ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਅੱਤਵਾਦ ਦੇ ਖਿਲਾਫ਼ ਸੰਘਰਸ਼ ਨੂੰ ਲੈ ਕੇ ਕਿਹਾ ਕਿ ਅਸੀਂ ਭਵਿੱਖ ਵਿੱਚ ਕਿਸੇ ਹੋਰ ਦੇਸ਼ ਲਈ ਯੁੱਧ ਨਹੀਂ ਕਰਾਂਗੇ। ਰੱਖਿਆ ਦਿਵਸ ਦੇ ਸਮਾਗਮ ਵਿੱਚ ਇਮਰਾਨ ਖਾਨ ਨੇ ਕਿਹਾ ਕਿ ਉਹ ਸ਼ੁਰੂ ਤੋਂ ਹੀ ਜੰਗ ਦੇ ਖਿਲਾਫ਼ ਰਹੇ ਹਨ ਅਤੇ ਉਨ੍ਹਾਂ ਦੀ ਸਰਕਾਰ ਦੀ ਵਿਦੇਸ਼ ਨੀਤੀ ਦੇਸ਼ ਦੇ ਸਰਵਉਚ ਹਿੱਤ ਵਿੱਚ ਹੋਵੇਗੀ। ਇਸ ਦੌਰਾਨ ਉਥੇ ਪਾਕਿਸਤਾਨ ਦੇ ਕਈ ਸਾਂਸਦ, ਡਿਪਲੋਮੈਟਸ, ਖਿਡਾਰੀ ਅਤੇ ਕਲਾਕਾਰ ਮੌਜੂਦ ਸਨ।
ਵਰਨਣਯੋਗ ਹੈ ਕਿ ਪਾਕਿਸਤਾਨ ਤੇ ਅਮਰੀਕਾ ਵੱਲੋਂ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਆਪਣੇ ਦੇਸ਼ ਵਿੱਚ ਅੱਤਵਾਦ ਦੀਆਂ ਗਤੀਵਿਧੀਆਂ ਦੇ ਖਿਲਾਫ਼ ਕਾਰਵਾਈ ਕਰੇ। ਅੱਤਵਾਦ ਨਾਲ ਸੰਘਰਸ਼ ਦੌਰਾਨ ਗਈਆਂ ਜਾਨਾਂ ਨੂੰ ਲੈ ਕੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕਿਹਾ, ‘ਮੈਂ ਬਹੁਤ ਪਹਿਲਾਂ ਤੋਂ ਹੀ ਇਸ ਜੰਗ ਦੇ ਵਿਰੁੱਧ ਰਿਹਾ ਹਾਂ। ਭਵਿੱਖ ਵਿੱਚ ਅਸੀਂ ਕਿਸੇ ਵੀ ਦੂਸਰੇ ਦੇਸ਼ ਦੀ ਜੰਗ ਦਾ ਹਿੱਸਾ ਨਹੀਂ ਬਣਾਂਗੇ। ਸਾਡੀ ਵਿਦੇਸ਼ ਨੀਤੀ ਦੇਸ਼ ਦੇ ਸਰਵਉਚ ਹਿੱਤ ਵਿੱਚ ਹੋਵੇਗੀ।’ ਉਨ੍ਹਾਂ ਨੇ ਕਿਹਾ ਕਿ ਅਸੀਂ ਹਿਊਮਨ ਕੈਪੀਟਲ ਤੇ ਨਿਵੇਸ਼ ਕਰਨ ਦਾ ਕੰਮ ਕਰਾਂਗੇ। ਬੱਚਿਆਂ ਨੂੰ ਸਕੂਲ ਭੇਜਣ, ਹਸਪਤਾਲ ਤਿਆਰ ਕਰਨ ਅਤੇ ਮੈਰਿਟ ਸਿਸਟਮ ਬਣਾ ਕੇ ਸੱਭ ਨਾਲ ਸਮਾਨ ਵਿਵਹਾਰ ਕੀਤਾ ਜਾਵੇਗਾ। ਇਹ ਮਦੀਨਾ ਦੇ ਪਹਿਲੇ ਮੁਸਲਿਮ ਰਾਜ ਦੀ ਤਰਜ਼ ਤੇ ਕੀਤਾ ਜਾਵੇਗਾ।
ਪਾਕਿਸਤਾਨ ਦੀ ਸੈਨਾ ਦੇ ਆਰਮੀ ਚੀਫ ਜਨਰਲ਼ ਜਾਵੇਦ ਬਾਜਵਾ ਨੇ ਵੀ ਇਸ ਸਮਾਗਮ ਦੌਰਾਨ ਕਿਹਾ ਕਿ ਅਸਾਂ 1965 ਅਤੇ 1971 ਦੀਆਂ ਜੰਗਾਂ ਤੋਂ ਬਹੁਤ ਕੁਝ ਸਿੱਖਿਆ ਹੈ ਅਤੇ ਆਪਣੀ ਸੁਰੱਖਿਆ ਦੇ ਲਈ ਪ੍ਰਮਾਣੂੰ ਹੱਥਿਆਰਾਂ ਨੂੰ ਵਿਕਸਿਤ ਕੀਤਾ ਹੈ।