵਿਰੋਧੀਆਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਸ ਮਾਹੌਲ ’ਚ ਪਾਰਟੀ ਦਾ ਸੰਗਤਾਂ ’ਚ ਜਾਣਾ ਦਿਲੇਰਾਨਾ ਫੈਸਲਾ ਹੋਣ ਦੇ ਨਾਲ ਹੀ ਵਿਰੋਧੀਆਂ ਦੇ ਭੰਡੀ ਪ੍ਰਚਾਰ ਦੀ ਧਾਰ ਨੂੰ ਖਤਮ ਕਰਨ ’ਚ ਸਹਾਈ ਹੋਵੇਗਾ। ਕੋਰ ਕਮੇਟੀ ਦਾ ਮੰਨਣਾ ਸੀ ਕਿ ਜੀ.ਕੇ. ਦੇ ਖਿਲਾਫ਼ ਹੋਏ ਹਮਲੇ ਪਿੱਛੇ ਗੁਆਂਡੀ ਮੁਲਕ ਪਾਕਿਸਤਾਨ ਦੀ ਖੁਫਿਆ ਏਜੰਸੀ ਆਈ.ਐਸ.ਆਈ. ਦੀ ਵੱਡੀ ਭੂਮਿਕਾ ਹੈ। ਕਿਉਂਕਿ ਭਾਰਤ ਨੂੰ ਤੋੜਨ ਦੇ ਏਜੰਡੇ ’ਤੇ ਹਰ ਵਾਰ ਪਾਕਿਸਤਾਨ ਨੂੰ ਸਿੱਖਾਂ ਕਰਕੇ ਹਾਰ ਝੱਲਣੀ ਪਈ ਹੈ। ਇਸ ਕਰਕੇ ਪਾਕਿਸਤਾਨ ਮਜਬੂਤ ਸਿੱਖ ਲੀਡਰਸ਼ਿਪ ਨੂੰ ਡਰਾਉਣ ਜਾਂ ਬਦਨਾਮ ਕਰਨ ਦੀ ਸਾਜਿਸ਼ਾ ਕਰਦਾ ਰਹਿੰਦਾ ਹੈ। ਇਹ ਹਮਲਾ ਜੀ.ਕੇ. ’ਤੇ ਨਾ ਹੋ ਕੇ ਦੇਸ਼ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ’ਤੇ ਹਮਲਾ ਸੀ।