ਨਵੀਂ ਦਿੱਲੀ : ਨਿਸ਼ਕਾਮ ਸੇਵਾ ਦੇ ਪੁੰਜ ਭਾਈ ਘਨ੍ਹਈਆਂ ਜੀ ਦੀ ਤੀਜ਼ੀ ਅਕਾਲ ਪਿਆਣਾ ਸ਼ਤਾਬਦੀ ਨੂੰ ਸਮਰਪਿਤ ‘‘ਭਾਈ ਘਨ੍ਹਈਆਂ ਜੀ ਸੰਦੇਸ਼ ਯਾਤਰਾ’’ ਦਾ ਅੱਜ ਦਿੱਲੀ ਪੁੱਜਣ ’ਤੇ ਭਰਵਾਂ ਸਵਾਗਤ ਕੀਤਾ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਯੂ.ਪੀ. ਤੋਂ ਆਏ ਨਗਰ ਕੀਰਤਨ ਦਾ ਅਨੰਦ ਵਿਹਾਰ ਨੇੜੇ ਸਵਾਗਤ ਕੀਤਾ ਗਿਆ। ਸਕੂਲੀ ਬੱਚਿਆਂ ਨੇ ਬੈਂਡ ਦੀ ਧੁੰਨ ’ਤੇ ਯਾਤਰਾ ਨੂੰ ਜੀ ਆਇਆ ਕਿਹਾ। ਕਮੇਟੀ ਮੈਂਬਰ ਜਤਿੰਦਰ ਪਾਲ ਸਿੰਘ ਗੋਲਡੀ, ਭੂਪਿੰਦਰ ਸਿੰਘ ਭੁੱਲਰ ਅਤੇ ਜਸਮੇਨ ਸਿੰਘ ਨੌਨੀ ਨੇ ਸੇਵਾਪੰਥੀ ਅੱਡਣਸ਼ਾਹੀ ਸਭਾ ਦੇ ਪ੍ਰਧਾਨ ਮਹੰਤ ਕਰਮਜੀਤ ਸਿੰਘ ਸੇਵਾਪੰਥੀ ਅਤੇ ਮੀਤ ਪ੍ਰਧਾਨ ਮਹੰਤ ਕਾਹਨ ਸਿੰਘ ਸੇਵਾਪੰਥੀ ਨੂੰ ਸਿਰੋਪਾਊ ਦੇ ਕੇ ਸਨਮਾਨਿਤ ਕੀਤਾ।
4 ਤੋਂ 7 ਸਤੰਬਰ ਤਕ ਯਾਤਰਾ ਦਿੱਲੀ ਰਹੇਗੀ।ਯਾਤਰਾ ਅੱਜ ਪੂਰਬੀ ਦਿੱਲੀ ਤੋਂ ਮਥੁਰਾ ਰੋਡ ਹੁੰਦੀ ਹੋਈ ਫਰੀਦਾਬਾਦ ਨੂੰ ਚਲੀ ਗਈ। ਦਿੱਲੀ ਵਿਖੇ ਸੰਗਤਾਂ ਨੇ ਵੱਡੀ ਗਿਣਤੀ ’ਚ ਅਨੰਦ ਵਿਹਾਰ, ਵਿਵੇਕ ਵਿਹਾਰ, ਝਿੱਲਮਿਲ, ਕ੍ਰਿਸ਼ਨਾ ਨਗਰ, ਝੀਲ, ਗੀਤਾ ਕਾਲੋਨੀ, ਸ਼ੱਕਰਪੁਰ, ਗੁਰਦੁਆਰਾ ਬਾਲਾ ਸਾਹਿਬ, ਅਪੋਲੋ ਹਸਪਤਾਲ ਅਤੇ ਬਦਰਪੁਰ ਨੇੜੇ੍ਹ ਸੜਕਾਂ ਤੇ ਖੜੇ ਹੋ ਕੇ ਦਰਸ਼ਨ ਕੀਤੇ। ਕੱਲ੍ਹ ਯਾਤਰਾ ਫਰੀਦਾਬਾਦ ਤੋਂ ਤੁਗਲਕਾਬਾਦ, ਗੁਰਦੁਆਰਾ ਮੋਤੀਬਾਗ ਸਾਹਿਬ ਹੁੰਦੀ ਹੋਈ ਜੇਲ੍ਹ ਰੋਡ ’ਤੇ ਗੁਰਦੁਆਰਾ ਛੋਟੇ ਸਾਹਿਬਜਾਦੇ ਵਿਖੇ ਰਾਤ੍ਰੀ ਵਿਸ਼ਰਾਮ ਕਰੇਗੀ। ਇਥੇ ਦੱਸ ਦੇਈਐ ਕਿ ਭਾਈ ਘਨ੍ਹਈਆ ਜੀ ਦੇ ਜੀਵਨ ਤੋਂ ਪ੍ਰੇਰਣਾ ਲੈਣ ਲਈ ਦਿੱਲੀ ਕਮੇਟੀ ਵੱਲੋਂ ਨੌਜਵਾਨਾਂ ਨੂੰ ਭਾਈ ਘਨ੍ਹਈਆ ਜੀ ਬ੍ਰਿਗੇਡ ਦਾ ਮੈਂਬਰ ਬਣਾਉਣ ਦੀ ਮੁਹਿੰਮ ਕਮੇਟੀ ਦੀ ਵੈਬਸਾਈਟ ਜਰੀਏ ਉਲੀਕੀ ਗਈ ਹੈ।ਜਿਥੇ ਨਿਸ਼ਕਾਮ ਸੇਵਾ ਦੇ ਇੱਛੁਕ ਸੱਜਣ ਆਪਣੀ ਜਾਣਕਾਰੀ ਦੇ ਕੇ ਬ੍ਰਿਗੇਡ ਦਾ ਮੈਂਬਰ ਬਣ ਸਕਦੇ ਹਨ।